ਰੂਪਨਗਰ, 11 ਫਰਵਰੀ 2022
ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਸ਼ੁੱਕਰਵਾਰ ਨੂੰ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿੱਚ ਮਾਈਕਰੋ ਆਬਜ਼ਰਵਰਾਂ ਦੀ ਟ੍ਰੇਨਿੰਗ ਕਰਵਾਈ ਗਈ। ਇਸ ਮੌਕੇ ਟ੍ਰੇਨਿੰਗ ਸੈਸ਼ਨ ਦੀ ਅਗਵਾਈ ਕਰਦਿਆਂ ਜਰਨਲ ਆਬਜ਼ਰਵਰ ਸ਼੍ਰੀ ਪੰਧਾਰੀ ਯਾਦਵ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ-2022 ਲਈ ਡਿਊਟੀ ਉੱਤੇ ਤਾਇਨਾਤ ਮਾਈਕਰੋ ਆਬਜ਼ਰਵਰ ਚੋਣ ਪ੍ਰਕਿਰਿਆ ਨੂੰ ਸੁਚਾਰੂ ਰੂਪ ਵਿੱਚ ਕਰਵਾਉਣਾ ਯਕੀਨੀ ਬਣਾਉਣ ਅਤੇ ਰਿਪੋਰਟਿੰਗ ਨੂੰ ਨਿਰਧਾਰਿਤ ਸਮੇਂ ਵਿੱਚ ਲਾਜ਼ਮੀ ਤੌਰ ਤੇ ਕਰਨ।
ਹੋਰ ਪੜ੍ਹੋ :-ਵੋਟਾਂ ਪੈਣ ਤੋਂ 48 ਘੰਟੇ ਪਹਿਲਾਂ ਤੇ ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੀ ਵਿਕਰੀ ਤੇ ਰੋਕ : ਜ਼ਿਲ੍ਹਾ ਚੋਣ ਅਫ਼ਸਰ
ਉਨ੍ਹਾਂ ਕਿਹਾ ਕਿ ਕਈ ਥਾਵਾਂ ਉੱਤੇ 3 ਜਾਂ 4 ਪੋਲਿੰਗ ਬੂਥ ਹੋ ਸਕਦੇ ਹਨ ਇਸ ਲਈ ਮਾਈਕਰੋ ਆਬਜਰਵਰ ਸਬੰਧਿਤ ਸਟੇਸ਼ਨ ਦੇ ਸਾਰੇ ਬੂਥਾਂ ਦੀ ਕਾਰਗੁਜਾਰੀ ਨੂੰ ਦੇਖਣ ਅਤੇ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਚੋਣ ਪ੍ਰਕਿਰਿਆ ਨੂੰ ਕੋਵਿਡ ਨਿਯਮਾਂ ਅਧੀਨ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ ਜਿਸ ਲਈ ਪੋਲਿੰਗ ਬੂਥਾਂ ਉੱਤੇ ਡਿਊਟੀ ਨਿਭਾਉਣ ਵਾਲੇ ਸਾਰੇ ਅਧਿਕਾਰੀ ਅਤੇ ਮੁਲਾਜ਼ਮ ਇਨ੍ਹਾਂ ਨਿਯਮਾਂ ਦੀ ਪਾਲਣਾ ਜਰੂਰ ਕਰਨ।
ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਵਿੱਚ ਆਉਣ ਵਾਲੇ ਹਰ ਵੋਟਰ ਨੂੰ ਮਾਸਕ ਪਹਿਨਣਾ ਜਰੂਰੀ ਹੈ ਅਤੇ ਵੋਟਰ ਦੇ ਸੱਜੇ ਹੱਥ ਲਈ ਇੱਕ ਦਸਤਾਨਾ ਦਿੱਤਾ ਜਾਵੇਗਾ ਜਿਸ ਨਾਲ ਉਹ ਈ.ਵੀ.ਐਮ. ਉੱਤੇ ਬਟਨ ਦੱਬ ਕੇ ਵੋਟ ਪਾਵੇਗਾ ਅਤੇ ਖੱਬੇ ਹੱਥ ਦੀ ਉਂਗਲ ਉੱਤੇ ਵੋਟ ਪਾਉਣ ਦਾ ਨਿਸ਼ਾਨ ਲਗਾਇਆ ਜਾਵੇਗਾ।
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨ ਸ਼੍ਰੀਮਤੀ ਸੋਨਾਲੀ ਗਿਰਿ ਨੇ ਕਿਹਾ ਹੈ ਕਿ ਇਸ ਸਾਲ 80 ਸਾਲ ਦੀ ਉਮਰ ਤੋਂ ਵੱਧ ਬਜ਼ੁਰਗਾਂ ਅਤੇ ਦਵਿਆਂਗਜਨਾਂ ਲਈ ਪੋਸਟਲ ਬੈਲਟ ਪੇਪਰ ਦੀ ਸੁਵਿਧਾ ਮੁਹੱਇਆ ਕਰਵਾਈ ਜਾਵੇਗੀ ਜਿਸ ਦੌਰਾਨ ਮਾਈਕਰੋ ਆਬਜ਼ਰਵਰ ਘਰ-ਘਰ ਜਾ ਕੇ ਇਸ ਪ੍ਰਕਿਰਿਆ ਨੂੰ ਨਿਯਮਾਂ ਅਨੁਸਾਰ ਨੇਪੜੇ ਚਾੜਨਗੇ। ਇਸ ਸਾਰੀ ਪ੍ਰਕਿਰਿਆ ਦੀ ਵੀਡਿਓ ਗ੍ਰਾਫੀ ਵੀ ਕੀਤੀ ਜਾਵੇਗੀ ਅਤੇ ਸਬੰਧਿਤ ਪੀ.ਆਰ.ਓ ਵੋਟਰ ਦੀ ਸ਼ਨਾਖਤ ਕਰੇਗਾ।
ਮਾਸਟਰ ਟ੍ਰੇਨਰ ਸ਼੍ਰੀ ਰਜਿੰਦਰ ਸੈਣੀ ਨੇ ਮਾਈਕਰੋ ਆਬਜ਼ਰਵਰਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਕਿ ਆਪ ਸੱਭ ਦੀ ਕਾਰਗੁਜਾਰੀ ਜਰਨਲ ਆਬਜ਼ਰਵਰ ਅਧੀਨ ਹੋਵੇਗੀ ਅਤੇ ਉਨ੍ਹਾਂ ਵਲੋਂ ਰਿਪੋਟਿੰਗ ਵੀ ਜਰਨਲ ਆਬਜ਼ਰਵਰ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਹੈ ਕਿ ਚੋਣ ਵਾਲੇ ਦਿਨ ਹੀ ਉਨ੍ਹਾਂ ਦੀ ਡਿਊਟੀ ਸਬੰਧੀ ਦੱਸਿਆ ਜਾਵੇਗਾ।