ਮੁੱਖ ਸਕੱਤਰ ਨੇ ਲਿਆ ਟੀਕਾਕਰਨ ਮੁਹਿੰਮ ਦਾ ਜਾਇਜ਼ਾ, ਬਾਕੀ ਰਹਿੰਦੇ ਲਾਭਪਾਤਰੀਆਂ ਦਾ ਆਫ-ਲਾਈਨ ਡਾਟਾ ਇਕੱਤਰ ਕਰਨ ਦੇ ਆਦੇਸ਼; ਫਰੰਟਲਾਈਨ ਵਰਕਰ ਮਾਰਚ ਦੇ ਪਹਿਲੇ ਹਫ਼ਤੇ ਤੱਕ ਕਵਰ ਕਰ ਲਏ ਜਾਣਗੇ
ਚੰਡੀਗੜ੍ਹ, ਫਰਵਰੀ 8:
ਸੂਬਾ ਸਰਕਾਰ ਵਲੋਂ ਸਿਹਤ ਕਰਮਚਾਰੀਆਂ ਨੂੰ ਕੋਵਿਡ ਦਾ ਪਹਿਲਾ ਟੀਕਾ ਲਗਵਾਉਣ ਦੀ ਸਮਾਂ ਸੀਮਾ 12 ਫਰਵਰੀ ਤੋਂ ਵਧਾ ਕੇ 19 ਫਰਵਰੀ ਕਰ ਦਿੱਤੀ ਗਈ ਹੈ। ਜਿਹੜੇ ਸਿਹਤ ਕਰਮਚਾਰੀ ਉਦੋਂ ਤੱਕ ਟੀਕਾ ਲਗਵਾਉਣ ਵਿਚ ਅਸਫਲ ਰਹਿੰਦੇ ਹਨ ਉਹ ਮੁਫ਼ਤ ਟੀਕਾਕਰਨ ਨਹੀਂ ਕਰਵਾ ਸਕਣਗੇ ਅਤੇ ਉਹਨਾਂ ਨੂੰ ਟੀਕਾਕਰਣ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਮੁਕੰਮਲ ਹੋਣ ਉਪਰੰਤ ਆਮ ਲੋਕਾਂ ਦੀ ਟੀਕਾਕਰਨ ਮੁਹਿੰਮ ਵਿਚ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਚੱਲ ਰਹੇ ਦੂਜੇ ਪੜਾਅ ਵਿਚ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਮਾਰਚ ਦੇ ਪਹਿਲੇ ਹਫ਼ਤੇ ਤਕ ਮੁਕੰਮਲ ਕਰ ਲਿਆ ਜਾਵੇਗਾ। ਇਹ ਫੈਸਲਾ ਅੱਜ ਕੋਵਿਡ ਟੀਕਾਕਰਨ ਲਈ ਸਟੇਟ ਸਟੀਅਰਿੰਗ ਕਮੇਟੀ ਦੀ ਤੀਜੀ ਮੀਟਿੰਗ ਦੌਰਾਨ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਵਿਚ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਹੈਲਥ ਕੇਅਰ ਵਰਕਰਾਂ ਨੂੰ 12 ਫਰਵਰੀ ਤੱਕ ਦਿੱਤੀ ਜਾਣ ਵਾਲੀ ਟੀਕੇ ਦੀ ਪਹਿਲੀ ਖੁਰਾਕ ਹੁਣ 19 ਫਰਵਰੀ ਤੱਕ ਦਿੱਤੀ ਜਾਵੇਗੀ। ਜਿਹੜੇ ਸਿਹਤ ਕਰਮਚਾਰੀ ਉਦੋਂ ਤੱਕ ਟੀਕਾ ਲਗਵਾਉਣ ਵਿਚ ਅਸਫਲ ਰਹਿੰਦੇ ਹਨ ਉਹਨਾਂ ਨੂੰ ਆਮ ਲੋਕਾਂ ਨਾਲ ਟੀਕਾ ਲਗਾਇਆ ਜਾਵੇਗਾ ਅਤੇ ਉਹ ਪਹਿਲ ਦੇ ਅਧਾਰ ‘ਤੇ ਮੁਫਤ ਟੀਕਾਕਰਨ ਨਹੀਂ ਕਰਵਾ ਸਕਣਗੇ।
ਸੂਬੇ ਵਿੱਚ ਟੀਕਾਕਰਣ ਦੀ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਮੁੱਖ ਸਕੱਤਰ ਨੇ ਸਿਹਤ ਵਿਭਾਗ ਨੂੰ ਟੀਕਾ ਲਗਵਾਉਣ ਵਾਲੇ ਲਾਭਪਾਤਰੀਆਂ ਦੇ ਟੀਕਾਕਰਨ ਤੋਂ ਬਾਅਦ ਦੇ ਪ੍ਰਤੀਕਰਮ ਬਾਰੇ ਨਿਗਰਾਨੀ ਅਤੇ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ।
ਸ੍ਰੀਮਤੀ ਵਿਨੀ ਮਹਾਜਨ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਉਹਨਾਂ ਸਿਹਤ ਕਰਮਚਾਰੀ ਅਤੇ ਫਰੰਟਲਾਈਨ ਕਰਮਚਾਰੀਆਂ ਦਾ ਆਫਲਾਈਨ ਡਾਟਾ ਇਕੱਤਰ ਕੀਤਾ ਜਾਵੇ, ਜਿਹੜੇ ਅਜੇ ਤੱਕ ਰਜਿਸਟਰਡ ਨਹੀਂ ਹੋਏ ਹਨ ਅਤੇ ਟੀਕਾ ਲਗਵਾਉਣ ਦੇ ਚਾਹਵਾਨ ਹਨ ਅਤੇ ਉਹਨਾਂ ਦੀ ਰਜਿਸਟ੍ਰੇਸਨ ਦੀ ਤਿਆਰੀ ਕੀਤੀ ਜਾਵੇ। ਰਾਜ ਸਰਕਾਰ ਕੇਂਦਰ ਨੂੰ ਬੇਨਤੀ ਕਰੇਗੀ ਕਿ ਤਰਜੀਹੀ ਗਰੁੱਪ ਅਧੀਨ ਟੀਕਾ ਲਗਵਾਉਣ ਦੇ ਇੱਛੁਕ ਵਿਅਕਤੀਆਂ ਨੂੰ ਟੀਕਾ ਲਗਾਇਆ ਜਾਵੇ ਅਤੇ ਇਹਨਾਂ ਨਾਲ ਸਬੰਧਤ ਵੇਰਵੇ ਅਪਲੋਡ ਕਰਨ ਦੀ ਆਗਿਆ ਦਿੱਤੀ ਜਾਵੇ।
ਮੁੱਖ ਸਕੱਤਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਟੀਕੇ ਨੂੰ ਬੇਲੋੜਾ ਖਰਾਬ ਨਾ ਕੀਤਾ ਜਾਵੇ ਅਤੇ ਇਸ ਪ੍ਰਕਿਰਿਆ ਦੀ ਸਖਤੀ ਨਾਲ ਨਿਗਰਾਨੀ ਕੀਤੀ ਜਾਵੇ। ਉਨਾਂ ਰਾਜ ਦੇ ਮੁੱਖ ਦਫ਼ਤਰ ਵਿਖੇ ਕੰਮ ਕਰ ਰਹੇ ਫਰੰਟਲਾਈਨ ਕਰਮਚਾਰੀਆਂ ਦਾ ਡਾਟਾ ਤੁਰੰਤ ਇਕੱਤਰ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉਹਨਾਂ ਨੂੰ ਚੱਲ ਰਹੀ ਮੁਹਿੰਮ ਤਹਿਤ ਕਵਰ ਕੀਤਾ ਜਾ ਸਕੇ।
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਮੁੱਖ ਸਕੱਤਰ ਨੂੰ ਉਨਾਂ ਵੱਲੋਂ ਦਿੱਤੇ ਸੁਝਾਵਾਂ ਅਤੇ ਨਿਰਦੇਸ਼ਾਂ ਉੱਤੇ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨਾਂ ਨਾਲ ਹੀ ਦੱਸਿਆ ਕਿ ਰਾਜ ਵਿੱਚ ਹੁਣ ਤੱਕ 2.05 ਲੱਖ ਹੈਲਥਕੇਅਰ ਅਤੇ 1.68 ਲੱਖ ਫਰੰਟਲਾਈਨ ਕਰਮਚਾਰੀ ਟੀਕਾਕਰਨ ਲਈ ਰਜਿਸਟਰਡ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਸਾਰੇ ਸਿਹਤ ਕਰਮਚਾਰੀਆਂ ਨੂੰ ਟੀਕਾਕਰਣ ਦੀ ਪਹਿਲੀ ਖੁਰਾਕ ਲਗਵਾਉਣ ਦਾ ਪ੍ਰਸਤਾਵ ਦਿੱਤਾ ਹੈ। ਉਨਾਂ ਇਹ ਵੀ ਭਰੋਸਾ ਦਿੱਤਾ ਕਿ ਮਾਰਚ ਦੇ ਪਹਿਲੇ ਹਫਤੇ ਤੱਕ ਫਰੰਟਲਾਈਨ ਕਰਮਚਾਰੀਆਂ ਦਾ ਟੀਕਾਕਰਨ ਮੁਕੰਮਲ ਕਰ ਲਿਆ ਜਾਵੇਗਾ।
ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ, ਵੱਖ-ਵੱਖ ਵਿਭਾਗਾਂ ਜਿਵੇਂ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਸਥਾਨਕ ਸਰਕਾਰਾਂ, ਮਕਾਨ ਅਤੇ ਸ਼ਹਿਰੀ ਵਿਕਾਸ, ਮਾਲ, ਗ੍ਰਹਿ, ਖੇਡਾਂ ਅਤੇ ਯੁਵਕ ਸੇਵਾਵਾਂ, ਸਕੂਲ ਸਿੱਖਿਆ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ, ਸੂਚਨਾ ਅਤੇ ਲੋਕ ਸੰਪਰਕ, ਕਿਰਤ ਅਤੇ ਰੁਜ਼ਗਾਰ, ਵਿਸ਼ਵ ਸਿਹਤ ਸੰਸਥਾ ਦੇ ਪ੍ਰਬੰਧਕੀ ਸਕੱਤਰ ਅਤੇ ਸੀਨੀਅਰ ਪ੍ਰੋਜੈਕਟ ਅਫਸਰ, ਯੂ.ਐਨ.ਡੀ.ਪੀ., ਪੰਜਾਬ ਵਰਚੁਅਲ ਮੀਟਿੰਗ ਵਿੱਚ ਮੌਜੂਦ ਸਨ।