ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੱਲੋਂ ਵਾਇਰਸ ਖ਼ਿਲਾਫ਼ ਤਿਆਰੀਆਂ ਦੀ ਸਮੀਖਿਆ
ਚੰਡੀਗੜ੍ਹ, 28 ਜਨਵਰੀ
ਪੰਜਾਬ ਵਿੱਚ ਕਰੋਨਾ ਵਾਇਰਸ ਦਾ ਅਜੇ ਤੱਕ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਹਾਲਾਂਕਿ ਚੀਨ ਤੋਂ ਆਉਣ ਵਾਲੇ 16 ਮੁਸਾਫ਼ਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ। ਕੇਵਲ ਇਕ ਵਿਅਕਤੀ ‘ਚ ਇਸ ਬਿਮਾਰੀ ਦੇ ਲੱਛਣ ਸਾਹਮਣੇ ਆਏ ਹਨ ਅਤੇ ਉਹ ਪੀਜੀਆਈ, ਚੰਡੀਗੜ੍ਹ ਵਿੱਚ ਇਲਾਜ ਅਧੀਨ ਹੈ। ਚੰਡੀਗੜ੍ਹ ਦਾ ਇਕ ਮਰੀਜ਼ ਮੁਹਾਲੀ ਵਿਖੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ ਜਦੋਂਕਿ ਬਾਕੀ 15 ਵਿਅਕਤੀਆਂ ਵਿੱਚ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਪਾਏ ਗਏ ਪਰ ਸਿਹਤ ਵਿਭਾਗ ਵੱਲੋਂ ਇਨ੍ਹਾਂ ਸਾਰਿਆਂ ਦੀ ਸਿਹਤ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਕਰੋਨਾ ਵਾਇਰਸ ਬਾਰੇ ਅਲਰਟ ਤੋਂ ਬਾਅਦ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਇਸ ਵਾਇਰਸ ਖ਼ਿਲਾਫ਼ ਤਿਆਰੀਆਂ ਦੀਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਇਥੇ ਹੈੱਡਕੁਆਰਟਰ ‘ਤੇ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸ਼ੱਕੀ ਕੇਸ ਸਾਹਮਣੇ ਆਉਂਦਾ ਹੈ ਤਾਂ ਸਾਰੇ ਜ਼ਿਲ੍ਹਿਆਂ ਵਿੱਚ ਵੱਖਰੇ ਵਾਰਡ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਾਰੇ ਮੈਡੀਕਲ ਕਾਲਜਾਂ ਨੂੰ ਵੈਂਟੀਲੇਟਰਾਂ ਵਾਲੇ ਵਾਰਡ ਕਾਇਮ ਕਰਨ ਤੋਂ ਇਲਾਵਾ ਸ਼ੱਕੀ ਕੇਸਾਂ ਦੀ ਜਾਂਚ ਅਤੇ ਨਮੂਨੇ ਲੈਣ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹੁਣ ਤੱਕ ਚੀਨ ਮੁੱਖ ਰੂਪ ਵਿੱਚ ਇਸ ਵਾਇਰਸ ਤੋਂ ਪ੍ਰਭਾਵਿਤ ਦੇਸ਼ ਹੈ ਅਤੇ ਕੁਝ ਹੋਰ ਦੇਸ਼ਾਂ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵੱਲੋਂ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ ‘ਤੇ ਆਉਣ ਵਾਲੇ ਯਾਤਰੀਆਂ ਦੀ ਥਰਮਲ ਸਕਰੀਨਿੰਗ ਸ਼ੁਰੂ ਕੀਤੀ ਗਈ ਹੈ ਤਾਂ ਜੋ ਚੀਨ ਅਤੇ ਇਸ ਵਾਇਰਸ ਤੋਂ ਪ੍ਰਭਾਵਿਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ ਦੀ ਜਾਂਚ ਕੀਤੀ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀਆਂ ਟੀਮਾਂ ਦਿਨ-ਰਾਤ ਡਿਊਟੀ ‘ਤੇ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਐਮਰਜੈਂਸੀ ਲਈ ਇੱਕ ਐਂਬੂਲੈਂਸ ਵੀ ਮੁਹੱਈਆ ਕਰਵਾਈ ਗਈ ਹੈ।
ਉਨ੍ਹਾਂ ਕਿਹਾ, ”ਹਲਾਂਕਿ ਚੀਨ ਅਤੇ ਹੋਰ ਪ੍ਰਭਾਵਿਤ ਦੇਸ਼ਾਂ ਤੋਂ ਮੁਹਾਲੀ ਹਵਾਈ ਅੱਡੇ ਲਈ ਸਿੱਧੀ ਉਡਾਣ ਨਹੀਂ ਹੈ ਫਿਰ ਵੀ ਪੰਜਾਬ ਸਰਕਾਰ ਵੱਲੋਂ ਮੁਹਾਲੀ ਹਵਾਈ ਅੱਡੇ ‘ਤੇ ਇਕ ਹੈਲਥ ਚੈੱਕ ਪੁਆਇੰਟ ਸਥਾਪਤ ਕੀਤਾ ਗਿਆ ਹੈ। ਸਬੰਧਤ ਟੀਮ ਵੱਲੋਂ ਸ਼ਾਰਜਾ ਤੋਂ ਆਉਣ ਵਾਲੇ ਵਿਅਕਤੀਆਂ ਦੀ ਸਕਰੀਨਿੰਗ ਕੀਤੀ ਗਈ ਅਤੇ ਕੋਈ ਵੀ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ।”
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਕੋਈ ਵਿਅਕਤੀ ਜਿਸ ਨੇ ਚੀਨ ਦੀ ਯਾਤਰਾ ਕੀਤੀ ਅਤੇ 1 ਜਨਵਰੀ, 2020 ਤੱਕ ਭਾਰਤ ਆਇਆ, ਉਸ ਵਿਅਕਤੀ ਲਈ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਰਿਪੋਰਟ ਕਰਨਾ ਜਾਂ ਹੈਲਪਲਾਈਨ ਨੰਬਰ 104 ਉਤੇ ਸੰਪਰਕ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਸਿਹਤ ਵਿਭਾਗ ਇਸ ਬਿਮਾਰੀ ਸਬੰਧੀ ਜਾਂਚ ਕਰ ਸਕੇ ਅਤੇ ਇਸ ਦੇ ਇਲਾਜ ਲਈ ਢੁੱਕਵੇਂ ਕਦਮ ਚੁੱਕੇ ਜਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਜੇ ਕਿਸੇ ਵਿਅਕਤੀ ਨੇ ਚੀਨ ਦੀ ਯਾਤਰਾ ਕੀਤੀ ਹੈ ਪਰ ਉਸ ਨੂੰ ਬੁਖਾਰ ਅਤੇ ਸਾਹ ਲੈਣ ਵਿੱਚ ਦਿੱਕਤ ਸਬੰਧੀ ਕੋਈ ਤਕਲੀਫ ਨਹੀਂ ਹੈ ਤਾਂ ਵੀ ਉਸ ਨੂੰ ਘਰ ਵਿੱਚ ਵੱਖ ਰਹਿਣ ਅਤੇ ਹਸਪਤਾਲ ਵਿੱਚ ਰਿਪੋਰਟ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਜੇਕਰ ਚੀਨ ਜਾਂ ਕਿਸੇ ਹੋਰ ਪ੍ਰਭਾਵਿਤ ਦੇਸ਼ ਤੋਂ ਆਏ ਕਿਸੇ ਵਿਅਕਤੀ ਨੂੰ ਬੁਖਾਰ, ਖੰਘ ਤੇ ਸਾਹ ਚੜ੍ਹਨਾ ਜਾਂ ਸਾਹ ਲੈਣ ਵਿੱਚ ਮੁਸ਼ਕਲ ਆਉਣ ਵਰਗੇ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਜ਼ਿਲ੍ਹਾ ਹਸਪਤਾਲ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ।
ਜਿਨ੍ਹਾਂ ਵਿਅਕਤੀਆਂ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਗਏ ਹਨ ਉਨ੍ਹਾਂ ਨੂੰ ਛਿੱਕਣ ਜਾਂ ਖੰਘਣ ਸਮੇਂ ਆਪਣਾ ਮੂੰਹ ਅਤੇ ਨੱਕ ਮਾਸਕ ਅਤੇ ਟਿਸ਼ੂ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੁੰਦੇ ਉਦੋਂ ਤੱਕ ਚੀਨ ਦੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਗਰੂਕਤਾ ਫੈਲਾਉਣ ਅਤੇ ਚੀਨ ਦੀ ਯਾਤਰਾ ਕਰਨ ਵਾਲੇ ਵਿਅਕਤੀਆਂ ਅਤੇ ਜਿਨ੍ਹਾਂ ਵਿੱਚ ਇਸ ਵਾਇਰਸ ਦੇ ਲੱਛਣ ਪਾਏ ਗਏ ਹਨ, ਦੀ ਸਵੈ-ਘੋਸ਼ਣਾ ਲਈ ਅਟਾਰੀ ਸਰਹੱਦ ਅਤੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਮੈਡੀਕਲ ਚੈੱਕ ਪੋਸਟ ਬਣਾਈ ਗਈ ਹੈ।
ਸਿਹਤ ਮੰਤਰੀ ਨੇ ਦੱÎਸਿਆ ਕਿ ਇਸ ਬਿਮਾਰੀ ਦੇ ਟਾਕਰੇ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਜਿਸ ਵਿੱਚ ਵੱਖਰੇ ਵਾਰਡ ਤਿਆਰ ਕਰਨਾ, ਸ਼ੱਕੀ ਮਰੀਜ਼ ਦੇ ਨਮੂਨੇ ਲੈਣਾ ਅਤੇ ਏਅਰਪੋਰਟ ਅਥਾਰਟੀਆਂ ਦੇ ਸਹਿਯੋਗ ਨਾਲ ਇਹ ਨਮੂਨੇ ਐਨ.ਆਈ.ਵੀ. ਪੁਣੇ (ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ) ਨੂੰ ਅੱਗੇ ਭੇਜਣਾ ਸ਼ਾਮਲ ਹੈ। ਸੂਬਾਈ ਅਤੇ ਜ਼ਿਲ੍ਹਾ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਕਰਨ ਤੋਂ ਇਲਾਵਾ ਸੂਬਾਈ ਅਤੇ ਜ਼ਿਲ੍ਹਾ ਪੱਧਰ ‘ਤੇ ਰੈਪਿਡ ਰਿਪਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਕਰੋਨਾ ਵਾਇਰਸ ਸਬੰਧੀ ਜਾਣਕਾਰੀ ਲਈ 104 ਹੈਲਪਲਾਈਨ ਨੰਬਰ 24 ਘੰਟੇ ਚਾਲੂ ਹੈ। ਕਰੋਨਾ ਵਾਇਰਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੋਈ ਵੀ ਵਿਅਕਤੀ ਇਸ ਨੰਬਰ ‘ਤੇ ਸੰਪਰਕ ਕਰ ਸਕਦਾ ਹੈ।