ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ਉਤੇ ਢੁਕਵੇਂ ਪ੍ਰਬੰਧ ਕੀਤੇ ਜਾਣਗੇ: ਸੋਨਾਲੀ ਗਿਰਿ
ਰੂਪਨਗਰ 7 ਫਰਵਰੀ 2022
ਵਿਧਾਨ ਸਭਾ ਚੋਣਾਂ ਲਈ ਹਲਕਾ 50 ਵਿਚ ਪੋਲਿੰਗ ਬੂਥਾਂ ਉਤੇ ਤੈਨਾਤ ਸਟਾਫ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੋਵਿਡ ਦੀਆਂ ਸਾਵਧਾਨੀਆਂ ਦੀ ਪੂਰੀ ਤਰਾਂ ਪਾਲਣਾ ਕਰਨ ਅਤੇ ਵੋਟਰਾਂ ਦੀ ਸਹੁਲਤ ਲਈ ਹਰ ਪੋਲਿੰਗ ਬੂਥ ਉਤੇ ਲੋੜੀਦੀਆਂ, ਢੁਕਵੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ ਤਾਂ ਜੋ ਚੋਣ ਕਮਿਸ਼ਨ ਦੇ ਨਿਰਦੇਸ਼ਾ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜਰਨਲ ਆਬਜ਼ਰਵਰ ਸ਼੍ਰੀ ਪੰਧਾਰੀ ਯਾਦਵ ਅਤੇ ਪੁਲਿਸ ਆਬਜ਼ਰਵਰ ਸ਼੍ਰੀ ਧਰਮਿੰਦਰ ਸਿੰਘ ਨੇ ਪੋਲਿੰਗ ਸਟਾਫ ਦੀ ਸਰਕਾਰੀ ਕਾਲਜ ਰੂਪਨਗਰ ਵਿਖੇ ਚੋਣ ਪ੍ਰਕਿਰਿਆ ਬਾਰੇ ਦੂਜੀ ਰਿਹਸਲ ਦਾ ਜਾਇਜ਼ਾ ਲੈਂਦੇ ਹੋਏ ਕੀਤਾ।
ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਸੋਨਾਲੀ ਗਿਰਿ, ਰਿਟਰਨਿੰਗ ਅਫਸਰ ਸ੍ਰੀ ਗੁਰਵਿੰਦਰ ਜੌਹਲ ਅਤੇ ਤਹਿਸੀਲਦਾਰ ਰੂਪਨਗਰ ਸ੍ਰੀ ਹਰਬੰਸ ਸਿੰਘ ਵੀ ਮੌਜੂਦ ਸਨ।
ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੋਣ ਪ੍ਰਕਿਰਿਆ ਬਾਰੇ ਦੂਜੀ ਸਿਖਲਾਈ ਮਾਸਟਰ ਟ੍ਰੇਨਰਜ਼ ਵਲੋਂ ਪੋਲਿੰਗ ਸਟਾਫ ਦੇ ਬੈਚ ਬਣਾ ਕੇ ਦਿੱਤੀ ਗਈ। ਇਸ ਸਿਖਲਾਈ ਅਧੀਨ ਪੋਲਿੰਗ ਸਟਾਫ ਨੂੰ ਈ.ਵੀ.ਐਮ. ਬਾਰੇ, ਪੋਲ ਡੇਅ ਵਾਲੇ ਦਿਨ ਹੋਣ ਵਾਲੇ ਕੰਮ ਅਤੇ ਵਿਭਿੰਨ ਪ੍ਰਸਥਿਤੀਆਂ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਦੱਸਿਆ ਗਿਆ।
ਇਸ ਸਿਖਲਾਈ ਦੌਰਾਨ ਮਾਸਟਰ ਟ੍ਰੇਨਰਜ਼ ਸ਼੍ਰੀ ਜਤਿੰਦਰ ਸਿੰਘ, ਸ਼੍ਰੀ ਗੋਤਮ ਪਰਿਹਾਰ, ਸ਼੍ਰੀ ਗੁਰਦਿਆਲ ਸਿੰਘ, ਸ਼੍ਰੀ ਤਜਿੰਦਰ ਸਿੰਘ, ਸ਼੍ਰੀ ਦਪਿੰਦਰ ਸਿੰਘ, ਸ਼੍ਰੀ ਜਗਜੀਤ ਸਿੰਘ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਵਿਜੇ ਕੁਮਾਰ, ਸ਼੍ਰੀ ਮਨਦੀਪ ਸਿੰਘ, ਵਲੋਂ ਪੋਲਿੰਗ ਸਟਾਫ ਨੂੰ ਜਾਣਕਾਰੀ ਦਿੱਤੀ ਗਈ। ਪੋਲਿੰਗ ਬੂਥ ਉਤੇ ਕੀਤੀ ਜਾਣ ਵਾਲੀ ਸਮੁੱਚੀ ਕਾਰਵਾਈ ਦੀ ਪ੍ਰਕਿਰਿਆ ਬਾਰੇ ਮਾਸਟਰ ਟ੍ਰੇਨਰਜ਼ ਸਟਾਫ ਨੂੰ ਜਾਣਕਾਰੀ ਦੇ ਰਹੇ ਹਨ, ਹਰ ਵੋਟਰ ਦੇ ਲਈ ਪੋਲਿੰਗ ਬੂਥ ਉਤੇ ਵਿਸੇਸ਼ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਮਾਸਕ, ਸੈਨੈਟਾਈਜਰ ਅਤੇ ਸਮਾਜਿਕ ਦੂਰੀ ਤੋ ਇਲਾਵਾ ਵੋਟ ਪਾਉਣ ਸਮੇਂ ਵੋਟਰ ਦੇ ਤਾਪਮਾਨ ਦੀ ਪੜਤਾਲ ਲਈ ਥਰਮਲ ਸਕੈਨਿੰਗ ਅਤੇ ਗਲਵਜ਼ (ਦਸਤਾਨਾ) ਦੀ ਵਿਸੇਸ਼ ਵਿਵਸਥਾ ਕੀਤੀ ਗਈ।
ਸ਼੍ਰੀਮਤੀ ਸੋਨਾਲੀ ਗਿਰਿ ਨੇ ਦੱਸਿਆ ਕਿ ਹਰ ਪੋਲਿੰਗ ਬੂਥ ਉਤੇ 2 ਆਸ਼ਾ ਵਰਕਰ, ਕੋਵਿਡ ਦੇ ਨਿਯਮਾ ਦੀ ਪਾਲਣਾ ਅਤੇ ਹੋਰ ਜਾਣਕਾਰੀ ਦੇਣ ਲਈ ਤੈਨਾਤ ਰਹਿਣਗੇ। ਉਨ੍ਹਾਂ ਨੇ ਪੋਲਿੰਗ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਨਿਯਮਾਂ ਦੀ ਪਾਲਣਾਂ ਨੂੰ ਯਕੀਨੀ ਬਣਾਉਣ।
ਉਨ੍ਹਾਂ ਨੇ ਦੱਸਿਆ ਕਿ ਸਮੁੱਚੀ ਚੋਣ ਪ੍ਰਕਿਰਿਆ ਨੂੰ ਪੂਰੀ ਤਰਾਂ ਪਾਰਦਰਸ਼ੀ ਰੱਖਿਆ ਹੈ, ਇਸ ਦੇ ਲਈ ਚੋਣ ਡਿਊਟੀ ਉਤੇ ਤੈਨਾਤ ਸਮੁੱਚੇ ਸਟਾਫ ਨੂੰ ਸਮੇ ਸਮੇ ਤੇ ਬੈਠਕਾਂ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ।