ਮਾਮਲਿਆਂ ਦਾ 17 ਬੈਂਚਾਂ ਨੇ ਕੀਤਾ ਮੌਕੇ ’ਤੇ ਨਿਪਟਾਰਾ
ਰੂਪਨਗਰ, 10 ਜੁਲਾਈ 2021
ਅੱਜ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਮਾਣਯੋਗ ਜਸਟਿਸ ਸ੍ਰੀ ਅਜੇ ਤਿਵਾੜੀ, ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ (ਮੋਹਾਲੀ) ਜੀਆਂ ਦੀ ਅਗਵਾਈ ਹੇਠ ਇਸ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ ਜ਼ਿਲ੍ਹਾ ਅਦਾਲਤਾਂ ਰੂਪਨਗਰ ਵਿਖੇ ਲਗਾਈ ਗਈ। ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਪਰਸਨ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਜੀ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਵਿਚ ਜ਼ਿਲ੍ਹਾ ਰੂਪਨਗਰ ਸਮੇਤ ਸਬ ਡਿਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਤੇ ਸਬ ਡਿਵੀਜ਼ਨ ਨੰਗਲ ਵਿਖੇ ਕੁੱਲ 17 ਬੈਂਚਾਂ ਦਾ ਗਠਨ ਕੀਤਾ ਗਿਆ ਜਿਸ ਵਿਚ 1516 ਕੇਸਾਂ ਦੀ ਸੁਣਵਾਈ ਕੀਤੀ ਗਈ। ਇਨ੍ਹਾਂ ਵਿਚੋਂ ਕੁੱਲ 490 ਕੇਸਾਂ ਦਾ ਮੌਕੇ ਤੇ ਨਿਪਟਾਰਾ ਕਰਕੇ 37091250 ਰੁਪਏ ਦੇ ਅਵਾਰਡ ਪਾਸ ਕੀਤੇ ਗਏ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦੁਆਰਾ ਲੋਕਾਂ ਦੇ ਝਗੜਿਆਂ ਦਾ ਛੇਤੀ, ਸਸਤਾ ਤੇ ਆਪਸੀ ਰਜ਼ਾਮੰਦੀ ਨਾਲ ਨਿਵਾਰਣ ਕੀਤਾ ਜਾਂਦਾ ਹੈ ਤੇ ਇਸ ਦੇ ਫੈਸਲੇ ਨਾਲ ਦੋਵੇਂ ਧਿਰਾਂ ਜਿੱਤ ਮਹਿਸੂਸ ਕਰਦੀਆਂ ਹਨ। ਲੋਕ ਅਦਾਲਤਾਂ ਕੇਸਾਂ ਦੇ ਸਮਝੌਤਿਆਂ ਤੋਂ ਇਲਾਵਾ ਆਪਸੀ ਝਗੜਿਆਂ ਨੂੰ ਖਤਮ ਕਰਕੇ ਲੋਕਾਂ ਦੀ ਸਮਾਜਿਕ ਸਾਂਝ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਸਾਰੇ ਜੱਜ ਸਾਹਿਬਾਨ, ਮੈਂਬਰਾਂ, ਆਮ ਲੋਕਾਂ ਅਤੇ ਹੋਰ ਭਾਗੀਦਾਰਾਂ ਜਿਨ੍ਹਾਂ ਨੇ ਇਸ ਲੋਕ ਭਲਾਈ ਦੇ ਕੰਮ ਲਈ ਮਿਹਨਤ ਕਰਕੇ ਇਸ ਨੂੰ ਕਾਮਯਾਬ ਬਣਾਇਆ, ਦਾ ਧੰਨਵਾਦ ਕੀਤਾ।