ਨਿਗਮ ਅਧਿਕਾਰੀਆਂ ਦੀ ਮੌਜੂਦਗੀ ‘ ਚ 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਲੁਧਿਆਣਾ , 1 ਅਗਸਤ ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਹਲਕੇ ਅਧੀਨ ਪੈਂਦੇ ਵੱਖ – ਵੱਖ ਇਲਾਕਿਆਂ ‘ ਚ ਕੰਪੈਕਟਰਾਂ ਨੂੰ ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ । ਉਨ੍ਹਾਂ ਅੱਜ ਨਗਰ ਨਿਗਮ ਕਮਿਸ਼ਨਰ ਮੈਡਮ ਸ਼ੇਨਾ ਅਗਰਵਾਲ , ਜੁਆਇੰਟ ਕਮਿਸ਼ਨਰ ਮੈਡਮ ਪੂਨਮਪ੍ਰੀਤ ਕੌਰ , ਜੁਆਇੰਟ ਕਮਿਸ਼ਨਰ ਜੋਨ – ਬੀ ਮੈਡਮ ਸੋਨਮ ਚੌਧਰੀ ਅਤੇ ਨੋਡਲ ਅਫਸਰ ਅਸ਼ਵਨੀ ਸਹੋਤਾ ਦੀ ਮੌਜੂਦਗੀ ‘ ਚ ਪਹਿਲਾ ਕੰਪੈਕਟਰ ਲਗਾਉਣ ਵਾਲੀ ਜਗ੍ਹਾ ਵਾਰਡ ਨੰ : 22 ਅਧੀਨ ਪੈਂਦੇ 100 ਫੁੱਟਾ ਰੋਡ , ਸ਼ੇਰਪੁਰ ਵਿਖੇ ਉਦਘਾਟਨ ਕੀਤਾ ਅਤੇ ਇਸ ਮੌਕੇ ਤੇ ਹਲਕਾ ਦੱਖਣੀ ਦੇ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਕੂੜਾ ਕਰਕਟ ਚੁੱਕਣ ਲਈ 20 ਈ – ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਇਸ ਮੌਕੇ ਤੇ ਬੀਬੀ ਛੀਨਾ ਨੇ ਕਿਹਾ ਕਿ ਇਨ੍ਹਾਂ ਈ – ਰਿਕਸ਼ਿਆਂ ਰਾਹੀਂ ਲੋਕਾਂ ਦੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਚੁੱਕ ਕੇ ਲਿਜਾਇਆ ਜਾਵੇਗਾ ਅਤੇ ਕੰਪੈਕਟਰ ਵਾਲੀ ਥਾਂ ਤੇ ਪਹੁੰਚਾਇਆ ਜਾਵੇਗਾ । ਉਨ੍ਹਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ – ਵੱਖ ਡਸ਼ਟਬਿੰਨਾ ਵਿੱਚ ਰੱਖਣ ਤਾਂ ਜੋ ਘਰਾਂ ‘ ਚ ਗੰਦਗੀ ਨਾ ਫੈਲੇ ਅਤੇ ਲੋਕ ਕਿਸੇ ਵੀ ਗੰਭੀਰ ਬਿਮਾਰੀ ਦੀ ਲਪੇਟ ‘ ਚ ਨਾ ਆ ਸਕਣ । ਇਸ ਮੌਕੇ ਤੇ ਉਨ੍ਹਾਂ ਸਫਾਈ ਕਰਮਚਾਰੀਆਂ ਨੂੰ ਕਿਹਾ ਕਿ ਜਿੱਥੇ – ਜਿੱਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਂਦੀ ਹੈ ਉਹ ਪੂਰੀ ਲਗਨ , ਮਿਹਨਤ ਅਤੇ ਈਮਾਨਦਾਰੀ ਨਾਲ ਆਪਣਾ ਫਰਜ਼ ਅਦਾ ਕਰਨ । ਬੀਬੀ ਛੀਨਾ ਨੇ ਕਿਹਾ ਕਿ ਜਲਦ ਹੀ ਹੋਰ ਕੰਪੈਕਟਰ ਲਾਉਣ ਵਾਲੀਆਂ ਥਾਵਾਂ ਦੀ ਭਾਲ ਕਰਕੇ ਉੱਥੇ ਵੀ ਕੰਪੈਕਟਰ ਲਗਾ ਦਿੱਤੇ ਜਾਣਗੇ ਤਾਂ ਕਿ ਹਲਕਾ ਦੱਖਣੀ ਦੀ ਸਫ਼ਾਈ ਵਿਵਸਥਾ ਠੀਕ ਰਹੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਦੀ ਦਸ਼ਾ ਸੁਧਾਰਨ ਲਈ ਵੱਡੇ – ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਅਮਲੀਜਾਮਾ ਵੀ ਪਹਿਨਾਇਆ ਜਾ ਰਿਹਾ ਹੈ ।ਇਸ ਮੌਕੇ ਤੇ ਹਰਪ੍ਰੀਤ ਸਿੰਘ ਪੀ . ਏ , ਪ੍ਰਮਿੰਦਰ ਸਿੰਘ ਸੌਂਦ , ਬਲਬੀਰ ਚੌਧਰੀ ਗੁੱਜਰ , ਅਜੇ ਮਿੱਤਲ , ਕੁਲਵੰਤ ਸਿੰਘ , ਡੀ . ਸੀ ਗਰਗ ਤੋਂ ਇਲਾਵਾ ਬੀ . ਐਂਡ . ਆਰ ਅਤੇ ਹਾਰਟੀਕਲਚਰ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ ।
ਕੈਪਸ਼ਨ : ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ 20 ਈ ਰਿਕਸ਼ਿਆਂ ਨੂੰ ਹਰੀ ਝੰਡੀ ਦਿੰਦੇ ਹੋਏ । ਉਨ੍ਹਾਂ ਨਾਲ ਦਿਖਾਈ ਦੇ ਰਹੇ ਹਨ ਮੈਡਮ ਸ਼ੇਨਾ ਅਗਰਵਾਲ , ਮੈਡਮ ਪੂਨਮਪ੍ਰੀਤ ਕੌਰ , ਮੈਡਮ ਸੋਨਮ ਚੌਧਰੀ , ਅਸ਼ਵਨੀ ਸਹੋਤਾ ਅਤੇ ਹੋਰ ।