ਰਜਿਸਟਰੇਸ਼ਨ ਸਰਟੀਫ਼ੀਕੇਟ/ਲਾਇਸੰਸ ਬਣਵਾਉਣ ਲਈ ਸਿਹਤ ਵਿਭਾਗ ਦੇ ਦਫ਼ਤਰ ਆਉਣ ਦੀ ਲੋੜ ਨਹੀਂ : ਡਾ. ਆਦਰਸ਼ਪਾਲ ਕੌਰ
1 ਜਨਵਰੀ ਤੋਂ ਖਾਧ ਪਦਾਰਥਾਂ ਦੇ ਬਿੱਲਾਂ ’ਤੇ ਫ਼ੂਡ ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ
ਐਸ.ਏ.ਐਸ ਨਗਰ , 30 ਦਸੰਬਰ 2021
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਖਾਣ-ਪੀਣ ਦੀਆਂ ਚੀਜ਼ਾਂ ਦੇ ਕਾਰੋਬਾਰੀਆਂ/ਦੁਕਾਨਦਾਰਾਂ ਨੂੰ ਇਕ ਵਾਰ ਫਿਰ ਅਪੀਲ ਕਰਦਿਆਂ ਕਿਹਾ ਕਿ ਅਜਿਹੇ ਹਰ ਦੁਕਾਨਦਾਰ ਜਾਂ ਰੇਹੜੀ-ਫੜ੍ਹੀ ਵਾਲੇ ਲਈ ਜ਼ਿਲ੍ਹਾ ਸਿਹਤ ਵਿਭਾਗ ਦੇ ਫ਼ੂਡ ਸੇਫ਼ਟੀ ਵਿੰਗ ਕੋਲੋਂ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਉਣਾ ਲਾਜ਼ਮੀ ਹੈ, ਜਿਸ ਵਾਸਤੇ ਸਿਹਤ ਵਿਭਾਗ ਦੇ ਦਫ਼ਤਰ ਆਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਵਾਉਣ ਦੀ ਸਮੁੱਚੀ ਪ੍ਰਕਿ੍ਰਆ ਆਨਲਾਈਨ ਹੈ।
ਹੋਰ ਪੜ੍ਹੋ :-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਤਹਿਤ ਬਲਾਕ ਪੱਧਰੀ ਟੂਰਨਾਮੈਂਟ
ਵਿਭਾਗ ਦੀ ਵੈਬਸਾਈਟ www.foscos.fssai.gov.in ’ਤੇ ਆਨਲਾਈਨ ਤਰੀਕੇ ਨਾਲ ਘਰ ਬੈਠੇ ਹੀ ਰਜਿਸਟਰੇਸ਼ਨ ਸਰਟੀਫ਼ੀਕੇਟ ਜਾਂ ਲਾਇਸੰਸ ਬਣਵਾਇਆ ਜਾ ਸਕਦਾ ਹੈ ਜਿਸ ਵਾਸਤੇ ਸਿਰਫ਼ ਸਰਕਾਰੀ ਫ਼ੀਸ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਪ੍ਰਕਿ੍ਰਆ ਬਣਾਉਣ ਦਾ ਮਕਸਦ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨਾ ਹੈ ਪਰ ਪੁੱਛਗਿਛ ਆਦਿ ਵਾਸਤੇ ਸਿਵਲ ਸਰਜਨ ਦਫ਼ਤਰ ਦੇ ਗੇੜੇ ਲਾਉਣ ਨਾਲ ਸਬੰਧਤ ਦੁਕਾਨਦਾਰ ਜਾਂ ਕਾਰੋਬਾਰੀ (ਫ਼ੂਡ ਬਿਜ਼ਨਸ ਆਪਰੇਟਰ-ਐਫ਼.ਬੀ.ਓ.) ਦਾ ਅਪਣਾ ਹੀ ਸਮਾਂ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ, ‘ਵੇਖਣ ਵਿਚ ਆਇਆ ਹੈ ਕਿ ਕੁਝ ਲੋਕ ਫ਼ੂਡ ਸੇਫ਼ਟੀ ਲਾਇੰਸਸ ਬਣਵਾਉਣ ਲਈ ਉਨ੍ਹਾਂ ਦੇ ਦਫ਼ਤਰ ਆਉਂਦੇ ਹਨ ਜਦਕਿ ਇਹ ਕੰਮ ਆਨਲਾਈਨ ਹੀ ਹੁੰਦਾ ਹੈ। ਇਸ ਸਬੰਧ ਵਿਚ ਜਾਣਕਾਰੀ ਲਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ ਨਾਲ ਫ਼ੋਨ ਨੰਬਰ 98766 43047 ’ਤੇ ਸੰਪਰਕ ਕੀਤਾ ਜਾ ਸਕਦਾ ਹੈ।’
ਇਕ ਹੋਰ ਅਹਿਮ ਜਾਣਕਾਰੀ ਮੁੜ ਸਾਂਝੀ ਕਰਦਿਆਂ ਸਿਵਲ ਸਰਜਨ ਨੇ ਦਸਿਆ ਕਿ 1 ਜਨਵਰੀ, 2022 ਤੋਂ ਖਾਣ-ਪੀਣ ਵਾਲੇ ਕਿਸੇ ਵੀ ਪਦਾਰਥ ਦੀ ਵਿਕਰੀ ਕਰਦੇ ਸਮੇਂ ਵਿਕਰੇਤਾ ਵਾਸਤੇ ਬਿੱਲ ਜਾਂ ਕੈਸ਼ ਰਸੀਦ ਉਤੇ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫ਼.ਐਸ.ਐਸ.ਏ.ਆਈ.) ਦੁਆਰਾ ਜਾਰੀ 14 ਅੰਕਾਂ ਵਾਲਾ ਰਜਿਸਟਰੇਸ਼ਨ ਨੰਬਰ ਲਿਖਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦਸਿਆ ਕਿ ਅਥਾਰਟੀ ਵਲੋਂ ਗਾਹਕਾਂ ਦੀ ਸਹੂਲਤ ਲਈ 1 ਜਨਵਰੀ 2022 ਤੋਂ ਇਹ ਨਿਯਮ ਦੇਸ਼ ਭਰ ਵਿਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਨੰਬਰ ਜ਼ਰੀਏ ਗਾਹਕ ਇਹ ਯਕੀਨੀ ਕਰ ਸਕੇਗਾ ਕਿ ਉਹ ਜਿਸ ਦੁਕਾਨਦਾਰ ਕੋਲੋਂ ਖਾਣ-ਪੀਣ ਦੀ ਕੋਈ ਵਸਤੂ ਖ਼ਰੀਦ ਰਿਹਾ ਹੈ, ਉਸ ਕੋਲ ਰਜਿਸਟਰੇਸ਼ਨ ਨੰਬਰ ਹੈ ਵੀ ਜਾਂ ਨਹੀਂ। ਕਈ ਵਾਰ ਗਾਹਕ ਜਦੋਂ ਕਿਸੇ ਦੁਕਾਨਦਾਰ ਜਾਂ ਖਾਣ-ਪੀਣ ਦੀਆਂ ਵਸਤਾਂ ਦੇ ਕਾਰੋਬਾਰੀ ਵਿਰੁਧ ਸ਼ਿਕਾਇਤ ਕਰਦੇ ਹਨ ਤਾਂ ਦੁਕਾਨਦਾਰ ਦੇ ਅਧੂਰੇ ਪਤੇ ਜਾਂ ਵੇਰਵੇ ਕਾਰਨ ਵਿਭਾਗ ਨੂੰ ਉਸ ਦਾ ਪਤਾ ਲਾਉਣ ਅਤੇ ਪੁੱਛਗਿਛ ਕਰਨ ਵਿਚ ਦਿੱਕਤ ਆਉਂਦੀ ਹੈ ਜਿਸ ਕਾਰਨ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਪਰ ਹੁਣ ਜੇ ਕੋਈ ਗਾਹਕ ਕਿਸੇ ਫ਼ੂਡ ਬਿਜ਼ਨਸ ਆਪਰੇਟਰ ਵਿਰੁਧ ਸ਼ਿਕਾਇਤ ਕਰੇਗਾ ਤਾਂ ਉਹ ਰਜਿਸਟਰੇਸ਼ਨ ਨੰਬਰ ਦਾ ਹਵਾਲਾ ਦੇ ਕੇ ਸ਼ਿਕਾਇਤ ਕਰ ਸਕਦਾ ਹੈ।
ਡਾ. ਆਦਰਸ਼ਪਾਲ ਕੌਰ ਨੇ ਇਹ ਵੀ ਦਸਿਆ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣ ਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲ੍ਹੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਦੁਕਾਨਦਾਰ ਨੂੰ ਟਰੇਅ ਉਤੇ ਮਿਆਦ ਦੀ ਤਰੀਕ ਦਰਸਾਉਣੀ ਪਵੇਗੀ। ਇਹ ਨਿਯਮ 1 ਅਕਤੂਬਰ, 2020 ਤੋਂ ਲਾਗੂ ਹੈ।
ਫ਼ੋਟੋ ਕੈਪਸ਼ਨ : ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ।