ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਉੱਤਰੀ ਭਾਰਤ ਦਾ ‘ਸਵੱਛ ਸ਼ਹਿਰ’ ਪੁਰਸਕਾਰ ਜਿੱਤਿਆ

_Surabhi Malik
ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਉੱਤਰੀ ਭਾਰਤ ਦਾ 'ਸਵੱਛ ਸ਼ਹਿਰ' ਪੁਰਸਕਾਰ ਜਿੱਤਿਆ
– ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਅੱਜ ਨਵੀਂ ਦਿੱਲੀ ‘ਚ ਲਿਆ ਜੇਤੂ ਐਵਾਰਡ
– ਮੁੱਲਾਂਪੁਰ ਦਾਖਾ ਨਗਰ ਕੌਂਸਲ ਦੇ ਸਟਾਫ਼ ਨੂੰ ਮੁਬਾਰਕਬਾਦ ਵੀ ਦਿੱਤੀ

ਲੁਧਿਆਣਾ, 11 ਜਨਵਰੀ 2024

ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਲਈ ਇੱਕ ਵੱਡੀ ਪ੍ਰਾਪਤੀ ਵਜੋਂ ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਉੱਤਰੀ ਭਾਰਤ ਦਾ ‘ਸਵੱਛ ਸ਼ਹਿਰ’ ਪੁਰਸਕਾਰ ਜਿੱਤਿਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਤਰਫ਼ੋਂ ਭਾਰਤ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਦੇ ਕੇਂਦਰੀ ਮੰਤਰਾਲੇ ਦੇ ਸਕੱਤਰ ਸ੍ਰੀ ਮਨੋਜ ਜੋਸ਼ੀ ਤੋਂ ਪੁਰਸਕਾਰ ਪ੍ਰਾਪਤ ਕੀਤਾ।

ਜਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਤਹਿਤ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਵਧੀਆ ਕਾਰਗੁਜ਼ਾਰੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਕਰਵਾਇਆ ਗਿਆ ਅਤੇ ਇਸ ਵਿੱਚ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਡਾ ਦ੍ਰੋਪਦੀ ਮੁਰਮੂ ਵੀ ਮੌਜੂਦ ਸਨ।

ਨਗਰ ਕੌਂਸਲ ਮੁੱਲਾਂਪੁਰ ਦਾਖਾ ਨੂੰ ਆਬਾਦੀ ਸ਼੍ਰੇਣੀ 15000-25000 ਤਹਿਤ ਉੱਤਰੀ ਭਾਰਤ ਦਾ ‘ਸਵੱਛ ਸ਼ਹਿਰ’ ਐਵਾਰਡ ਜਿੱਤਣ ਦਾ ਮਾਣ ਪ੍ਰਾਪਤ ਹੋਇਆ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਇਨਾਮ ਵੰਡ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਮੁੱਲਾਂਪੁਰ ਦਾਖਾ ਨਗਰ ਕੌਂਸਲ ਦੀ ਤਰਫੋਂ ਐਵਾਰਡ ਪ੍ਰਾਪਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੁੱਲਾਂਪੁਰ ਦਾਖਾ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਨਗਰ ਨਿਵਾਸੀਆਂ ਨੂੰ ਵਧਾਈ ਸੰਦੇਸ਼ ਵੀ ਭੇਜਿਆ।

ਸਵੱਛ ਸਰਵੇਖਣ 2023 ਦੇ ਤਹਿਤ, ਸ਼ਹਿਰਾਂ/ਕਸਬਿਆਂ ਨੂੰ ਕੂੜਾ ਮੁਕਤ ਸ਼ਹਿਰ ਦੇ ਤਹਿਤ ਸਟਾਰ ਰੇਟਿੰਗ ਅਤੇ ਓ.ਡੀ.ਐਫ. ਤਹਿਤ ਰੈਂਕਿੰਗ ਦਿੱਤੀ ਗਈ ਹੈ, ਜਿਸ ਵਿੱਚ ਸਭ ਤੋਂ ਵੱਧ ਰੈਂਕਿੰਗ ਵਾਟਰ ਪਲੱਸ ਦੀ ਹੈ। ਨਗਰ ਕੌਂਸਲ ਮੁੱਲਾਂਪੁਰ ਦਾਖਾ ਨੇ ਗਾਰਬੇਜ ਫਰੀ ਸਿਟੀ ਸਰਟੀਫੀਕੇਟ ਅਤੇ ਓ.ਡੀ.ਐਫ. ਵਿੱਚ ਵਾਟਰ ਪਲੱਸ ਸਰਟੀਫਿਕੇਟ ਵਿੱਚ 1 ਸਟਾਰ ਰੈਂਕਿੰਗ ਹਾਸਲ ਕੀਤੀ ਹੈ। ਜਿਸਦੇ ਤਹਿਤ ਨਗਰ ਕੌਂਸਲ ਮੁੱਲਾਂਪੁਰ ਦਾਖਾ ਨੇ ਸਵੱਛ ਸਰਵੇਖਣ 2023 ਵਿੱਚ ਜ਼ੋਨ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।