ਕੈਂਸਰ ਮਰੀਜਾਂ ਦੇ ਮੁਫ਼ਤ ਇਲਾਜ ਲਈ 850 ਕਰੋੜ ਰੁਪਏ ਦੀ ਰਾਸ਼ੀ ਕੀਤੀ ਗਈ ਖਰਚ
120 ਕਰੋੜ ਰੁਪਏ ਦੀ ਲਾਗਤ ਨਾਲ ਜਿਲ੍ਹੇ ਵਿੱਚ ਸਟੇਟ ਕੈਂਸਰ ਇੰਸਟੀਚਿਊਟ ਜਲਦ ਹੋਵੇਗਾ ਕਾਰਜਸ਼ੀਲ
ਗੈਰਸੰਚਾਰੀ ਬਿਮਾਰੀਆਂ ਦੀ ਜਾਗਰੂਕਤਾ ਲਈ ਸਾਈਕਲ ਰੈਲੀ ਨੂੰ ਕੀਤਾ ਰਵਾਨਾ
ਅੰਮ੍ਰਿਤਸਰ 4 ਦਸੰਬਰ 2021
ਸੂਬੇ ਵਿਚ ਅਜੇ ਤੱਕ ਓਮੀਕਰੋਨ ਦਾ ਕੋਈ ਕੇਸ ਨਹੀਂ ਪਾਇਆ ਗਿਆ ਅਤੇ ਸਰਕਾਰ ਵਲੋਂ ਤੀਸਰੀ ਲਹਿਰ ਨਾਲ ਨਿਪਟਣ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਰਾਜ ਦੇ ਸਾਰੇ ਹਵਾਈ ਅੱਡਿਆਂ ਤੇ ਸਿਹਤ ਵਿਭਾਗ ਦੀਆਂ ਟੀਮਾਂ ਆਉਣ ਵਾਲੇ ਯਾਤਰੂਆਂ ਦਾ ਟੈਸਟ ਕਰ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਕੋਲ ਸਿਹਤ ਵਿਭਾਗ ਦਾ ਚਾਰਜ ਵੀ ਹੈ ਨੇ ਅੱਜ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਰਣਜੀਤ ਐਵੀਨਿਊ ਵਿਖੇ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕਤਾ ਮੁਹਿੰਮ ਤਹਿਤ ਸਾਈਕਲ ਰੈਲੀ ਅਤੇ ਤਿੰਨ ਵੈਨਾਂ ਨੂੰ ਹਰੀ ਝੰਡੀ ਦੇਣ ਉਪਰੰਤ ਕੀਤਾ।
ਹੋਰ ਪੜ੍ਹੋ :-ਅੰਤਰ ਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਟੇਟ ਐਵਾਰਡ ਨਾਲ ਸਨਮਾਨਿਤ ਹੋਏ ਅਧਿਆਪਕ ਸੰਜੇ ਕੁਮਾਰ
ਸ੍ਰੀ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਸ਼ੂਗਰ ਰੋਗ, ਕੈਂਸਰ, ਬ੍ਰੇਨ ਸਟ੍ਰੋਕ, ਬਲੱਡ ਪ੍ਰੈਸ਼ਰ ਆਦਿ ਬੜੀ ਤੇਜੀ ਨਾਲ ਫੈਲ ਰਹੀਆਂ ਹਨ ਅਤੇ ਕਈ ਵਾਰ ਪੀੜ੍ਹਤ ਮਰੀਜਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਅਜਿਹੀ ਭਿਆਨਕ ਬਿਮਾਰੀ ਨਾਲ ਪੀੜ੍ਹਤ ਹਨ। ਸ੍ਰੀ ਸੋਨੀ ਨੇ ਕਿਹਾ ਕਿ ਇਨਾਂ ਬਿਮਾਰੀਆਂ ਤੋਂ ਦੂਰ ਰਹਿਣ ਵਾਸਤੇ ਸਾਨੂੰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਬਦਲਾਅ, ਸ਼ਰਾਬ ਦੇ ਸੇਵਨ ਤੋਂ ਪਰਹੇਜ ਅਤੇ ਸਰੀਰਿਕ ਤੰਦਰੁਸਤੀ ਬਾਰੇ ਜਾਗਰੂਕ ਕਰਵਾਉਣ ਵਾਸਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਇਨਾਂ ਬਿਮਾਰੀਆਂ ਦੇ ਸਬੰਧ ਵਿੱਚ 31 ਲੱਖ ਤੋਂ ਵੱਧ ਲੋਕਾਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਜਿਨ੍ਹਾਂ ਵਿਚੋਂ 14.67 ਫੀਸਦੀ ਸ਼ੂਗਰ ਰੋਗ ਨਾਲ ਪੀੜ੍ਹਤ, 15.38 ਫੀਸਦੀ ਹਾਈਪਰਟੈਂਸ਼ਨ ਅਤੇ 0.35 ਫੀਸਦੀ ਕੈਂਸਰ ਵਰਗੀਆਂ ਬਿਮਾਰੀਆਂ ਨਾਲ ਪੀੜ੍ਹਤ ਹਨ।
ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਵਸਨੀਕ ਕੈਂਸਰ ਦੇ ਮਰੀਜਾਂ ਲਈ ਸਰਕਾਰ ਵਲੋਂ 850 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਹਰੇਕ ਕੈਂਸਰ ਪੀੜ੍ਹਤ ਮਰੀਜ ਦਾ ਮੁੱਖ ਮੰਤਰੀ ਰੀਲੀਫ਼ ਫੰਡ ਤਹਿਤ 1.50 ਲੱਖ ਰੁਪਏ ਤੱਕ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 120 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਬਣ ਕੇ ਤਿਆਰ ਹੋ ਗਿਆ ਹੈ ਅਤੇ ਇਹ ਹਸਪਤਾਲ ਜਲਦ ਹੀ ਕਾਰਜ਼ਸ਼ੀਲ ਹੋ ਜਾਵੇਗਾ। ਉਨਾਂ ਦੱਸਿਆ ਕਿ 45 ਕਰੋੜ ਰੁਪਏ ਦੀ ਲਾਗਤ ਨਾਲ ਟਰਸ਼ਰੀ ਕੈਂਸਰ ਕੇਅਰ ਸੈਂਟਰ ਫਾਜਿਲਕਾ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ ਅਤੇ ਇਹ ਹਸਪਤਾਲ ਵੀ ਜਲਦ ਹੀ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਰਾਜ ਦੇ ਤਿੰਨੇ ਮੈਡੀਕਲ ਕਾਜ ਅਤੇ ਹਸਪਤਾਲਾਂ ਵਿਖੇ ਕੈਂਸਰ ਦੇ ਇਲਾਜ ਲਈ ਸਟੇਟ ਆਫ਼ ਆਰਟ ਉਪਰਕਨ ਮੁਹੱਈਆ ਕਰਵਾਏ ਗਏ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਸੂਬੇ ਭਰ ਵਿੱਚ 2 ਕਰੋੜ 35 ਲੱਖ ਲੋਕਾਂ ਵਲੋਂ ਕਰੋਨਾ ਵੈਕਸੀਨ ਦੀ ਪਹਿਲੀ ਡੋਜ ਲੈ ਲਈ ਗਈ ਹੈ ਅਤੇ 36 ਫੀਸਦੀ ਤੋਂ ਜਿਆਦਾ ਲੋਕਾਂ ਨੇ ਕਰੋਨਾ ਦੀ ਦੂਸਰੀ ਡੋਜ ਵੀ ਲੈ ਲਈ ਹੈ। ਸ੍ਰੀ ਸੋਨੀ ਨੇ ਸਾਈਕਲ ਰੈਲੀ ਦੌਰਾਨ ਹਾਜ਼ਰ ਬੱਚਿਆਂ ਨੂੰ ਕਿਹਾ ਕਿ ਉਹ ਜੰਕ ਫੂਡ ਤੋਂ ਬੱਚਣ ਅਤੇ ਸਰੀਰਿਕ ਕਸਰਤ ਵੱਲ ਜ਼ਿਆਦਾ ਧਿਆਨ ਦੇ ਤਾਂ ਹੀ ਉਹ ਇਨਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਨ। ਉਨਾਂ ਕਿਹਾ ਕਿ ਆਮ ਦੇਖਣ ਵਿਚ ਆਇਆ ਹੈ ਕਿ ਹੁਣ ਛੋਟੇ ਬੱਚੇ ਵੀ ਇਨਾਂ ਗੈਰ ਸੰਚਾਰੀ ਬਿਮਾਰੀਆਂ ਦੇ ਗ੍ਰਿਫਤ ਵਿੱਚ ਆ ਰਹੇ ਹਨ। ਜਿਸਦਾ ਮੁੱਖ ਕਾਰਨ ਬਾਹਰ ਦੀਆਂ ਵਸਤੂਆਂ ਦਾ ਖਾਣਾ ਹੈ।
ਪ੍ਰੈਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸ੍ਰੀ ਸੋਨੀ ਨੇ ਕਿਹਾ ਕਿ ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਵਲੋਂ ਆਪਣੀ ਹੜਤਾਲ ਛੱਡ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਸਰਕਾਰ ਵਲੋਂ ਵੀ ਇਨਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਉਨਾਂ ਦੀ ਮੁੱਖ ਮੰਤਰੀ ਨਾਲ ਗੱਲਬਾਤ ਵੀ ਹੋ ਚੁੱਕੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਮੁਲਾਜ਼ਮਾਂ ਦੀ ਜਾਇਜ ਮੰਗਾਂ ਨੂੰ ਜ਼ਰੂਰ ਪੂਰਾ ਕੀਤਾ ਜਾਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਵਿਭਾਗ ਦੀ ਡਿਪਟੀ ਡਾਈਰੈਕਟਰ ਡਾ. ਨਿਸ਼ਾ ਸ਼ਾਹੀ ਨੇ ਦੱਸਿਆ ਕਿ ਸਾਈਕਲ ਰੈਲੀ ਦਾ ਮੁੱਖ ਮਕਸਦ ਬੱਚਿਆਂ ਨੂੰ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਉਣਾ ਹੈ। ਉਨਾਂ ਦੱਸਿਆ ਕਿ ਆਪਣੇ ਖਾਣ-ਪੀਣ ਦੇ ਵਿਚ ਬਦਲਾਲ ਕਰਕੇ ਹੀ ਇਨਾਂ ਕਰੋਨਿਕ ਬਿਮਾਰੀਆਂ ਤੋਂ ਬੱਚ ਸਕਦੇ ਹਾਂ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਮੂੰਹ, ਸਤੱਨ ਅਤੇ ਬੱਚੇਦਾਨੀ ਦਾ ਕੈਂਸਰ ਪਹਿਲੀ ਫੇਜ਼ ਵਿੱਚ ਹੀ ਠੀਕਾ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਰਾਜ ਵਿੱਚ ਬੱਚੇਦਾਨੀ ਦੇ ਕੈਂਸਰ ਸਬੰਧੀ ਨਵਾਂ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਹ ਤਿੰਨੈ ਵੈਨਾਂ ਰਾਜ ਦੇ ਵੱਖ ਵੱਖ ਜਿਲਿ੍ਹਆਂ ਵਿੱਚ ਜਾਣਗੀਆਂ ਅਤੇ ਲੋਕਾਂ ਨੂੰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਜਾਗਰੂਕ ਕਰਨਗੀਆਂ।
ਇਸ ਮੌਕੇ ਚੇਅਰਮੈਨ ਧਰਮਵੀਰ ਸਰੀਨ, ਸੀਨੀਅਰ ਵਾਇਸ ਪ੍ਰਧਾਨ ਪੰਜਾਬ ਸਕੇਲ ਸਮਾਲ ਇੰਡਸਟਰੀ ਸ੍ਰੀ ਪਰਮਜੀਤ ਸਿੰਘ ਬੱਤਰਾ, ਡਾ. ਸੰਦੀਪ , ਡਾ. ਮਦਨ ਮੋਹਨ, ਸ੍ਰੀ ਸੰਜੀਵ ਆਨੰਦ, ਡਾ. ਰਾਜੂ ਚੌਹਾਨ ਤੋਂ ਇਲਾਵਾ ਸਾਰੇ ਸੀਨੀਅਰ ਮੈਡੀਕਲ ਅਫ਼ਸਰ ਵੀ ਹਾਜ਼ਰ ਸਨ।