ਲੁਧਿਆਣਾ, 23 ਨਵੰਬਰ 2021
ਪੰਜਾਬ ਗੁਰੂ ਸਾਹਿਬਾਨਾਂ, ਸੰਤਾਂ ਤੇ ਪੀਰਾਂ-ਫਕੀਰਾਂ ਦੀ ਧਰਤੀ ਹੈ। ਇਸ ਧਰਤੀ ‘ਤੇ ਕੁੱਝ ਅਜਿਹੇ ਸ਼ੰਤ-ਮਹਾਂਪੁਰਖ ਵੀ ਹੋਏ ਹਨ ਜੋ ਇਤਿਹਾਸ ਵਿੱਚ ਇੱਕ ਨਵੇਂ ਅਧਿਆਏ ਵਜੋਂ ਜੁੜਨ ਦੀ ਸਮਰੱਥਾ ਰਖਦੇ ਹਨ ਅਤੇ ਆਪਣੇ ਖੇਤਰ ਦੀਆਂ ਪ੍ਰਾਪਤੀਆਂ ਸਦਕਾ ਕੌਮ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਜਾਂਦੇ ਹਨ।
ਹੋਰ ਪੜ੍ਹੋ :-ਰੋਜ਼ਗਾਰ ਬਿਊਰੋ ਦੇ ਯਤਨਾਂ ਸਦਕਾ ਦਿਲਪ੍ਰੀਤ ਸਿੰਘ ਨੂੰ ਮਿਲੀ ਆਈ.ਸੀ.ਆਈ.ਸੀ.ਆਈ. ਬੈਂਕ ’ਚ ਨੌਕਰੀ
ਅਜਿਹੇ ਹੀ ਨਾਮਵਰ ਅਦੁੱਤੀ ਸ਼ਖਸੀਅਤ ਦੇ ਮਾਲਕ ਪਰਉਪਕਾਰੀ ਮਹਾਂਪੁਰਸ਼ ਸਨ ਬਾਬਾ ਜਸਵੰਤ ਸਿੰਘ ਜੀ ਗੁਰਦੁਆਰਾ ਪਾਤਸ਼ਾਹੀ ਪਹਿਲੀ ਸਮਰਾਲਾ ਚੌਂਕ ਲੁਧਿਆਣਾ ਵਾਲੇ। ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਨੂੰ ਮੁੱਖ ਰਖਦਿਆਂ ਅੱਜ ਹਲਕਾ ਲੁਧਿਆਣਾ (ਪੂਰਬੀ) ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਬਾਬਾ ਜਸਵੰਤ ਸਿੰਘ ਜੀ ਚੌਂਕ (ਨੇੜੇ ਵਰਧਮਾਨ ਮਿਲ) ਦੇ ਨੀਹ ਪੱਥਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਬਾਬਾ ਜੀ ਵੱਲੋਂ ਚਾਲੂ ਕੀਤੀਆਂ ਸੰਸਥਾਵਾਂ ਦਾ ਸਮਾਜ ਅਤੇ ਸ਼ਹਿਰ ਲਈ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਭਰਪੂਰ ਸ਼ਲਾਘਾ ਕੀਤੀ।
ਭਾਈ ਅਨਹਦਰਾਜ ਸਿੰਘ ਮੁੱਖ ਸੇਵਾਦਾਰ, ਗੁਰਦੁਆਰਾ ਨਾਨਕਸਰ ਅਤੇ ਚੇਅਰਮੈਨ ਗੁਰੂ ਅਮਰਦਾਸ ਹਸਪਤਾਲ ਤੇ ਬੀ.ਜੇ.ਐਸ. ਡੈਂਟਲ ਕਾਲਜ ਨੇ ਲੁਧਿਆਣਾ ਸ਼ਹਿਰ ਦੇ ਮਾਨਯੋਗ ਮੇਅਰ ਸ. ਬਲਕਾਰ ਸਿੰਘ ਸੰਧੂ ਅਤੇ ਸਮਾਰੋਹ ਵਿੱਚ ਹਾਜ਼ਰ ਮਾਨਯੋਗ ਐਮ.ਐਲ.ਏ. ਪੂਰਬੀ ਸ੍ਰੀ ਸੰਜੇ ਤਲਵਾੜ ਤੇ ਇਲਾਕੇ ਦੇ ਕੌਂਸਲਰਾਂ ਦਾ ਧੰਨਵਾਦ ਕੀਤਾ।
ਉਨ੍ਹਾਂ ਹਾਜ਼ਰ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੇਵਾ ਸਿਮਰਨ ਦੇ ਪੁੰਜ ਤੇ ਪਰਉਪਕਾਰੀ ਸੰਤ ਬਾਬਾ ਜਸਵੰਤ ਸਿੰਘ ਜੀ ਵੱਲੋਂ ਉੱਤਰੀ ਭਾਰਤ ਵਿੱਚ ਪਹਿਲਾ ਵੱਡਾ ਬੀ.ਜੇ.ਐਸ. ਡੈਂਟਲ ਕਾਲਜ ਅਤੇ ਹਸਪਤਾਲ ਦਾ ਸੈਕਟਰ 40, ਮੋਤੀ ਨਗਰ, ਲੁਧਿਆਣਾ ਵਿਖੇ ਨਿਰਮਾਣ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਲਜ ਨੂੰ ਚੱਲਦਿਆਂ 23 ਸਾਲ ਹੋ ਗਏ ਹਨ ਅਤੇ ਹਰ ਸਾਲ 100 ਡਾਕਟਰ ਤਿਆਰ ਹੋ ਕੇ ਸਮਾਜ ਅਤੇ ਦੇਸ਼ ਦੇ ਲੋਕਾਂ ਲਈ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਸੰਤ ਬਾਬਾ ਜਸਵੰਤ ਸਿੰਘ ਟ੍ਰਸੱਟ ਵੱਲੋਂ ਲੁਧਿਆਣਾ-ਚੰਡੀਗੜ੍ਹ ਹਾਈਵੇ ‘ਤੇ ਸੈਕਟਰ 32 ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ‘ਤੇ 500 ਬਿਸਤਰਿਆਂ ਦੇ ਹਸਪਤਾਲ ਦੀ ਉਸਾਰੀ ਕਰਵਾਈ ਗਈ, ਜੋ ਜਲਦ ਹੀ ਜਨਤਾ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਬਾਬਾ ਜੀ ਵੱਲੋਂ ਸਥਾਪਿਤ ਕੀਤੇ ਖੋਜ ਕੇਂਦਰ ਜੋ ਸਿਹਤ ਅਤੇ ਵਾਤਾਵਰਣ ਸਬੰਧੀ ਸਸਤੀਆਂ ਦਵਾਈਆਂ ਸਸਤੇ ਇਲਾਜ ਦੇ ਤਰੀਕੇ ਲਈ ਭਵਿੱਖ ਵਿੱੱਚ ਅਹਿਮ ਯੋਗਦਾਨ ਪਾਉਣ ਜਾ ਰਿਹਾ ਹੈ, ਵੱਲੋਂ ਇਸ ਵਰ੍ਹੇ ਦੋ ਪੇਟੈਂਟ ਕਰਵਾਏ ਜਾ ਚੁੱਕੇ ਹਨ ਅਤੇ ਅੰਤਰ ਰਾਸ਼ਟਰੀ ਖੋਜ ਜਰਨਲ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜੋਕਿ ਲੰਡਨ ਦੇ ਪਬਲਿਸ਼ਰ ਵੱਲੋਂ ਹਰ ਵਰ੍ਹੇ ਚਾਰ ਵੋਲੀਅਮ ਵਿੱਚ ਪਬਲਿਸ਼ ਕੀਤਾ ਜਾਵੇਗਾ ਅਤੇ ਅੰਤਰਰਾਸ਼ਟਰੀ 150 ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣੇਗਾ।
ਉਨ੍ਹਾਂ ਦੱਸਿਆ ਕਿ ਇਸ ਵਿੱਚ ਪ੍ਰਸਿੱਧ ਖੋਜਕਾਰਾਂ ਦੇ ਖੋਜ ਕਾਰਜ ਸ਼ਾਮਿਲ ਹੋਣਗੇ ਅਤੇ ਜਿਸ ਦਾ ਫਾਇਦਾ ਖੋਜ ਕਰ ਰਹੇ ਵਿਦਿਆਰਥੀਆਂ ਅਤੇ ਵਿਗਿਆਨੀਆਂ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚ ਰਹਿੰਦੀ ਸਧਾਰਣ ਜਨਤਾ ਲਈ ਵੀ ਵਰਦਾਨ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਬਾਬਾ ਜੀ ਵੱਲੋਂ ਕੁਦਰਤੀ ਵਾਤਾਵਰਣ ਲਈ ਲੱਖਾਂ ਬੂਟੇ ਵੰਡੇ, ਗਰੀਬ ਲੜਕੀਆਂ ਦੇ ਸਾਦੇ ਵਿਆਹ ਕਰਵਾਏ ਅਤੇ ਉਨ੍ਹਾਂ ਸਮੁੱਚੇ ਭਾਰਤ ਵਿੱਚ ਵਿਚਰ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਦਾ ਪ੍ਰਚਾਰ ਕੀਤਾ।
ਇਸ ਸਮਾਰੋਹ ਦੌਰਾਨ ਬਾਬਾ ਜੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਦੁਬਈ, ਜਰਮਨ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਪਹੁੰਚੀਆਂ।