ਓ.ਪੀ.ਡੀ ਬੰਦ, ਆਮ ਇਲਾਜ ਠੱਪ, ਕਿਥੇ ਜਾਣ ਗੰਭੀਰ ਬਿਮਾਰੀਆਂ ਵਾਲੇ ਮਰੀਜ

ਕੈਪਟਨ ਦੇ ਰਾਜ ‘ਚ ਮਰੀਜ ਰੱਬ ਸਹਾਰੇ, ਹਸਪਤਾਲਾਂ ‘ਚ ਸਹੂਲਤਾਂ ਦੀ ਵੱਡੀ ਕਮੀ: ਬਲਜਿੰਦਰ ਕੌਰ

ਇਲਾਜ ਦੀ ਘਾਟ ਨੇ ਕੈਪਟਨ ਸਰਕਾਰ ਦੀ ਅਸਫ਼ਲਤਾ ਅਤੇ ਸਿਹਤ ਢਾਂਚੇ ਦੀ ਮਾੜੀ ਹਾਲਤ ਨੂੰ ਕੀਤਾ ਨੰਗਾ

ਚੰਡੀਗੜ੍ਹ, 8 ਮਈ , 2021

ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੋਰੋਨਾ ਕਾਲ ‘ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਲੋਕਾਂ ਨੂੰ ਚੰਗਾ ਇਲਾਜ ਪ੍ਰਦਾਨ ਕਰਨ ਵਿੱਚ ਫ਼ੇਲ ਹੋਈ ਹੈ, ਜਿਸ ਕਾਰਨ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ ਹਸਪਤਾਲਾਂ ‘ਚ ਇਲਾਜ ਪ੍ਰਾਪਤ ਨਾ ਹੋਣ ਕਾਰਨ ਹੁੱਣ ਰੱਬ ਸਹਾਰੇ ਦਿਨ ਕੱਟਣ ਲਈ ਮਜਬੂਰ ਹਨ।
ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੇ ਆਪਣੇ ਰਾਜਕਾਲ ਦੌਰਨ ਸਿਹਤ ਸੇਵਾਵਾਂ ਲਈ ਕੁੱਝ ਨਹੀਂ ਕੀਤਾ। ਇੱਥੋ ਤੱਕ ਕਿ ਕੋਰੋਨਾ ਮਹਾਮਾਰੀ ਨੂੰ ਦੇਖ ਕੇ ਵੀ ਨਾ ਕੋਈ ਨਵਾਂ ਹਸਪਤਾਲ ਬਣਾਇਆ ਹੈ ਅਤੇ ਨਾ ਹੀ ਡਾਕਟਰਾਂ ਸਮੇਤ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਸੂਬੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਅਤੇ ਮੌਤਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕੈਪਟਨ ਸਰਕਾਰ ਨੇ ਕੋਰੋਨਾ ਪੀੜਤਾਂ ਦੇ ਇਲਾਜ ਦੇ ਨਾਂ ‘ਤੇ ਸਰਕਾਰੀ ਹਸਪਤਾਲਾਂ ਦੀਆਂ ਓ.ਪੀ.ਡੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਬੰਦ ਕਰ ਦਿੱਤੇ ਹਨ। ਜਿਸ ਕਾਰਨ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਇਲਾਜ ਤੋਂ ਬਿਨਾਂ ਤੜਪ ਰਹੇ ਹਨ, ਉਹ ਇਲਾਜ ਕਰਾਉਣ ਲਈ ਕਿਥੇ ਜਾਣ। ਵਿਧਾਇਕਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਸੂਬੇ ਦੇ ਬੰਦ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਹਾਤਿਆਂ ਨੂੰ ਕੋਰੋਨਾ ਪੀੜਤਾਂ ਦੇ ਇਲਾਜ ਲਈ ਕੋਵਿਡ ਸੈਂਟਰਾਂ ਵਜੋਂ ਵਰਤੋਂ ਵਿੱਚ ਲਿਆਂਉਂਦੀ।
ਪ੍ਰੋ. ਬਲਜਿੰਦਰ ਕੌਰ ਨੇ ਕੈਪਟਨ ਸਰਕਾਰ ‘ਤੇ ਦੋਸ਼ ਲਾਇਆ ਕਿ ਸੂਬੇ ‘ਚ ਸਿਹਤ ਸੇਵਾਵਾਂ ਦਾ ਢਾਂਚਾ ਵਿਕਸਤ ਕਰਨ ਦੀ ਥਾਂ ਸਰਕਾਰ ਨੇ ਹੋਰ ਗੰਭੀਰ ਬਿਮਾਰੀਆਂ ਦਾ ਇਲਾਜ ਹੀ ਬੰਦ ਕਰ ਦਿੱਤਾ ਹੈ। ਇਸ ਦੀ ਉਦਾਹਰਨ ਬਠਿੰਡਾ ਦੇ ਕੈਂਸਰ ਹਸਪਤਾਲ ਤੋਂ ਮਿਲਦੀ ਹੈ, ਜਿਥੇ ਕੈਂਸਰ ਪੀੜਤਾਂ ਦਾ ਇਲਾਜ ਬੰਦ ਕਰਕੇ ਇਥੇ ਕੋਵਿਡ ਸੈਂਟਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਹੋ ਰਹੀ ਇਲਾਜ ਦੀ ਘਾਟ ਨੇ ਕੈਪਟਨ ਸਰਕਾਰ ਦੀ ਅਸਫ਼ਲਤਾ ਅਤੇ ਸਿਹਤ ਢਾਂਚੇ ਦੀ ਮਾੜੀ ਹਾਲਤ ਨੂੰ ਨੰਗਾ ਕਰ ਦਿੱਤਾ ਹੈ। ਹਸਪਤਾਲਾਂ ਦੀਆਂ ਓ.ਪੀ.ਡੀਜ਼ ਬੰਦ ਹੋਣ ਕਾਰਨ ਹੁਣ ਕੈਂਸਰ, ਦਿਲ ਦੀਆਂ ਬਿਮਾਰੀਆਂ,ਕਿਡਨੀਆਂ, ਸ਼ੂਗਰ ਆਦਿ ਤੋਂ ਪੀੜਤ ਆਪਣਾ ਇਲਾਜ ਕਰਾਉਣ ਲਈ ਕਿੱਥੇ ਜਾਣ। ਦੂਜੇ ਪਾਸੇ ਸੂਬੇ ਦੇ ਨਿੱਜੀ ਹਸਪਤਾਲਾਂ ਵਿੱਚ ਲੋਕਾਂ ਦੀ ਇਲਾਜ ਦੇ ਨਾਂ ‘ਤੇ ਆਰਥਿਕ ਲੁੱਟ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਹੋਰ ਬਿਮਾਰੀਆਂ ਤੋਂ ਪੀੜਤ ਮਰੀਜਾਂ ਨੂੰ ਰੱਬ ਆਸਰੇ ਛੱਡ ਦਿੱਤਾ ਹੈ।
ਵਿਧਾਇਕਾ ਬਲਜਿੰਦਰ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਪੀੜਤਾਂ ਦੇ ਨਾਲ ਨਾਲ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤਾਂ ਦਾ ਇਲਾਜ ਵੀ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤਾ ਜਾਵੇ। ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਸੁਚੱਜਾ ਢਾਂਚਾ ਕਾਇਮ ਕਰੇ ਤਾਂ ਜੋ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਇਆ ਜਾ ਸਕੇ।

Spread the love