ਕਰੋਨਾ ਮਹਾਮਾਰੀ ਵਿਰੁੱਧ ਮੁਹਿੰਮ ਤਹਿਤ 20 ਹਜ਼ਾਰ ਮਾਸਕ ਮੁਫਤ ਵੰਡੇ: ਡਿਪਟੀ ਕਮਿਸ਼ਨਰ

Mission Fateh

ਜ਼ਿਲ੍ਹੇ ਦੇ 15 ਗਰੁੱਪਾਂ ਵੱਲੋਂ ਬਣਾਏ ਜਾ ਰਹੇ ਹਨ 40 ਹਜ਼ਾਰ ਮਾਸਕ
ਬਰਨਾਲਾ, 5 ਅਕਤੂਬਰ
ਜ਼ਿਲ੍ਹਾ ਵਾਸੀਆਂ ਨੂੰ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਸੈਲਫ ਹੈਲਪ ਗਰੁੱਪਾਂ ਰਾਹੀਂ 40 ਹਜ਼ਾਰ ਮਾਸਕ ਬਣਵਾਏ ਜਾ ਰਹੇ ਹਨ। ਇਨ੍ਹ੍ਹਾਂ ਵਿਚੋਂ 20 ਹਜ਼ਾਰ ਮਾਸਕ ਲੋੜਵੰਦਾਂ ਨੂੰ ਮੁਫਤ ਵੰਡੇ ਜਾ ਚੁੱਕੇ ਹਨ ਤਾਂ ਜੋ ਜ਼ਿਲ੍ਹੇ ਵਿਚ ਕਰੋਨਾ ’ਤੇ ਮਿਸ਼ਨ ਫਤਿਹ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਕਰੋਨਾ ਮਹਾਮਾਰੀ ਤੋਂ ਬਚਾਉਣ ਅਤੇ ਸੈਲਫ ਹੈਲਪ ਗਰੁੱਪਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 40 ਹਜ਼ਾਰ ਮਾਸਕ ਬਣਾਉਣ ਦਾ ਟੀਚਾ ਰੱਖਿਆ ਗਿਆ। ਪਹਿਲੇ ਪੜਾਅ ਵਿਚ ਤਕਰੀਬਰਨ 20 ਹਜ਼ਾਰ ਮੁੜ ਵਰਤੋਂ ਵਾਲੇ ਮਾਸਕ ਵੱਖ ਵੱਖ ਸੈਲਫ ਹੈਲਪ ਗਰੁੱਪਾਂ ਵੱਲੋਂ ਬਣਾਏ ਜਾ ਚੁੱਕੇ ਹਨ, ਜਿਨ੍ਹਾਂ ਉਤੇ ਮਿਸ਼ਨ ਫਤਿਹ ਦੇ ਲੋਗੋ ਲਾਏ ਗਏ ਹਨ।  ਦੂਜੇ ਪੜਾਅ ਦੇ 20 ਹਜ਼ਾਰ ਮਾਸਕ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ। ਇਸ ਸੇਵਾ ਵਿੱਚ ਲਗਭਗ 15 ਸੈਲਫ ਹੈਲਪ ਗਰੁੱਪ ਜੁਟੇ ਹੋਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋੜਵੰਦ ਗਰੀਬ ਵਿਅਕਤੀਆਂ ਤੱਕ ਇਹ ਮਾਸਕ ਪੁੱਜਦੇ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੁਵਕ ਸੇਵਾਵਾਂ ਵਲੰਟੀਅਰਾਂ ਰਾਹੀਂ ਪਿਛਲੇ ਦਿਨੀਂ ਮੁਹਿੰਮ ਵਿੱਢੀ ਗਈ ਸੀ। ਜ਼ਿਲ੍ਹਾ ਬਰਨਾਲਾ ਦੇ ਹਰ ਸ਼ਹਿਰ ਅਤੇ ਪੇਂਡੂ ਖੇਤਰਾਂ ਵਿਚ ਵਲੰਟੀਅਰਾਂ ਦੀਆਂ ਟੀਮਾਂ ਵੱਲੋਂ ਮਾਸਕਾਂ ਦੀ ਵੰਡ ਕੀਤੀ ਗਈ ਹੈ। ਇਸ ਤੋਂ ਇਲਾਵਾ ਰੋਜ਼ਗਾਰ ਮੇਲੇ ਦੌਰਾਨ ਅਤੇ ਫੂਡ ਸਪਲਾਈ ਅਧਿਕਾਰੀਆਂ ਰਾਹੀਂ ਵੀ ਲੋੜਵੰਦਾਂ ਨੂੰ ਮਾਸਕਾਂ ਦੀ ਵੰਡ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸੈਂਕੜੇ ਸੈਲਫ ਹੈਲਪ ਗਰੁੱਪ ਕਰੋਨਾ ਮਹਾਮਾਰੀ ਵਿਰੁੁੱੱਧ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਇਸ ਤੋਂ ਪਹਿਲਾਂ ਵੀ ਸੈਲਫ ਹੈਲਪ ਗਰੁੱਪਾਂ ਵੱਲੋਂ ਮਾਸਕ, ਐਪਰਨ ਆਦਿ ਤਿਆਰ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਨ੍ਹਾਂ ਗਰੁੱਪਾਂ ਵੱਲੋਂ ਟ੍ਰੀ ਗਾਰਡ, ਕੱਪੜੇ ਦੇ ਥੈਲੇ ਅਤੇ ਕਾਗਜ਼ ਦੇ ਥੈੇਲੇ ਵੀ ਬਣਾਏ ਜਾ ਚੁੱਕੇ ਹਨ, ਜਿਸ ਨਾਲ ਇਹ ਗਰੁੱਪ ਜ਼ਿਲ੍ਹਾ ਪ੍ਰਸ਼ਾਸਨ ਦੇ ਉਸਾਰੂ ਉਪਰਾਲਿਆਂ ਵਿਚ ਯੋਗਦਾਨ ਪਾ ਰਹੇ ਹਨ।
ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ 15 ਗਰੁੱਪ ਮਾਸਕ ਬਣਾਉਣ ’ਚ ਜੁਟੇ ਹੋਏ ਹਨ, ਉਨ੍ਹਾਂ ਵਿਚ ਠੀਕਰੀਵਾਲਾ ਦਾ ਔਲਖ, ਮਾਤਾ ਗੰਗਾ ਜੀ, ਗੁਰੂ ਰਵੀਦਾਸ ਜੀ, ਬੀਬੀ ਭਾਨੀ ਜੀ, ਜੋਧਪੁਰ ਦੇ ਬਾਬਾ ਹਿੰਮਤ ਗਰੁੱਪ, ਬਾਬਾ ਵਿਸ਼ਵਕਰਮਾ ਜੀ, ਬਡਬਰ ਦਾ ਬਾਬਾ ਵਾਲਮੀਕਿ, ਬਾਬਾ ਅਤਰ ਸਿੰਘ, ਮਾਤਾ ਸਾਹਿਬ ਕੌਰ, ਮਾਤਾ ਗੁਜਰੀ ਜੀ, ਗੁਰੂ ਅਮਰਦਾਸ ਜੀ, ਮੌੜ ਨਾਭਾ ਦਾ ਭਗਤ ਰਵੀਦਾਸ ਜੀ, ਮਾਤਾ ਗੁਜਰੀ ਜੀ ਤੇ ਭੋਤਨਾ ਦਾ ਬੀਬੀ ਨਾਨਕੀ ਤੇ ਹੈਪੀ ਚੌਹਾਨ ਸੈਲਫ ਹੈਲਪ ਗਰੁੱਪ ਸ਼ਾਮਲ ਹਨ।
ਬਡਬਰ ਦੇ ਬਾਬਾ ਵਾਲਮੀਕਿ ਗਰੁੱੱਪ ਦੀ ਮੈਂਬਰ ਹਰਜਿੰਦਰ ਕੌਰ ਨੇ ਆਖਿਆ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਮਿਸ਼ਨ ਫਤਿਹ ਤਹਿਤ ਹਜ਼ਾਰਾਂ ਮਾਸਕ ਬਣਾਏ ਜਾ ਰਹੇ ਹਨ। ਇਸ ਉਪਰਾਲੇ ਨਾਲ ਜਿੱਥੇ ਉਹ ਕਰੋਨਾ ਮਹਾਮਾਰੀ ਵਿਰੁੱਧ ਪ੍ਰਸ਼ਾਸਨ ਦਾ ਸਹਿਯੋਗ ਦੇ ਰਹੇ ਹਨ, ਉਥੇ ਉਨ੍ਹਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।

Spread the love