ਚੰਡੀਗੜ੍ਹ, 27 JUN 2024
ਸਭਾਪਤੀ: ਮਾਣਯੋਗ ਮੈਂਬਰ ਸਾਹਿਬਾਨ, ਮੈਂ ਰਾਜ ਸਭਾ ਦੇ 264ਵੇਂ ਸੈਸ਼ਨ ਦੀ ਸ਼ੁਰੂਆਤ ‘ਤੇ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ ਹਾਂ। ਹੁਣੇ ਜਿਹੇ ਹੀ ਹੋਈਆਂ ਲੋਕ ਸਭਾ ਦੀਆਂ ਆਮ ਚੋਣਾਂ ਅਤੇ ਚਾਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਰਾਜ ਸਭਾ ਦਾ ਪਹਿਲਾ ਸੈਸ਼ਨ ਹੈ। ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੇ ਲੋਕਾਂ ਨੇ ਸਾਡੀ ਲੋਕਤੰਤਰੀ ਰਾਜਨੀਤੀ ਅਤੇ ਸਾਡੇ ਗਣਰਾਜ ਦੀਆਂ ਕਦਰਾਂ-ਕੀਮਤਾਂ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ। ਇਸ ‘ਲੋਕਤੰਤਰ ਦੇ ਪਰਵ’ ਦਾ ਸਫ਼ਲਤਾਪੂਰਵਕ ਸੰਪੰਨ ਹੋਣਾ ਸਾਡੇ ਸਾਰਿਆਂ ਲਈ ਬੜੇ ਮਾਣ ਅਤੇ ਪ੍ਰਸ਼ੰਸਾ ਦਾ ਵਿਸ਼ਾ ਹੈ।
ਹਾਲ ਹੀ ਵਿੱਚ ਹੋਈਆਂ ਦੋ-ਸਾਲਾ ਚੋਣਾਂ ਤੋਂ ਬਾਅਦ ਇਸ ਸਦਨ ਦਾ ਅੰਸ਼ਕ ਤੌਰ ‘ਤੇ ਪੁਨਰਗਠਨ ਵੀ ਹੋਇਆ ਹੈ। ਸਦਨ ਦੇ ਸਾਰੇ 61 ਨਵੇਂ ਚੁਣੇ ਗਏ/ਨਾਮਜ਼ਦ ਕੀਤੇ ਗਏ ਮੈਂਬਰਾਂ ਨੂੰ ਵਧਾਈ। ਮੈਂਬਰ ਨਿਸ਼ਚਿਤ ਤੌਰ ‘ਤੇ ਆਪਣੀ ਸਮਰੱਥਾ ਦਾ ਪੂਰਾ ਲਾਭ ਉਠਾਉਣਗੇ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਣਗੇ।
ਆਓ ਅਸੀਂ ਸਾਰੇ ਇਕਜੁੱਟ ਹੋ ਕੇ ਲੋਕਤੰਤਰ ਦੀ ਪ੍ਰਫੁੱਲਤਾ ਦੀ ਦਿਸ਼ਾ ਵੱਲ ਕੰਮ ਕਰੀਏ। ਆਓ ਅਸੀਂ ਸੰਵਾਦ, ਚਰਚਾ, ਵਿਚਾਰ-ਵਟਾਂਦਰੇ ਅਤੇ ਬਹਿਸ ਦੀ ਇੱਕ ਸਮੁੱਚੀ ਪ੍ਰਣਾਲੀ ਵਿੱਚ ਯੋਗਦਾਨ ਪਾਈਏ, ਜੋ ਲੋਕਤੰਤਰ ਦਾ ਸਾਰ ਹੈ।