ਚੈਕਿੰਗ ਮੁਹਿੰਮ ਚਲਾਈ, ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਵਾਲੇ ਚਾਰ ਸਕੂਲ ਬੰਦ ਕਰਨ ਦੇ ਆਦੇਸ਼
ਐਸ.ਏ.ਐਸ. ਨਗਰ, 11 ਅਗਸਤ 2021
ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਵਾਉਣ ਲਈ, ਤਿੰਨ ਉਪ-ਮੰਡਲਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੇ ਅੱਜ ਆਪੋ-ਆਪਣੇ ਖੇਤਰਾਂ ਦੇ ਸਕੂਲਾਂ ਦੀ ਅਚਨਚੇਤ ਜਾਂਚ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਰ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ।
ਵੇਰਵਿਆਂ ਨੂੰ ਵਿਸਥਾਰਪੂਰਵਕ ਦੱਸਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੀਆਂ ਰਿਪੋਰਟਾਂ ਤੋਂ ਬਾਅਦ, ਮੁਹਾਲੀ ਪ੍ਰਸ਼ਾਸਨ ਨੇ ਸਕੂਲ ਸਟਾਫ ਦੇ 100% ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜਿਤੇਂਦਰ ਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਅਤੇ ਸਮਾਰਟ ਵੰਡਰ ਸਕੂਲ ਸੈਕਟਰ-71 ਵਿੱਚ ਐਸਡੀਐਮ ਮੁਹਾਲੀ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਚੈਕਿੰਗ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਕੂਲ ਸਟਾਫ ਦੇ ਟੀਕਾਕਰਣ ਰਿਕਾਰਡ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਵਹਿੱਤਕਾਰੀ ਸਕੂਲ ਦੀ ਪ੍ਰਿੰਸੀਪਲ ਕਵਿਤਾ ਅੱਤਰੀ ਨੂੰ ਕੋਵਿਡ -19 ਦੀ ਇੱਕ ਵੀ ਖੁਰਾਕ ਨਹੀਂ ਦਿੱਤੀ ਗਈ, ਜਦੋਂ ਕਿ ਸੱਤ ਅਧਿਆਪਕਾਂ ਨੇ ਟੀਕੇ ਦੀ ਸਿਰਫ ਇਕ ਖੁਰਾਕ ਲਈ ਹੈ। ਉਨ੍ਹਾਂ ਦੱਸਿਆ ਕਿ ਸਵੀਪਰ ਅਤੇ ਬੱਚਿਆਂ ਸੰਭਾਲ ਕਰਨ ਵਾਲੀ ਸਟਾਫ਼ ਮੈਂਬਰ ਨੂੰ ਵੀ ਟੀਕਾਕਰਨ ਦੀ ਇਕ ਵੀ ਖੁਰਾਕ ਨਹੀਂ ਦਿੱਤੀ ਗਈ। ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਾ ਕਰਨ ਕਾਰਨ ਅਗਲੇ ਨਿਰਦੇਸ਼ਾਂ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਚੈਕਿੰਗ ਦੌਰਾਨ ਸਮਾਰਟ ਵੰਡਰਜ਼ ਸਕੂਲ ਦੇ ਰਿਕਾਰਡ ਠੀਕ ਪਾਏ ਗਏ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਐਸਡੀਐਮ ਖਰੜ ਆਕਾਸ਼ ਬਾਂਸਲ ਨੇ ਡੀਏਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਕੁਰਾਲੀ ਵਿੱਚ ਨਿਰੀਖਣ ਕੀਤਾ ਅਤੇ ਪਾਇਆ ਕਿ 18 ਸਟਾਫ ਮੈਂਬਰਾਂ ਨੇ ਸਿਰਫ ਇੱਕ ਖੁਰਾਕ ਲਈ ਹੈ, ਜੋ ਕਿ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ 50 ਪ੍ਰਤੀਸ਼ਤ ਦੇ ਨਿਯਮਾਂ ਦੇ ਵਿਰੁੱਧ ਕੁੱਲ ਗਿਣਤੀ ਦੇ 80 ਪ੍ਰਤੀਸ਼ਤ ਤੋਂ ਵੱਧ ਸੀ।
ਇਸ ਦੌਰਾਨ ਐਸਡੀਐਮ ਡੇਰਾਬਸੀ ਨੇ ਦੋ ਸਕੂਲਾਂ ਮਾਨਵ ਮੰਗਲ ਸਮਾਰਟ ਸਕੂਲ, ਜ਼ੀਰਕਪੁਰ ਅਤੇ ਦਿੱਲੀ ਵਰਲਡ ਪਬਲਿਕ ਸਕੂਲ, ਜ਼ੀਰਕਪੁਰ ਵਿੱਚ ਚੈਕਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਮਾਨਵ ਮੰਗਲ ਸਮਾਰਟ ਸਕੂਲ ਦੇ 52 ਸਟਾਫ ਮੈਂਬਰਾਂ ਨੂੰ ਟੀਕੇ ਦੀ ਦੂਜੀ ਖੁਰਾਕ ਨਹੀਂ ਦਿੱਤੀ ਗਈ, ਜਦੋਂ ਕਿ ਦਿੱਲੀ ਵਰਲਡ ਪਬਲਿਕ ਸਕੂਲ ਦੇ 27 ਸਟਾਫ ਮੈਂਬਰਾਂ ਨੇ ਟੀਕੇ ਦੀ ਦੂਜੀ ਖੁਰਾਕ ਨਹੀਂ ਲਈ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਐਸਡੀਐਮਜ਼ ਨੇ ਅਗਲੇ ਨਿਰਦੇਸ਼ਾਂ ਤੱਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਚਾਰੇ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਪੁਲਿਸ ਨੂੰ ਇਨ੍ਹਾਂ ਸਕੂਲਾਂ ਖ਼ਿਲਾਫ਼ ਢੁਕਵੀਂ ਕਾਰਵਾਈ ਕਰਨ ਲਈ ਕਹਿ ਦਿੱਤਾ ਗਿਆ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਨੂੰ ਕਿਹਾ ਹੈ ਕਿ ਉਹ ਇਨ੍ਹਾਂ ਸਕੂਲਾਂ ਵਿਰੁੱਧ ਐਫਆਈਆਰ ਦਰਜ ਕਰਨ, ਜਿਨ੍ਹਾਂ ਨੇ ਅਧਿਆਪਕਾਂ/ਸਟਾਫ ਨੂੰ ਬਿਨਾਂ ਮੁਕੰਮਲ ਟੀਕਾਕਰਨ ਦੇ ਬੁਲਾਇਆ ਅਤੇ ਵਿਦਿਆਰਥੀਆਂ ਦੀ ਸਿਹਤ ਨੂੰ ਖਤਰੇ ਵਿੱਚ ਪਾਇਆ।