ਪੰਜਾਬ ਵਿਚ ਨੈਸ਼ਨਲ ਹਾਈਵੇਜ਼ ਨੂੰ ਹਰਿਆ-ਭਰਿਆ ਬਣਾਇਆ ਜਾਵੇਗਾ

 ਪੰਜਾਬ ਜੰਗਲਾਤ ਵਿਭਾਗ ਵੱਲੋਂ ਗ੍ਰੀਨ ਹਾਈਵੇਅ ਮਿਸ਼ਨ ਪ੍ਰਾਜੈਕਟ ਤਹਿਤ ਐਨਐਚਏਆਈ ਨਾਲ ਸਮਝੌਤਾ ਸਹੀਬੱਧ
ਐਸ.ਏ.ਐਸ.ਨਗਰ, 27 ਜੁਲਾਈ 2021
ਪੰਜਾਬ ਭਰ ਵਿੱਚ ਕੌਮੀ ਰਾਜਮਾਰਗਾਂ ਨੂੰ ਹਰਿਆ ਭਰਿਆ ਬਣਾਉਣ ਦੇ ਮੱਦੇਨਜ਼ਰ ਪੰਜਾਬ ਜੰਗਲਾਤ ਵਿਭਾਗ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਸਾਂਝੇ ਤੌਰ ‘ਤੇ ਪੌਦੇ ਲਗਾਉਣ ਸਬੰਧੀ ਵਿਆਪਕ ਮੁਹਿੰਮ ਸ਼ੁਰੂ ਕੀਤੀ। ਇਹ ਮੁਹਿੰਮ ਗਰੀਨ ਹਾਈਵੇਅ ਮਿਸ਼ਨ ਪ੍ਰਾਜੈਕਟ ਤਹਿਤ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਲੱਗਦੇ ਬੰਜਰ ਖੇਤਰ ਨੂੰ ਹਰਿਆ ਭਰਿਆ ਬਣਾਉਣ ਲਈ ਅੱਜ ਪੰਜਾਬ ਜੰਗਲਾਤ ਵਿਭਾਗ ਅਤੇ ਐਨਐਚਏਆਈ ਦਰਮਿਆਨ ਸਮਝੌਤਾ ਸਹੀਬੱਧ ਕਰਕੇ ਰਸਮੀ ਤੌਰ ‘ਤੇ ਸ਼ੁਰੂ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਵੀ.ਬੀ. ਕੁਮਾਰ, ਆਈ.ਐੱਫ.ਐੱਸ., ਪੀ.ਸੀ.ਸੀ.ਐੱਫ. (ਐਚ.ਓ.ਐੱਫ.ਐੱਫ.) ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਉਦੇਸ਼ ਐਨ.ਐਚ.ਏ.ਆਈ ਵੱਲੋਂ ਐਕੁਆਇਰ ਕੀਤੀਆਂ ਜ਼ਮੀਨਾਂ ‘ਤੇ ਪੌਦੇ ਲਾਉਣਾ ਹੈ ਤਾਂ ਜੋ ਇਸ ਜ਼ਮੀਨ ਦੀ ਉਤਪਾਦਕਤਾ ਨੂੰ ਵਧਾਇਆ ਜਾ ਸਕੇ ਅਤੇ ਰਾਜਮਾਰਗਾਂ ਦੇ ਨਾਲ ਵਾਤਾਵਰਣ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ।
ਦੋਵਾਂ ਏਜੰਸੀਆਂ ਦਰਮਿਆਨ ਰਸਮੀ ਸਮਝੌਤਾ ਜੰਗਲਾਤ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਐਨਐਚ 54 (ਅੰਮ੍ਰਿਤਸਰ-ਪਠਾਨਕੋਟ ਸੈਕਸ਼ਨ) ‘ਤੇ ਪੌਦੇ ਲਗਾਉਣ ਦੇ ਪਹਿਲੇ ਪ੍ਰਾਜੈਕਟ (2020-21) ਨਾਲ ਸ਼ੁਰੂ ਹੋਇਆ ਜਿਸ ਦੇ ਸਿੱਟੇ ਵਜੋਂ ਕੌਮੀ ਰਾਜਮਾਰਗਾਂ ‘ਤੇ ਸਫਲਤਾਪੂਰਵਕ ਪੌਦੇ ਲਗਾਏ ਗਏ ਅਤੇ ਰਸਮੀ ਸਾਧਨਾਂ ਰਾਹੀਂ ਭਵਿੱਖ ਵਿੱਚ ਅਜਿਹੇ ਹੋਰ ਸਮਝੌਤਿਆਂ ਲਈ ਰਾਹ ਪੱਧਰਾ ਕੀਤਾ ਗਿਆ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸੂਬੇ ਭਰ ਦੇ ਪੰਜ ਰਾਸ਼ਟਰੀ ਰਾਜਮਾਰਗਾਂ ‘ਤੇ ਪੌਦੇ ਲਗਾਵਾਂਗੇ ਜਿਸ ਤਹਿਤ ਵਿੱਤੀ ਸਾਲ 2021-22 ਦੌਰਾਨ 1,36,842 ਬੂਟੇ ਲਗਾਉਣ ਅਤੇ ਵੱਖ-ਵੱਖ ਰੱਖ-ਰਖਾਅ ਕਾਰਜਾਂ ਰਾਹੀਂ ਇਹਨਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ ਹੈ।
ਇਸ ਪ੍ਰਾਜੈਕਟ ਲਈ ਕੁੱਲ ਵਿੱਤੀ ਲਾਗਤ 25.42 ਕਰੋੜ ਹੈ ਜਿਸ ਵਿਚੋਂ 20.37 ਕਰੋੜ ਵਰਤਮਾਨ ਵਿੱਤੀ ਵਰ੍ਹੇ ਦੌਰਾਨ ਵੱਖ-ਵੱਖ ਕੰਮ, ਪੌਦੇ ਲਗਾਉਣ, ਇਸ ਦੀ ਦੇਖਭਾਲ ਅਤੇ ਕੰਢਾ ਤਾਰਾਂ ਅਤੇ ਟ੍ਰੀ ਗਾਰਡਸ ਰਾਹੀਂ ਇਹਨਾ ਦੀ ਸੁਰੱਖਿਆ ਲਈ ਵਰਤੇ ਜਾਣਗੇ। ਆਈ ਟੀ ਆਧਾਰਿਤ ਐਪਸ ਰਾਹੀਂ ਬੂਟੇ ਲਗਾਉਣ ਦੀ ਸਾਂਝੀ ਨਿਗਰਾਨੀ ਕੀਤੀ ਜਾਵੇਗੀ ਅਤੇ ਜਿਥੇ ਵੀ ਸੰਭਵ ਹੋ ਸਕੇ ਜਨਤਕ ਜਾਣਕਾਰੀ/ਪ੍ਰਸਾਰ ਲਈ ਕਿਊ ਆਰ ਕੋਡ ਨੂੰ ਸਾਂਝਾ ਕੀਤਾ ਜਾਵੇਗਾ।
ਜੰਗਲਾਤ ਵਿਭਾਗ ਵੱਲੋਂ ਇਸ ਨੂੰ ਐਵੇਨਿਊ ਲਾਈਨਾਂ ਨਾਲ ਸਜਾਵਟੀ ਛੋਟੇ ਤੋਂ ਦਰਮਿਆਨੀ ਉਚਾਈ ਦੇ ਦਰੱਖਤ ਜਿਹਨਾਂ ਵਿੱਚ ਲੱਕੜ, ਫਲ, ਚਿਕਿਤਸਕ ਅਤੇ ਵਾਤਾਵਰਣਿਕ ਮਹੱਤਵ ਵਾਲੀਆਂ ਮੂਲ ਕਿਸਮਾਂ ਦੇ ਸਜਾਵਟੀ ਦਿੱਖ ਦੇਣ ਲਈ ਥੀਮੈਟਿਕ ਪੌਦੇ ਲਗਾਏ ਜਾਣਗੇ। ਇਹ ਇੱਕੋ ਸਮੇਂ ਜੰਗਲੀ ਜੀਵਨ, ਖ਼ਾਸਕਰ ਪੰਛੀਆਂ ਲਈ ਇੱਕ ਵਧੀਆ ਰਿਹਾਇਸ਼ ਪ੍ਰਦਾਨ ਕਰੇਗਾ ਅਤੇ ਮਧੂ ਮੱਖੀ ਪਾਲਣ ਦੀ ਇੱਕ ਸੰਭਾਵਨਾ ਪੈਦਾ ਕਰੇਗਾ।

Spread the love