ਪੌਦਿਆਂ ਦੀ ਸੁਚੱਜੀ ਸਾਂਭ-ਸੰਭਾਲ ਦਾ ਦਿੱਤਾ ਸੱਦਾ
ਲੁਧਿਆਣਾ, 04 ਜੂਨ :- ਭਲਕੇ 05 ਜੂਨ, 2022 ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ, ਵਿਧਾਇਕ ਸ. ਦਲਜੀਤ ਸਿੰਘ ਗਰੇਵਾਲ (ਭੋਲਾ) ਵੱਲੋਂ ਹਲਕਾ ਲੁਧਿਆਣਾ ਪੂਰਬੀ ਵਿੱਚ ਪੈਂਦੇ ਐਮ.ਆਈ.ਜੀ. ਫਲੈਟ ਪਾਰਕ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਮੁਹਿੰਮ ਦੀ ਸ਼ੁਰੂਆਤ ਕਰਦਿਆਂ ਵਿਧਾਇਕ ਭੋਲਾ ਨੇ ਜ਼ਿਲ੍ਹੇ ਵਿਚ ਹਰਿਆਵਲ ਨੂੰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਸ਼ੱਕ 100 ਪੌਦਿਆਂ ਦੀ ਥਾਂ 10 ਬੂਟੇ ਹੀ ਲਗਾਏ ਜਾਣ ਪਰ ਉਨ੍ਹਾਂ ਦੀ ਸਾਂਭ-ਸੰਭਾਲ ਸੁਚੱਜੇ ਢੰਗ ਨਾਲ ਕੀਤੀ ਜਾਵੇ।
ਉਨ੍ਹਾਂ ਅੱਗੇ ਕਿਹਾ ਕਿ ਇਹ ਪੌਦੇ ਲਗਾਉਣ ਦੀ ਮੁਹਿੰਮ ਸਭ ਤੋਂ ਉੱਤਮ ਤੋਹਫ਼ਾ ਹੈ ਜੋ ਅਸੀਂ ਕੁਦਰਤ ਨੂੰ ਦੇ ਸਕਦੇ ਹਾਂ ਅਤੇ ਸਾਡੇ ਮਹਾਨ ਗੁਰੂਆਂ ਪ੍ਰਤੀ ਵੀ ਸੱਚੀ ਸ਼ਰਧਾਂਜਲੀ ਹੈ।
ਉਨ੍ਹਾਂ ਲੋਕਾਂ ਨੂੰ ਆਉਣ ਵਾਲੀ ਪੀੜ੍ਹੀ ਦੇ ਹਿੱਤ ਲਈ ਰੁੱਖ ਲਗਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਲੋਕ ਜ਼ਿਲ੍ਹੇ ਵਿਚ ਹਰੇ ਭਰੇ ਕਵਰ ਨੂੰ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸਹੀ ਸੰਭਾਲ ਕਰਨ ਲਈ ਅੱਗੇ ਆਉਣ।
ਉਨ੍ਹਾਂ ਅੱਗੇ ਕਿਹਾ ਕਿ ਹਰ ਇੱਕ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਅਗਲੀਆਂ ਪੀੜ੍ਹੀਆਂ ਨੂੰ ਬੂਟੇ ਲਗਾ ਕੇ ਵਧੀਆ ਭਵਿੱਖ ਦੇਣ ਲਈ ਵਾਤਾਵਰਣ ਦੀ ਰੱਖਿਆ ਕਰੇ।
ਉਨ੍ਹਾਂ ਕਿਹਾ ਕਿ ਰੁੱਖ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਅਤੇ ਵਾਤਾਵਰਣ ਵਿੱਚ ਸੁਧਾਰ ਲਿਆ ਕੇ ਅਹਿਮ ਭੂਮਿਕਾ ਅਦਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਵਧੇਰੇ ਮਹੱਤਵਪੂਰਣ ਹਨ ਕਿਉਂਕਿ ਹਰਿਆਵਲ ਦਾ ਘਟਣਾਂ ਹਰ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਇਹ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਵੀ ਹੈ।
ਇਸ ਮੌਕੇ ਕਰਮਜੀਤ ਭੋਲਾ, ਲਖਵਿੰਦਰ ਲੱਖਾ, ਮਨਜੀਤ ਸਿੰਘ, ਮਹਾਂਵੀਰ, ਚਰਨਜੀਤ ਰੰਧਾਵਾ, ਰਾਧਾ ਰਾਣੀ, ਜਸਪ੍ਰੀਤ ਮਿੱਟੂ, ਪਲਵਿੰਦਰ ਗਿੰਦਰਾ, ਗੁਰਨਾਮ ਸਿੰਘ ਰੰਧਾਵਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।