ਜਲੰਧਰ ਅਤੇ ਮਲੇਰਕੋਟਲਾ ਦੀ ਤਰਜ਼ ਤੇ ਲੁਧਿਆਣਾ ਵਿਖੇ ਵੀ ਮੁਸਲਿਮ ਭਾਈਚਾਰੇ ਲਈ ਈਦਗਾਹ ਦੀ ਕੀਤੀ ਮੰਗ
ਲੁਧਿਆਣਾ, 06 ਅਗਸਤ 2021 ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰਦਿਆਂ ਲੁਧਿਆਣਾ ਵਿਚ ਈਦਗਾਹ ਬਣਾਉਣ ਸੰਬੰਧੀ ਮੁਹੰਮਦ ਗੁਲਾਬ (ਵਾਈਸ ਚੇਅਰਮੈਨ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ) ਵਲੋਂ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਨਾਲ ਖ਼ਾਸ ਮੁਲਾਕਾਤ ਕੀਤੀ ਅਤੇ ਲੁਧਿਆਣਾ ਵਿੱਚ ਨਮਾਜ ਪੜਨ ਲਈ ਈਦਗਾਹ ਬਣਾਉਣ ਸੰਬੰਧੀ ਮੰਗ ਪੱਤਰ ਦਿੱਤਾ।
ਪਤੱਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁਹੰਮਦ ਗੁਲਾਬ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਵਿਚ 70 ਤੋਂ 80 ਮਸਜਿਦਾਂ ਬਣੀਆਂ ਹੋਈਆਂ ਹਨ ਪਰ ਸ਼ਹਿਰ ਵਿਚ ਮੁਸਲਿਮ ਭਾਈਚਾਰੇ ਲਈ ਇਕੱਠੇ ਈਦ ਦੀ ਨਮਾਜ਼ ਪੜਨ ਲਈ ਈਦਗਾਹ ਨਹੀਂ ਹੈ ਜਿਸ ਕਾਰਨ ਅਕਸਰ ਮੁਸਲਿਮ ਭਾਈਚਾਰੇ ਨੂੰ ਔਕੜ ਦਾ ਸਾਹਮਣਾ ਕਰਨਾ ਪੈਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਪੰਜਾਬ ਦਾ ਇਕ ਮੁੱਖ ਸ਼ਹਿਰ ਹੈ ਅਤੇ ਹੌਜ਼ਰੀ ਤੇ ਇੰਡਸਟਰੀ ਹੱਬ ਹੋਣ ਕਾਰਨ ਲੁਧਿਆਣਾ ਵਿਚ ਮੁਸਲਿਮ ਭਾਈਚਾਰੇ ਦੀ ਆਬਾਦੀ ਬਾਕੀ ਸ਼ਹਿਰਾਂ ਨਾਲੋਂ ਵੱਧ ਹੈ। ਮੁਸਲਿਮ ਭਾਈਚਾਰੇ ਦੀ ਕਾਫੀ ਸਮੇਂ ਤੋਂ ਈਦਗਾਹ ਦੀ ਮੰਗ ਦਾ ਸਤਿਕਾਰ ਕਰਦਿਆਂ ਉਹਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਬੇਨਤੀ ਕੀਤੀ ਹੈ ਕਿ ਜਲੰਧਰ ਅਤੇ ਮਲੇਰਕੋਟਲਾ ਦੀ ਤਰਜ਼ ਤੇ ਲੁਧਿਆਣਾ ਵਿਖੇ ਵੀ ਮੁਸਲਿਮ ਭਾਈਚਾਰੇ ਨੂੰ ਈਦਗਾਹ ਲਈ ਜਗ੍ਹਾ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਉਹਨਾਂ ਨੂੰ ਹਰ ਪੱਖੋਂ ਮਦਦ ਦੇਣ ਦਾ ਭਰੋਸਾ ਦਿੱਤਾ ਜੋ ਕਿ ਮੁਸਲਿਮ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿਉਂਕਿ ਮੌਜੂਦਾ ਕੈਪਟਨ ਸਰਕਾਰ ਨੇ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਲਦ ਹੀ ਮੁਸਲਿਮ ਭਾਈਚਾਰੇ ਦੀ ਮੰਗ ਦਾ ਮਾਣ ਕਰਦਿਆਂ ਹੋਇਆਂ ਉਹਨਾਂ ਨੂੰ ਈਦਗਾਹ ਬਣਾਉਣ ਲਈ ਬਣਦੀ ਜਗ੍ਹਾ ਮੁਹੱਈਆ ਕਰਾਉਣਗੇ।