ਖੁਰਾਕ ਅਤੇ ਸਪਲਾਈਜ਼ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ
ਜਗਰਾਓਂ (ਲੁਧਿਆਣਾ), ਸਤੰਬਰ 12:-
ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਵੇਖਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਖੁਰਾਕ ਅਤੇ ਸਪਲਾਈਜ਼ ਦਫਤਰ ਜਗਰਾਉਂ ਵਿਖੇ ਸਰਕਾਰੀ ਅਧਿਕਾਰੀਆਂ ਅਤੇ ਹਲਕੇ ਦੇ ਰਾਈਸ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਸੈਲਰਾਂ ਸਬੰਧੀ ਸਮੱਸਿਆਵਾਂ ਸੁਣੀਆਂ ਗਈਆਂ। ਸਾਲ 2022-23 ਦੌਰਾਨ ਝੋਨੇ ਦੇ ਸੀਜ਼ਨ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਅਤੇ ਪੰਜਾਬ ਸਰਕਾਰ ਦੀ ਕਸਟਮ ਮਿਲਿੰਗ ਪਾਲਿਸੀ ਸਾਲ 2022-23 ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਖੁਰਾਕ ਅਤੇ ਸਪਲਾਈਜ਼ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਮੀਟਿੰਗ ਵਿੱਚ ਪਾਲਿਸੀ ਦੀ ਧਾਰਾ, ਜਿਸ ਅਨੁਸਾਰ ਇੱਕ ਆੜਤੀਏ ਦੀ ਦੁਕਾਨ ਦਾ ਝੋਨਾ ਉਸੇ ਵੱਲੋਂ ਚਲਾਈ ਜਾ ਰਹੀ ਰਾਈਸ ਮਿੱਲ ਵਿੱਚ ਨਾ ਭੰਡਾਰ ਕਰਨ ਬਾਰੇ ਹਦਾਇਤਾਂ ਹਨ, ਉਪਰ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕੁੱਝ ਸਮੱਸਿਆਵਾਂ ਦਾ ਮੌਕੇ ਉਪਰ ਹੀ ਨਿਪਟਾਰਾ ਕੀਤਾ ਗਿਆ ਅਤੇ ਬਾਕੀ ਦੇ ਜ਼ਲਦੀ ਹੱਲ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਕਿਸਾਨਾਂ, ਆੜਤੀਆਂ ਅਤੇ ਸੈਲਰ ਮਾਲਕਾਂ ਨੂੰ ਆਉਣ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪੈਰ੍ਹਵਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ, ਆੜਤੀਆਂ ਅਤੇ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਪੁਖਤਾ ਪ੍ਰਬੰਧ ਕਰਨ ਦੀਆਂ ਹਦਾਇਤਾ ਜਾਰੀ ਕੀਤੀਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਮੰਡੀਆਂ ਤੋਂ ਸੈਲਰਾਂ ਵਿੱਚ ਜਾਣ ਵਾਲੇ ਝੋਨੇ ਵਿੱਚ ਪਾਰਦਰਸ਼ਾ ਲਿਆਉਣ ਲਈ ਟਰੱਕਾਂ ਉਪਰ ਜੀ.ਪੀ.ਐਸ. ਸਿਸਟਮ ਵੀ ਲਗਾਇਆ ਜਾਵੇਗਾ, ਤਾਂ ਜੋ ਕਿਸਾਨਾਂ, ਆੜਤੀਆਂ, ਸੈਲਰ ਮਾਲਕਾਂ ਅਤੇ ਟਰੱਕ ਮਾਲਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਹਨਾਂ ਆਖਿਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਹਨ ਅਤੇ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਡੀ.ਐਫ.ਐਸ.ਓ.ਮੈਡਮ ਮਿਨਾਕਸ਼ੀ, ਡੀ.ਐਫ.ਐਸ.ਓ. ਜਸਵਿੰਦਰ ਸਿੰਘ, ਏ.ਐਫ.ਐਸ.ਓ.ਜਸਪਾਲ ਸਿੰਘ ਜੌਹਲ, ਰਾਈਸ ਮਿੱਲਰ ਐਸੋਸੀ਼ਏਸ਼ਨ ਵੱਲੋਂ ਹਰੀ ਓਮ ਮਿੱਤਲ, ਅੰਕੁਰ ਗੁਪਤਾ, ਰਾਜੇਸ਼ ਬਾਂਸਲ, ਭੂਸ਼ਨ ਗੋਇਲ ਆਦਿ ਵੀ ਹਾਜ਼ਰ ਸਨ।