– ਪਿਛਲੀ ਸਰਕਾਰ ‘ਤੇ ਵਰ੍ਹਦਿਆਂ ਕਿਹਾ! ਬੀਤੇ ਪੰਜਾਂ ਸਾਲਾਂ ‘ਚ ਇਲਾਕੇ ਦੀ ਨਹੀ ਲਈ ਸਾਰ
– ਪ੍ਰੋਜੈਕਟ ਨੂੰ ਜਲਦ ਮੁਕੰਮਲ ਕਰਨ ਦਾ ਵੀ ਦਿੱਤਾ ਭਰੋਸਾ
ਲੁਧਿਆਣਾ, 21 ਜੂਨ (000) – ਹਲਕਾ ਲੁਧਿਆਣਾ ਪੂਰਬੀ ਤੋਂ ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਅੱਜ ਹਲਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਪੁਰੀ ਕਰਦਿਆਂ ਸਥਾਨਕ ਚੰਡੀਗੜ੍ਹ ਰੋਡ ‘ਤੇ 1.87 ਕਰੋੜ ਰੁਪਏ ਦੀ ਲਾਗਤ ਵਾਲੇ ਸੜ੍ਹਕੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਸੜ੍ਹਕ ਦੇ ਨਿਰਮਾਣ ਨਾਲ ਲੱਖਾਂ ਰਾਹਗੀਰਾਂ, ਖਾਸ ਕਰਕੇ ਸੈਕਟਰ 32 ਅਤੇ 33 ਦੇ ਵਸਨੀਕਾਂ ਨੂੰ ਲਾਭ ਮਿਲੇਗਾ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਇਸ ਟੁੱਟੀ ਭੱਜੀ ਸੜ੍ਹਕ ‘ਤੇ ਠੋਕਰਾਂ ਖਾ-ਖਾ ਆਪਣਾ ਪੈਂਡਾ ਤੈਅ ਕਰਦੇ ਆ ਰਹੇ ਹਨ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਵਿਧਾਇਕ ਭੋਲਾ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇਸ ਰਸਤੇ ਆਵਾਜਾਈ ਕਰਨ ਵਾਲੇ ਲੱਖਾਂ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਸ. ਭੋਲਾ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋ ਇਲਾਕਾ ਨਿਵਾਸੀਆਂ ਤੋਂ ਪਾਸਾ ਵੱਟਣ ਕਰਕੇ ਇਹ ਪ੍ਰਾਜੈਕਟ ਕਰੀਬ ਪੰਜ ਸਾਲਾਂ ਤੋਂ ਲਟਕਿਆ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਹੁਣ ਇਸ ਪ੍ਰਾਜੈਕਟ ਦੇ ਸੋਧੇ ਹੋਏ ਐਸਟੀਮੇਟ ਨੂੰ ਅੰਤਿਮ ਰੂਪ ਦੇ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਵਿਧਾਇਕ ਗਰੇਵਾਲ ਨੇ ਕਿਹਾ ਕਿ ਪਹਿਲਾਂ ਇਸ ਸੜਕ ‘ਤੇ ਨਾਲੀਆਂ ਦਾ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਇਸ ਸੜ੍ਹਕ ਦੀ ਹਾਲਤ ਖਸਤਾ ਹੋ ਜਾਂਦੀ ਸੀ, ਪਰ ਸੋਧੇ ਹੋਏ ਐਸਟੀਮੇਟ ਵਿਚ ਸਮੁੱਚੇ ਪ੍ਰੋਜੈਕਟ ਵਿਚ ਨਾਲੀਆਂ ਦਾ ਪ੍ਰਬੰਧ ਜੋੜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸੜ੍ਹਕ ਦੇ ਨਾਲ-ਨਾਲ ਨਵੀਆਂ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ 20 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ, ਜਿਸ ਤੋਂ ਬਾਅਦ ਸੜ੍ਹਕ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੈਕਟਰ 32 ਅਤੇ 33 ਦੇ ਲੋਕ ਲੰਮੇ ਸਮੇਂ ਤੋਂ ਇਸ ਸੜ੍ਹਕ ਦੀ ਮੰਗ ਕਰ ਰਹੇ ਸਨ ਪਰ ਪਿਛਲੀ ਸਰਕਾਰ ਵੱਲੋਂ ਅਣਗੋਲਿਆ ਕੀਤਾ ਗਿਆ ਅਤੇ ਹੁਣ ਇਹ ਪ੍ਰਾਜੈਕਟ ਜਲਦ ਤੋਂ ਜਲਦ ਮੁਕੰਮਲ ਕਰ ਦਿੱਤਾ ਜਾਵੇਗਾ। ਵਿਧਾਇਕ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਦੀ ਗੁਣਵੱਤਾ ਅਤੇ ਰਫ਼ਤਾਰ ਨੂੰ ਪਹਿਲ ਦੇਣ ਦੀ ਹਦਾਇਤ ਕਰਦਿਆਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।