ਰੂਪਨਗਰ, 24 ਜਨਵਰੀ 2022
ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਸਹਿਤ ਵੱਖ ਵੱਖ ਲੀਗਲ ਲਿਟਰੇਸੀ ਕਲੱਬਾਂ ਨਾਲ ਕੀਤੇ ਵੈਬੀਨਾਰ : ਸੀ.ਜੇ.ਐਮ
ਅੱਜ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ , ਸ੍ਰੀ ਅਨੰਦਪੁਰ ਸਾਹਿਬ ਸਹਿਤ ਵੱਖ-ਵੱਖ ਸਕੂਲਾਂ ਕਾਲਜਾਂ ਨਾਲ ਵੈਬੀਨਾਰ ਕਰਕੇ ਰਾਸ਼ਟਰੀ ਬਾਲੜੀ ਦਿਵਸ ਮਨਾਇਆ ਗਿਆ।
ਇਸ ਸਮਾਗਮ ਵਿੱਚ ਸ੍ਰੀ ਮਾਨਵ, ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਵੈਬੀਨਾਰ ਦੁਆਰਾ ਜੁੜੇ ਬੱਚਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬਾਲੜੀ ਦਿਵਸ ਮਨਾਉਣ ਦਾ ਮੁਖ ਉਦੇਸ਼ ਔਰਤਾਂ ਨੂੰ ਆਰਥਿਕ ਤੇ ਸਮਾਜਿਕ ਤੌਰ ਤੇ ਸਮਾਨਤਾ, ਲੜਕੀਆਂ ਨੂੰ ਵਧੀਆ ਭਵਿੱਖ ਪ੍ਰਦਾਨ ਕਰਨਾ, ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਦੇ ਬਰਾਬਰ ਅਧਿਕਾਰ ਪ੍ਰਦਾਨ ਕਰਨਾ, ਲੜਕੀਆਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਸੁਰੱਖਿਆ ਪ੍ਰਦਾਨ ਕਰਨਾ, ਲੜਕੀਆਂ ਨੂੰ ਕਿਸੇ ਵੀ ਹਿੰਸਾ ਵਿਰੁੱਧ ਕਾਰਵਾਈ ਕਰਨ ਦੀ ਆਜ਼ਾਦੀ ਪ੍ਰਦਾਨ ਕਰਨਾ, ਬਾਲ ਵਿਆਹ ਨੂੰ ਰੋਕਣਾ ਆਦਿ ਹਨ।
ਉਨ੍ਹਾ ਦੁਆਰਾ ਜਿਨਸੀ ਸ਼ੋਸ਼ਣ ਅਤੇ ਤੇਜ਼ਾਬੀ ਹਮਲੇ ਦੇ ਪੀੜਤਾਂ ਲਈ ਰਾਸ਼ਟਰੀ ਲੀਗਲ ਸਰਵਿਸ ਅਥਾਰਟੀ ਦੀ ਬਾਲ ਪੀੜਤਾਂ ਲਈ ਮੁਆਵਜ਼ਾ ਯੋਜਨਾ ਬਾਰੇ ਵੀ ਦੱਸਿਆ ਗਿਆ। ਰਾਸ਼ਟਰੀ ਬਾਲੜੀ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਸਕੂਲਾਂ ਅਤੇ ਲੀਗਲ ਲਿਟਰੇਸੀ ਕਲੱਬਾਂ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਵੇ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਿਰਾਮਪੁਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਵੈਬੀਨਾਰ ਵਿੱਚ ਡਾ. ਜਸਵੀਰ ਸਿੰਘ, ਪ੍ਰਿੰਸੀਪਲ, ਡਾ. ਸੁਨੀਤਾ ਰਾਣਾ, ਹੈੱਡ ਪੋਲੀਟੀਕਲ ਡਿਪਾਰਟਮੈਂਟ ਅਤੇ ਕਨਵੀਨਰ ਡਾ. ਪਰਮਪ੍ਰੀਤ ਵੀ ਹਾਜ਼ਰ ਰਹੇ।