ਨਹਿਰੂ ਯੂਵਾ ਕੇਂਦਰ ਵੱਲੋਂ 7ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ

12 ਬਲਾਕਾਂ ਦੇ ਵੱਖ-ਵੱਖ ਪਿੰਡਾਂ ‘ਚੋਂ 28 ਹਜ਼ਾਰ ਲੋਕਾਂ ਨੇ ਕੀਤੀ ਸ਼ਮੂਲੀਅਤ
ਸ਼ਰੀਰ ਦੀ ਤੰਦਰੁਸਤੀ ਤੇ ਮਨ ਦੀ ਸ਼ਾਂਤੀ ਲਈ ਯੋਗਾ ਜ਼ਰੂਰੀ – ਜ਼ਿਲ੍ਹਾ ਯੂਥ ਅਫ਼ਸਰ
ਲੁਧਿਆਣਾ, 21 ਜੂਨ 2021 ਹਰ ਸਾਲ ਦੀ ਤਰ੍ਹਾਂ, ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੁਆਰਾ ਅੰਤਰਰਾਸ਼ਟਰੀ ਯੋਗਾ ਦਿਵਸ ਪ੍ਰੋਗਰਾਮ ਦੇਸ਼ ਭਰ ਦੇ ਯੁਵਾ ਵਲੰਟੀਅਰਾਂ ਦੁਆਰਾ ਮਨਾਇਆ ਗਿਆ। 7ਵੇਂ ਅੰਤਰ ਰਾਸ਼ਟਰੀ ਯੋਗਾ ਦਿਵਸ 2021 ਮੌਕੇ ਨਹਿਰੂ ਯੁਵਾ ਕੇਂਦਰ, ਲੁਧਿਆਣਾ ਵੱਲੋਂ 12 ਬਲਾਕਾਂ ਦੇ ਵੱਖ-ਵੱਖ ਪਿੰਡਾਂ ਵਿੱਚ ਯੋਗਾ ਦਿਵਸ ਮਨਾਇਆ ਗਿਆ, ਜਿਸ ਵਿਚ ਕਰੀਬ 4450 ਪਰਿਵਾਰਾਂ ਦੇ 28 ਹਜ਼ਾਰ ਲੋਕਾਂ ਵੱਲੋਂ ਭਾਗ ਲਿਆ ਗਿਆ।
ਇਸ ਸਾਲ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ‘ਯੋਗਾ ਦੇ ਨਾਲ ਬਣੋ, ਘਰ ਰਹੋ’ ਦੇ ਥੀਮ ‘ਤੇ ਨਹਿਰੂ ਯੁਵਾ ਕੇਂਦਰ ਦੇ ਨੌਜਵਾਨ ਵਾਲੰਟੀਅਰਾਂ ਵੱਲੋਂ ਸਾਰਿਆਂ ਨੂੰ ਘਰ ਵਿਚ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ. ਕੋਰੋਨਾ ਸੰਬਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਸੇ ਵੀ ਤਰ੍ਹਾਂ ਦਾ ਵੱਡਾ ਇਕੱਠ ਨਹੀਂ ਕੀਤਾ ਗਿਆ ਅਤੇ ਸਮੂਹ ਗਤੀਵਿਧੀਆਂ ਆਨਲਾਈਨ ਜਾਂ ਘਰਾ ਵਿੱਚ ਰਹਿ ਕੇ ਹੀ ਕੀਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਿਲਾ ਯੂਥ ਅਫ਼ਸਰ ਰਸ਼ਮੀਤ ਕੌਰ ਨੇ ਦੱਸਿਆ ਕਿ ਸਮੂਹ ਯੂਥ ਕਲੱਬਾਂ ਅਤੇ ਵਲੰਟੀਅਰਾਂ ਦੀ ਆਨਲਾਈਨ ਮੀਟਿੰਗ ਕਰਕੇ ਕਲੱਬਾਂ ਅਤੇ ਵਲੰਟੀਅਰਾਂ ਨੂੰ ਘਰ ਵਿੱਚ ਹੀ ਕਰੋਨਾ ਪ੍ਰਤੀ ਸਾਵਧਾਨੀਆਂ ਵਰਤਦੇ ਹੋਏ ਯੋਗਾ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਯੋਗ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜਿੱਥੇ ਯੋਗ ਦੇ ਆਨਲਾਈਨ ਟ੍ਰੇਨਿੰਗ ਸੈਸ਼ਨ ਚਲ ਰਹੇ ਹਨ, ਓਥੇ ਹੀ ਜਾਗਰੂਕਤਾ ਲਈ ਵੱਖ-ਵੱਖ ਵਿਸ਼ੇ, ਜਿਵੇਂ ਭਾਸ਼ਣ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ। ਉਨ੍ਹਾਂ ਕਿਹਾ ਕਿ ਯੋਗਾ ਨਾਲ ਨਾ ਕੇਵਲ ਸ਼ਰੀਰਿਕ ਤੰਦਰੁਸਤੀ ਰਹਿੰਦੀ ਹੈ ਬਲਕਿ ਇਸ ਨਾਲ ਮਾਨਸਿਕ ਪਰੇਸ਼ਾਨੀਆਂ ਤੋਂ ਵੀ ਦੂਰ ਰਿਹਾ ਜਾ ਸਕਦਾ ਹੈ।
ਅੱਜ 21 ਜੂਨ, 2021 ਨੂੰ ਯੂਥ ਕਲੱਬਾਂ, ਵਲੰਟੀਅਰਾਂ ਅਤੇ ਸਮੂਹ ਸਟਾਫ਼ ਨੇ ਆਪਣੇ-ਆਪਣੇ ਘਰਾ ਵਿੱਚ ਹੀ ਯੋਗ ਅਭਿਆਸ ਕਰਕੇ ‘ਯੋਗਾ ਦਿਵਸ’ ਮਨਾਇਆ।

Spread the love