ਪਿੰਡਾਂ ਦੇ ਬਹੁਪੱਖੀ ਵਿਕਾਸ ਨੂੰ ਦਿੱਤੀ ਜਾਵੇ ਵਿਸ਼ੇਸ਼ ਤਰਜੀਹ
ਬਲੂਆਣਾ, ਫਾਜ਼ਿਲਕਾ, 2 ਮਈ 2022
ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਬੀ.ਡੀ.ਪੀ.ਓ ਬਲਾਕ ਅਬੋਹਰ ਵਿਖੇ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਸਰਪੰਚਾ, ਪੰਚਾਇਤ ਸਕੱਤਰਾਂ, ਗ੍ਰਾਮ ਰੋਜਗਾਰ ਸੇਵਕਾਂ ਆਦਿ ਮਗਨਰੇਗਾ ਕਰਮਚਾਰੀਆਂ ਨਾਲ ਮੀਟਿੰਗ ਕੀਤੀ।ਉਨ੍ਹਾਂ ਹਾਜਰੀਨ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿਚ ਕੋਈ ਮੁਸ਼ਕਲ ਪੇਸ਼ ਨਾ ਆਉਣ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਪਿੰਡਾਂ ਦੇ ਬਹੁਪੱਖੀ ਵਿਕਾਸ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ।
ਹੋਰ ਪੜ੍ਹੋ :-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵੱਲੋ ਚਿਲਡਰਨ ਹੋਮ ਦਾ ਦੌਰਾ
ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਕਰਨ ਵਿਚ ਵਿਸ਼ੇਸ਼ ਤਵਜੋਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਪਿੰਡਾਂ ਵਿਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣ ਤਾਂ ਜ਼ੋ ਕੋਈ ਵੀ ਪਿੰਡ ਮੁਢਲੀਆਂ ਸੁਵਿਧਾਵਾਂ ਤੋਂ ਵਾਂਝਾ ਨਾ ਰਹੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਤੈਅ ਸਮੇਂ ਅੰਦਰ ਪੂਰਾ ਕਰਨ `ਚ ਕੋਈ ਢਿਲ ਨਾ ਵਰਤੀ ਜਾਵੇ।
ਬਲੂਆਣਾ ਵਿਧਾਇਕ ਸ੍ਰੀ ਅਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਮਗਨਰੇਗਾ ਸਕੀਮ ਤਹਿਤ ਵਸਨੀਕਾਂ ਨੂੰ ਵੱਧ ਤੋਂ ਵੱਧ ਕੰਮ ਦੇ ਕੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ ਤਾਂ ਜ਼ੋ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਪੈਦਾ ਹੋਣ ਤੇ ਆਮਦਨ ਦਾ ਸਾਧਨ ਬਣ ਸਕੇ।ਇਸ ਮੌਕੇ ਉਨ੍ਹਾਂ ਮੀਟਿੰਗ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਬੋਹਰ ਸ੍ਰੀ ਅੰਤਰਪ੍ਰੀਤ, ਸਰਪੰਚ ਸਾਹਿਬਾਨ, ਪੰਚਾਇਤ ਸਕੱਤਰ, ਮਗਨਰੇਗਾ ਸਟਾਫ, ਗ੍ਰਾਮ ਰੋਜ਼ਗਾਰ ਸੇਵਕ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।