ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ

ਮਰੀਜਾਂ ਦਾ ਹਾਲਚਾਲ ਪੁੱਛਿਆ ਅਤੇ ਡਾਕਟਰਾਂ ਨੁੰ ਮਰੀਜਾਂ ਦਾ ਇਲਾਜ ਸਮਰਪਿਤ ਭਾਵਨਾ ਨਾਲ ਕਰਨ ਨੂੰ ਕਿਹਾ

ਫਿਰੋਜ਼ਪੁਰ, 2 ਦਸੰਬਰ 2022 :-  

          ਸ. ਰਣਬੀਰ ਸਿੰਘ ਭੁੱਲਰ ਵਿਧਾਇਕ ਫਿਰੋਜਪੁਰ ਸ਼ਹਿਰੀ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਮਰੀਜਾਂ ਤੋਂ ਇਲਾਜ ਸਬੰਧੀ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਉਨ੍ਹਾਂ ਦਾ ਹਾਲ ਜਾਨਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੈਡੀਕਲ ਅਫ਼ਸਰ ਡਾ. ਵਨੀਤਾ ਭੁੱਲਰ ਤੇ ਹੋਰ ਸਟਾਫ ਹਾਜ਼ਰ ਸੀ।

          ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਵੱਲੋਂ ਸਿਵਲ ਹਸਪਤਾਲ ਦੀ ਐਮਰਜੰਸੀ ਵਾਰਡ, ਟਰੋਮਾ ਵਾਰਡ, ਜੱਚਾ-ਬੱਚਾ ਵਾਰਡ ਅਤੇ ਓਪੀਡੀ ਆਦਿ ਦਾ ਦੌਰਾ ਕੀਤਾ ਗਿਆ। ਉਨ੍ਹਾਂ ਸਮੂਹ ਡਾਕਟਰਾਂ ਨੂੰ ਕਿਹਾ ਕਿ ਉਹ ਪੂਰੀ ਸੇਵਾ ਭਾਵਨਾ ਨਾਲ ਮਰੀਜਾਂ ਦਾ ਇਲਾਜ ਕਰਨ ਤਾਂ ਜੋ ਉਨ੍ਹਾਂ ਨੂੰ ਇਲਾਜ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਐਸ.ਐਮ.ਓ. ਨੂੰ ਹਦਾਇਤ ਕੀਤੀ ਕਿ ਐਕਸਰੇ ਮਸ਼ੀਨ ਵਿੱਚ ਵਾਰ-ਵਾਰ ਆਉਂਦੀ ਤਕਨੀਕੀ ਖਰਾਬੀ ਨੂੰ ਦੂਰ ਕੀਤਾ ਜਾਵੇ ਤਾਂ ਜੋ ਐਕਸਰੇ ਕਰਵਾਉਣ ਵਾਲੇ ਮਰੀਜਾਂ ਨੂੰ ਵਾਰ -ਵਾਰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

          ਉਨ੍ਹਾਂ ਕਿਹਾ ਕਿ ਉਹ ਹਸਪਤਾਲ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ ਸਬੰਧੀ ਸਿਹਤ ਮੰਤਰੀ ਨਾਲ ਗੱਲਬਾਤ ਕਰਨਗੇ ਤਾਂ ਜੋ ਜ਼ਿਲ੍ਹਾ ਹਸਪਤਾਲ ਵਿੱਚ ਲੋਕਾਂ ਨੂੰ ਇਲਾਜ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਡੋਪ ਟੈਸਟ ਵਿੱਚ ਹੋ ਰਹੀ ਦੇਰੀ ਸਬੰਧੀ ਲੋਕਾਂ ਨੇ ਐਮ.ਐਲ.ਏ. ਨਾਲ ਗੱਲਬਾਤ ਕੀਤੀ ਜਿਸ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਸਲਾ ਰਿਨੀਊ ਕਰਵਾਉਣ ਲਈ ਡੋਪ ਟੈਸਟ ਦੀ ਸ਼ਰਤ ਨੂੰ ਜਲਦੀ ਹੀ ਖ਼ਤਮ ਕੀਤਾ ਜਾ ਰਿਹਾ ਹੈ ਜਦਕਿ ਡੋਪ ਟੈਸਟ ਸਿਰਫ ਨਵੇਂ ਬਨਣ ਵਾਲੇ ਲਾਇਸੰਸ ‘ਤੇ ਲਾਗੂ ਹੋਵੇਗਾ। ਇਸ ਸਬੰਧੀ ਸਰਕਾਰ ਵੱਲੋਂ ਜਲਦੀ ਹੀ ਐਲਾਨ ਕੀਤਾ ਜਾਵੇਗਾ।

          ਇਸ ਮੌਕੇ ਸ੍ਰੀ ਰਾਜ ਬਹਾਦੁਰ ਸਿੰਘ, ਸ੍ਰੀ ਨੇਕ ਪ੍ਰਤਾਪ ਸਿੰਘ, ਹਿਮਾਂਸ਼ੂ ਠੱਕਰ ਤੋਂ ਇਲਾਵਾ ਸਿਵਲ ਹਸਪਤਾਲ ਦਾ ਸਟਾਫ ਵੀ ਹਾਜ਼ਰ ਸੀ।

 

ਹੋਰ ਪੜ੍ਹੋ :- ਪੰਜਾਬ ਦੇ ਸਿੱਖਿਆ ਢਾਂਚੇ ਦੀ ਪੁਨਰ ਉਸਾਰੀ ਲਈ ਸਰਕਾਰਾਂ ਦਾ ਯੋਗਦਾਨ ਪਹਿਲਾਂ ਤੋਂ ਵੀ ਘੱਟ- ਡਾਃ  ਸ ਪ ਸਿੰਘ