ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਤਾਂ ਜੋ ਹਰੇਕ ਥਾਂ ਫੌਗਿੰਗ ਨੂੰ ਯਕੀਨੀ ਬਣਾਈ ਜਾ ਸਕੇ
ਉੱਚ ਜ਼ੋਖਮ ਵਾਲੇ ਖੇਤਰਾਂ ਦੀ ਪਛਾਣ ਕਰੋ ਅਤੇ ਉਨ੍ਹਾਂ ‘ਤੇ ਧਿਆਨ ਕੇਂਦਰਤ ਕਰੋ: ਮੇਅਰ ਅਮਰਜੀਤ ਸਿੰਘ ਸਿੱਧੂ
ਮੋਹਾਲੀ, 12 ਅਕਤੂਬਰ 2021
ਡੇਂਗੂ ਸਮੇਤ ਖੜ੍ਹੇ ਪਾਣੀ ਕਾਰਨ ਫੈਲਣ ਵਾਲੀਆਂ ਬਿਮਾਰੀਆਂ ਦੇ ਪਸਾਰ ਨੂੰ ਰੋਕਣ ਲਈ ਨਗਰ ਨਿਗਮ (ਐਮ.ਸੀ.) ਮੋਹਾਲੀ ਨੇ ਅੱਜ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਪੂਰੇ ਜ਼ੋਰ ਸ਼ੋਰ ਨਾਲ ਫੌਗਿੰਗ ਮੁਹਿੰਮ ਤੇਜ਼ ਕਰ ਦਿੱਤੀ ਹੈ।
ਹੋਰ ਪੜ੍ਹੋ :-ਪਰਗਟ ਸਿੰਘ ਵੱਲੋਂ ਸਕੂਲ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਭਰਤੀ ਪ੍ਰਕਿਰਿਆ ਵਾਲੇ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਤੇ ਮੰਗਾਂ ਦੇ ਹਰ ਸੰਭਵ ਬਿਹਤਰ ਹੱਲ ਦੇ ਨਿਰਦੇਸ਼
ਮਿਊਂਸਿਪਲ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੇ ਦੱਸਿਆ ਕਿ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਵਿਆਪਕ ਫੌਗਿੰਗ ਯੋਜਨਾ ਤਹਿਤ ਸ਼ਹਿਰ ਦੇ ਹਰ ਕੋਨੇ ਵਿੱਚ ਫੌਗਿੰਗ ਯਕੀਨੀ ਬਣਾਈ ਜਾ ਸਕੇ। ਹਰ ਜ਼ੋਨ ਲਈ ਵੱਖ-ਵੱਖ ਟੀਮਾਂ ਤਾਇਨਾਤ ਕਰਨ ਲਈ ਇਸ ਮੰਤਵ ਵਾਸਤੇ ਚਾਰ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜ਼ੋਨ ਨੰਬਰ ਇਕ ਦੀ ਦੇਖ-ਰੇਖ ਮੁੱਖ ਸੈਨੇਟਰੀ ਇੰਸਪੈਕਟਰ ਹਰਵੰਤ ਸਿੰਘ ਦੀ ਨਿਗਰਾਨੀ ਵਾਲੀ ਟੀਮ ਵੱਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕ੍ਰਮਵਾਰ ਮੁੱਖ ਸੈਨੇਟਰੀ ਇੰਸਪੈਕਟਰ ਰਜਿੰਦਰਪਾਲ ਸਿੰਘ, ਮੁੱਖ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ ਅਤੇ ਮੁੱਖ ਸੈਨੇਟਰੀ ਇੰਸਪੈਕਟਰ ਸ਼ਾਮ ਲਾਲ ਦੀ ਅਗਵਾਈ ਵਾਲੀ ਟੀਮ ਆਪਣੇ ਆਪਣੇ ਜ਼ੋਨਾਂ ਦੀਆਂ ਟੀਮਾਂ ਦੀ ਨਿਗਰਾਨੀ ਕਰਨਗੇ।
ਫੌਗਿੰਗ ਦੌਰਾਨ ਵਰਤੇ ਜਾ ਰਹੀ ਦਵਾਈ ਬਾਰੇ ਗੱਲ ਕਰਦਿਆਂ ਸ੍ਰੀ ਗਰਗ ਨੇ ਦੱਸਿਆ ਕਿ ਮੱਛਰਾਂ ਨੂੰ ਮਾਰਨ ਲਈ ਤੈਅ ਮਾਪਦੰਡਾਂ ਅਨੁਸਾਰ ਸਾਈਫੇਨੋਥਰਿਨ 5 ਪ੍ਰਤੀਸ਼ਤ ਈ.ਸੀ. ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਾਂਹ ਤੋਂ ਸ਼ਾਮ ਸਮੇਂ ਫੌਗਿੰਗ ‘ਤੇ ਵਿਸ਼ੇਸ਼ ਜ਼ੋਰ ਦੇਣ ਦਾ ਫੈਸਲਾ ਕੀਤਾ ਗਿਆ ਹੈ ਕਿਉਂਕਿ ਏਡੀਜ਼ ਐਜਿਪਟੀ ਮੱਛਰ ਉਸ ਸਮੇਂ ਦੌਰਾਨ ਜ਼ਿਆਦਾ ਸਰਗਰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਘਰ -ਘਰ ਜਾ ਕੇ ਪੈਂਫਲਿਟ ਅਤੇ ਹੋਰ ਸਬੰਧਤ ਸਮੱਗਰੀ ਦੀ ਵੰਡ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਮੁਹਿੰਮ ਉਲੀਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਾਰਕਾਂ, ਫੁਹਾਰੇ ਅਤੇ ਹੋਰ ਥਾਵਾਂ ‘ਤੇ ਖੜ੍ਹੇ ਪਾਣੀ ਨੂੰ ਸਾਫ਼ ਕਰਨ ਤੋਂ ਇਲਾਵਾ ਐਨ ਚੋਅ ਅਤੇ ਸ਼ਹਿਰ ਦੇ ਹੋਰ ਹਿੱਸਿਆਂ ਨੇੜੇ ਬਨਸਪਤੀ ਦੀ ਸਫ਼ਾਈ ਕਰਨ ਲਈ ਟੀਮਾਂ ਪਹਿਲਾਂ ਹੀ ਤਾਇਨਾਤ ਕੀਤੀਆਂ ਗਈਆਂ ਹਨ।
ਇਸ ਦੌਰਾਨ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਉੱਚ ਜ਼ੋਖ਼ਮ ਵਾਲੇ ਖੇਤਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸ਼ਹਿਰ ਦੇ ਰਿਹਾਇਸ਼ੀ ਅਤੇ ਵਪਾਰਕ ਹਿੱਸਿਆਂ ਵਿੱਚ ਡੇਂਗੂ ਦੇ ਲਾਰਵੇ ਦੀ ਜਾਂਚ ਕਰਨ ਲਈ ਸਰਵੇਖਣ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨੇ ਇਸ ਸਬੰਧ ਵਿੱਚ ਵਿਸ਼ੇਸ਼ ਟੀਮਾਂ ਬਣਾਉਣ ਅਤੇ ਸ਼ਹਿਰ ਵਿੱਚ ਲੋਕਾਂ ਵਿੱਚ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਕਤਾ ਪੈਦਾ ਕਰਨ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਫੌਗਿੰਗ ਨੂੰ ਤੇਜ਼ ਕਰਨ, ਸੜਕਾਂ ਅਤੇ ਖਾਲੀ ਪਲਾਟਾਂ ‘ਤੇ ਧਿਆਨ ਕੇਂਦਰਤ ਕਰਕੇ ਮੱਛਰਾਂ ਨੂੰ ਮਾਰਨ ਅਤੇ ਖੜ੍ਹੇ ਪਾਣੀ ਵਿੱਚ ਲਾਰਵੇ ਨੂੰ ਨਸ਼ਟ ਕਰਨ।
ਸ੍ਰੀ ਸਿੱਧੂ ਨੇ ਕਿਹਾ ਕਿ ਬਿਮਾਰੀ ਫੈਲਣ ਵਾਲੀਆਂ ਥਾਵਾਂ ਜਿੱਥੇ ਮੱਛਰਾਂ ਦਾ ਲਾਰਵਾ ਆਸਾਨੀ ਨਾਲ ਪੈਦਾ ਹੋ ਸਕਦਾ ਹੈ, ਉਸ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਚੈਕਿੰਗ ਮੁਹਿੰਮ ਤੋਂ ਇਲਾਵਾ ਲੋਕਾਂ ਨੂੰ ਮੱਛਰਾਂ ਦੇ ਪ੍ਰਜਨਨ ਸਥਾਨਾਂ ਜਿਵੇਂ ਕਿ ਏਅਰ ਕੂਲਰ, ਗਮਲੇ, ਪੁਰਾਣੇ ਭਾਂਡੇ, ਸਜਾਵਟੀ ਪੌਦੇ ਆਦਿ ਦੀ ਸਫ਼ਾਈ ਲਈ ਵੀ ਪ੍ਰੇਰਿਆ ਜਾਵੇ।