ਸਿਹਤ ਟੀਮਾਂ ਨੇ 03 ਬੱਚਿਆਂ ਨੂੰ ਲਗਵਾਈਆਂ ਸੁਣਨ ਵਾਲੀਆਂ ਮਸ਼ੀਨਾਂ
ਸਿਹਤ ਯੋਜਨਾ ਛੋਟੀ ਉਮਰ ਦੇ ਬੱਚਿਆਂ ਦੇ ਨਾਲ-ਨਾਲ ਕਿਸ਼ੋਰ ਉਮਰ ਦੇ ਵਰਗ ਲਈ ਵੀ ਲਾਹੇਵੰਦ ਸਾਬਿਤ ਹੋ ਰਹੀ
ਸਕੂਲੀ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਤੇ ਆਗਣਵਾੜੀ ਵਿੱਚ ਪੜ੍ਹਦਿਆਂ ਬੱਚਿਆਂ ਦਾ ਸਾਲ ਵਿੱਚ ਦੋ ਵਾਰ ਮੈਡੀਕਲ ਚੈਕਅਪ ਕੀਤਾ ਜਾਂਦਾ
ਰੂਪਨਗਰ, 28 ਅਪ੍ਰੈਲ 2022
ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਆਂਗਣਵਾੜੀ ਵਿੱਚ ਰਜਿਸਟਰਡ ਬੱਚਿਆਂ ਦਾ ਸਿਹਤਮਈ ਜੀਵਨ ਯਕੀਨੀ ਕਰਨ ਲਈ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ(ਆਰ.ਬੀ.ਐਸ.ਕੇ) ਅਧੀਨ ਬੱਚਿਆਂ ਦੀਆਂ 31 ਵੱਖ-ਵੱਖ ਬਿਮਾਰੀਆਂ ਦਾ ਮੁਫਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਤਹਿਤ ਸਿਹਤ ਟੀਮਾਂ ਨੇ ਅਪ੍ਰੈਲ ਮਹੀਨੇ ਵਿੱਚ 03 ਬੱਚਿਆਂ ਨੂੰ ਲਗਾਈਆਂ ਸੁਣਨ ਵਾਲੀਆਂ ਮਸ਼ੀਨਾਂ ਲਗਵਾਈਆਂ ਹਨ।
ਹੋਰ ਪੜ੍ਹੋ :-ਜ਼ਿਲੇ ਅੰਦਰ 466634 ਮੀਟਰਕ ਟਨ ਦੀ ਖਰੀਦ-ਕਿਸਾਨਾਂ ਨੂੰ 93 ਫੀਸਦ ਭਾਵ 799.37 ਕਰੋੜ ਰੁਪਏ ਦੀ ਕੀਤੀ ਅਦਾਇਗੀ
ਆਰ.ਬੀ.ਐਸ.ਕੇ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਯਕ੍ਰਮ ਅਧੀਨ ਦੋ ਸਾਲਾਂ ਵਿੱਚ ਕੋਵਿਡ ਕਾਲ ਦੋਰਾਨ ਵੀ ਹੋਈਆਂ 14 ਮੁਫਤ ਸਰਜਰੀਆਂ, 03 ਬੱਚਿਆਂ ਨੂੰ ਲਗਾਈਆਂ ਸੁਣਨ ਵਾਲੀਆਂ ਮਸ਼ੀਨਾਂ, 521 ਬੱਚਿਆਂ ਨੂੰ ਮੁਫਤ ਨਜਰ ਦੀਆਂ ਐਨਕਾਂ ਪ੍ਰਧਾਨ ਕੀਤੀਆਂ ਗਈਆਂ ਹਨ। ਇਹ ਸਕੀਮ ਛੋਟੀ ਉਮਰ ਦੇ ਬੱਚਿਆਂ ਦੇ ਨਾਲ-ਨਾਲ ਕਿਸ਼ੋਰ ਉਮਰ ਦੇ ਵਰਗ ਲਈ ਵੀ ਲਾਹੇਵੰਦ ਸਾਬਿਤ ਹੋ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਬੱਚੇ ਕਿਸੇ ਦੇਸ਼ ਦੀ ਤਰੱਕੀ ਦਾ ਅਧਾਰ ਹੁੰਦੇ ਹਨ ਅਤੇ ਇੱਕ ਸਿਹਤਮੰਦ ਬਚਪਨ ਅਤੇ ਸਿਹਤਮੰਦ ਜਵਾਨੀ ਹੀ ਦੇਸ਼ ਦੀ ਤਰੱਕੀ ਹਿੱਤ ਆਪਣਾ ਯੋਗਦਾਨ ਦੇ ਸਕਦੀ ਹੈ। ਸਿਹਤ ਵਿਭਾਗ ਦੀ ਰਾਸ਼ਟਰੀ ਬਾਲ ਸਵਾਸਥਯ ਕਾਰਯਕ੍ਰਮ ਇੱਕ ਖਾਸ ਸਿਹਤ ਸੇਵਾ ਹੈ ਜ਼ੋ 0 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀਆਂ 31 ਵੱਖ-ਵੱਖ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਦੀ ਪਛਾਣ ਅਤੇ ਮੁਫਤ ਇਲਾਜ ਮੁਹੱਈਆ ਕਰਵਾਉਣ ਕਰਕੇ ਜਰੂਰਤਮੰਦ ਲੋਕਾਂ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਆਰ.ਬੀ.ਐਸ.ਕੇ. ਪ੍ਰੋਗਰਾਮ ਅਧੀਨ ਪਿਛਲੇ ਦੋ ਸਾਲਾਂ ਦੋਰਾਨ ਕੁੱਲ 14 ਸਰਜਰੀਆਂ ਜਿੰਨ੍ਹਾ ਵਿੱਚੋਂ 11 ਸਰਜਰੀਆਂ ਦਿਲ ਦੀ ਬੀਮਾਰੀ (ਸੀ.ਐਚ.ਡੀ.) ਤੋਂ ਪੀੜਿਤ ਬੱਚਿਆਂ ਦੀਆਂ, 02 ਸਰਜਰੀਆਂ ਕੱਟੇ ਬੁੱਲ (ਇੱਕਲਾ ਖੰਡੂ) ਅਤੇ ਜੁੜੇ ਤਾਲੂਏ (ਖੰਡੂ ਸਮੇਤ ਤਾਲੂ) ਦੀਆਂ, 01 ਸਰਜਰੀ ਡਿਸਪਲਾਸੀਆ ਆਫ ਹਿੱਪ ਅਤੇ 01 ਸਰਜਰੀ ਟੇਢੇ-ਮੇਢੇ ਪੈਰਾਂ ਵਾਲੇ ਬੱਚਿਆਂ ਦੀ ਮੁਫਤ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ 16 ਬੱਚੇ ਜ਼ੋ ਕਿ ਥੈਲਾਸੀਮਿਆਂ ਤੋਂ ਪੀੜਿਤ ਹਨ, ਨੂੰ ਬਲੱਡ ਟ੍ਰਾਂਸਫਿਊਜਨ ਦੀ ਮੁਫਤ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਪਿਛਲੇ ਦੋ ਸਾਲਾਂ ਵਿੱਚ ਕੋਵਿਡ ਮਹਾਂਮਾਰੀ ਦਰਮਿਆਨ 03 ਬੱਚਿਆਂ ਨੂੰ 06 ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਫਿੱਟ ਕੀਤੀਆਂ ਜਾ ਚੁੱਕੀਆਂ ਹਨ ਤੇ ਨਾਲ ਹੀ ਕਮਜੋਰ ਨਜਰ ਵਾਲੇ ਇੱਕ ਪੂਰਵ-ਮਿਆਦੀ ਬੱਚੇ ਦਾ ਇਲਾਜ ਏਮਜ਼ ਦਿੱਲੀ ਤੋਂ ਮੁਫਤ ਚਲ ਰਿਹਾ ਹੈ। ਉਹਨਾਂ ਕਿਹਾ ਕਿ ਜਿਹੜੇ ਬੱਚਿਆਂ ਦੀ ਸਰਜਰੀਆਂ ਹੋ ਚੁੱਕੀਆਂ ਹਨ, ਉਹ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਵਿਭਾਗ ਦੀ ਟੀਮ ਵੱਲੋਂ ਨਿਰੰਤਰ ਉਹਨਾਂ ਦਾ ਫਾਲੋਅਪ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਪਿਛਲੇ ਇੱਕ ਸਾਲ ਦੋਰਾਨ ਇਸੇ ਪੋ੍ਰਗਰਾਮ ਅਧੀਨ 521 ਬੱਚਿਆਂ ਨੂੰ ਮੁਫਤ ਨਜਰ ਦੀਆਂ ਐਨਕਾਂ ਅਤੇ ਐਸ.ਡੀ.ਐਚ., ਸੀ.ਐਚ.ਸੀ. ਅਤੇ ਜਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ ਤੇ 977 ਬੱਚਿਆਂ ਦਾ ਵੱਖ-ਵੱਖ ਬੀਮਾਰੀਆਂ ਲਈ ਮੁਫਤ ਇਲਾਜ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਆਰ.ਬੀ.ਐਸ.ਕੇ. ਅਧੀਨ ਗਠਿਤ 09 ਮੋਬਾਇਲ ਹੈਲਥ ਟੀਮਾਂ (ਪ੍ਰਤੀ ਸਿਹਤ ਬਲਾਕ ਦੋ ਟੀਮਾਂ ਅਤੇ ਇੱਕ ਟੀਮ ਜਿਲ੍ਹਾ ਹਸਪਤਾਲ) ਵੱਲੋਂ ਸਕੂਲੀ ਬੱਚਿਆਂ ਦਾ ਸਾਲ ਵਿੱਚ ਇੱਕ ਵਾਰ ਤੇ ਆਗਣਵਾੜੀ ਵਿੱਚ ਪੜ੍ਹਦਿਆਂ ਬੱਚਿਆਂ ਦਾ ਸਾਲ ਵਿੱਚ ਦੋ ਵਾਰ ਮੈਡੀਕਲ ਚੈਕਅਪ ਕੀਤਾ ਜਾਂਦਾ ਹੈ। ਟੀਮ ਵੱਲੋਂ ਪੀੜਿਤ ਪਾਏ ਗਏ ਬੱਚਿਆਂ ਨੂੰ ਅੱਗੇ ਡੀ.ਈ.ਆਈ.ਸੀ. ਕੇਂਦਰ ਵਿਖੇ ਰੈਫਰ ਕੀਤਾ ਜਾਂਦਾ ਹੈ ਅਤੇ ਜੇਕਰ ਜਰੂਰਤ ਹੋਵੇ ਤਾਂ ਇਲਾਜ ਲਈ ਪੀੜਿਤ ਨੂੰ ਮੈਡੀਕਲ ਕਾਲਜ ਜਾਂ ਸੁਪਰ ਸਪੈਸ਼ਲਟੀ ਹਸਪਤਾਲ ਵਿਖੇ ਮੁਫਤ ਇਲਾਜ ਲਈ ਭੇਜਿਆ ਜਾਂਦਾ ਹੈ। ਇਸ ਮੰਤਵ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਜਿਲ੍ਹਾ ਹਸਪਤਾਲ ਵਿਖੇ ਜਿਲ੍ਹਾ ਅਰਲੀ ਇੰਟਰਵੈਨਸ਼ਨ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ ਅਤੇ ਇਸ ਕੇਂਦਰ ਵਿੱਚ ਮੈਡੀਕਲ ਅਫਸਰ, ਈ.ਐਨ.ਟੀ. ਸਪੈਸ਼ਲਿਸਟ, ਡੈਂਟਲ ਮੈਡੀਕਲ ਅਫਸਰ, ਕੇਂਦਰ ਮੈਨੇਜਰ ,ਸਾਇਕੋਲਜਿਸਟ, ਸਪੈਸ਼ਲ ਐਜੂਕੇਟਰ, ਫਿਜੀਓਥੈਰਪਿਸਟ, ਸ਼ੋਸ਼ਲ ਵਰਕਰ, ਆਡੀਓਲੋਜਿਸਟ ਐਂਡ ਸਪੀਚ ਥੈਰੇਪਿਸਟ ਅਤੇ ਆਪਟੌਮੀਟਰਿਸਟ ਦੀਆਂ ਸੇਵਾਵਾਂ ਵਿਸ਼ੇਸ਼ ਤੋਰ ਤੇ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਕੋਵਿਡ ਕਾਲ ਦੋਰਾਨ ਸਕੂਲ ਅਤੇ ਆਂਗਣਵਾੜੀ ਕੇਂਦਰ ਬੰਦ ਹੋਣ ਦੇ ਬਾਵਜੂਦ ਵੀ ਸਿਹਤ ਵਿਭਾਗ ਦੀਆਂ ਮੋਬਾਇਲ ਟੀਮਾਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਹੁਣ ਕੋਵਿਡ ਪਾਬੰਦੀਆਂ ਹਟਣ ਤੋਂ ਬਾਅਦ ਟੀਮਾਂ ਵੱਲੋਂ ਆਪਣੇ ਐਕਸ਼ਨ ਪਲਾਨ ਮੁਤਾਬਕ ਸਕੂਲੀ ਅਤੇ ਆਗਣਵਾੜੀ ਦੇ ਬੱਚਿਆਂ ਦਾ ਚੈਕਅਪ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਨਿਸ਼ਚਿਤ ਰੂਪ ਵਿੱਚ ਆਉਣ ਵਾਲੇ ਸਮੇਂ ਦੋਰਾਨ ਹੋਰ ਵੀ ਬੱਚਿਆਂ ਨੂੰ ਇਸ ਸਿਹਤ ਸਕੀਮ ਦਾ ਲਾਭ ਮਿਲੇਗਾ।