ਕੇ.ਵੀ.ਕੇ. ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ

ਕੇ.ਵੀ.ਕੇ. ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ
ਕੇ.ਵੀ.ਕੇ. ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ
ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਕੀਤਾ ਗਿਆ ਸਵਾਗਤ ਅਤੇ ਅਤੇ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦਿੱਤੀ ਜਾਣਕਾਰੀ
ਵੱਖ-ਵੱਖ ਵਿਭਾਗਾਂ ਤੋਂ ਇਲਾਵਾ ਸੈਲਫ਼ ਹੈਲਪ ਗਰੁੱਪਾਂ ਵੱਲੋਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ

ਹੰਡਿਆਇਆ (ਬਰਨਾਲਾ) 25 ਮਾਰਚ 2022

ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਵੱਲੋਂ ਪਰਾਲੀ ਪ੍ਰਬੰਧਨ ਉੱਤੇ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ।

ਹੋਰ ਪੜ੍ਹੋ :-ਪੰਜਾਬ ਤੋਂ ਰਾਜ ਸਭਾ ਲਈ 5 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ

ਇਸ ਮੇਲੇ ਦੇ ਮੁੱਖ ਮਹਿਮਾਨ ਡਾ. ਇੰਦਰਜੀਤ ਸਿੰਘ, ਮਾਨਯੋਗ ਉੱਪ ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਸਨ ਅਤੇ ਵਿਸ਼ੇਸ਼ ਮਹਿਮਾਨ ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਅਤੇ ਡਾ. ਹਰਜੀਤ ਸਿੰਘ ਧਾਲੀਵਾਲ, ਨਿਰਦੇਸ਼ਕ ਪਾਮੇਟੀ, ਲੁਧਿਆਣਾ ਸਨ।

ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸ਼ੀਏਟ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਵੱਲੋਂ ਪਹੁੰਚੇ ਹੋਏ ਮਹਿਮਾਨਾਂ, ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸਵਾਗਤ ਕੀਤਾ ਗਿਆ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਮਾਨਯੋਗ ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ ਲਈ ਹੀ ਸਥਾਪਿਤ ਕੀਤਾ ਗਿਆ ਹੈ। ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਹਨ ਜਿਨ੍ਹਾਂ ਤੋਂ ਕਿਸਾਨ ਖੇਤੀਬਾੜੀ, ਪਸ਼ੂ ਪਾਲਣ, ਬਾਗਬਾਨੀ ਅਤੇ ਮੱਛੀ ਪਾਲਣ ਸੰਬੰਧੀ ਸਮੱਸਿਆਵਾਂ ਦਾ ਹੱਲ ਕਰਵਾ ਸਕਦੇ ਹਨ।

ਮਾਨਯੋਗ ਉੱਪ ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਖੇਤੀ ਦੀ ਲਾਗਤ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਕਿਸਾਨਾਂ ਨੂੰ ਆਪਣਾ ਜੀਵਨ ਪੱਧਰ ਵਧੀਆ ਢੰਗ ਨਾਲ ਚਲਾਉਣ ਲਈ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ। ਇਨ੍ਹਾਂ ਸਹਾਇਕ ਧੰਦਿਆਂ ਦੀ ਸਿਖਲਾਈ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਵੱਲੋਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਜਿਹੜੇ ਕਿਸਾਨ ਵੱਖ-ਵੱਖ ਕਿੱਤਿਆਂ ਵਿੱਚ ਸਫ਼ਲ ਹੋਏ ਹਨ, ਉਹ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਯੂਨੀਵਰਸਿਟੀ ਤੋਂ ਤਕਨੀਕੀ ਗਿਆਨ ਪ੍ਰਾਪਤ ਕਰ ਹੀ ਸਫ਼ਲ ਹੋਏ ਹਨ।

ਇਸ ਮੌਕੇ ਉਨ੍ਹਾਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪੰਜਾਬੀ ਭਾਸ਼ਾ ਵਿੱਚ ਇੱਕ ਮਹੀਨਾਵਾਰ ਮੈਗਜ਼ੀਨ ਪ੍ਰਕਾਸ਼ਿਤ ਕੀਤੀ ਜਾਂਦੀ ਹੈ, ਕਿਸਾਨ ਉਸ ਨਾਲ ਜੁੜ ਕੇ ਉਸ ਦਾ ਲਾਭ ਲੈ ਸਕਦੇ ਹਨ। ਮਾਨਯੋਗ ਕੁਲਪਤੀ ਨੇ ਮਹਿਲਾਵਾਂ ਨੂੰ ਪ੍ਰੇਰਿਤ ਕਰਨ ਲਈ ਹੋਰ ਸੂਬਿਆਂ ਵਿੱਚ ਅਗਾਂਹਵਧੂ ਅਤੇ ਕਾਮਯਾਬ ਮਹਿਲਾਵਾਂ ਦਾ ਜਿਕਰ ਵੀ ਕੀਤਾ।

ਡਾ. ਹਰਜੀਤ ਸਿੰਘ ਧਾਲੀਵਾਲ, ਨਿਰਦੇਸ਼ਕ ਪਾਮੇਟੀ, ਲੁਧਿਆਣਾ ਨੇ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਸਿੱਧੇ ਹੀ ਉਪਭੋਗਤਾ ਤੱਕ ਵੇਚਣ ਦੀ ਸਲਾਹ ਦਿੱਤੀ ਜਿਸ ਨਾਲ ਉਹ ਵੱਧ ਮੁਨਾਫ਼ਾ ਕਮਾ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਦੱਸਦੇ ਹੋਏ ਕਿਹਾ ਕਿ ਕਿਸਾਨ ਰੋਡ ਸਾਈਡ ਉੱਪਰ ਆਪਣੀ ਦੁਕਾਨ ਲਗਾ ਕੇ ਵੀ ਆਪਣੀ ਮਾਰਕਿਟਿੰਗ ਕਰ ਸਕਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਾਂਹ ਵਧੂ ਕਿਸਾਨ ਆਪਣੇ ਉਤਪਾਦ ਨੂੰ ਆਧੁਨਿਕ ਤਕਨੀਕਾਂ ਜਿਵੇਂ ਕਿ ਵੱਟਸਐਪ ਦਾ ਇਸਤੇਮਾਲ ਕਰਕੇ ਵੀ ਵੇਚ ਸਕਦੇ ਹਨ। ਇਸ ਮੌਕੇ ਉੱਤੇ ਇੱਕ ਕਿਸਾਨ ਗੋਸ਼ਟੀ ਵੀ ਆਯੋਜਿਤ ਕੀਤੀ ਗਈ ਜਿਸ ਵਿੱਚ ਸਾਇੰਸਦਾਨਾਂ ਵੱਲੋਂ ਖੇਤੀਬਾੜੀ, ਪਸ਼ੂ ਪਾਲਣ ਅਤੇ ਮੱਛੀ ਪਾਲਣ ਸੰਬੰਧੀ ਨਵੀਨਤਮ ਤਕਨੀਕਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਹੱਲ ਕੀਤੀਆਂ ਗਈਆਂ।

ਮੇਲੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ, ਯੂਨੀਵਰਸਿਟੀ, ਵੱਖ-ਵੱਖ ਵਿਭਾਗਾਂ, ਸੈਲਫ ਹੈਲਪ ਗਰੁੱਪਾਂ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ।

ਇਸ ਮੌਕੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਗਾਂਹ ਵਧੂ ਕਿਸਾਨ ਮਨਦੀਪ ਸਿੰਘ ਸੁੱਖਪੁਰਾ ਮੌੜ ਅਤੇ ਜਸਵੀਰ ਸਿੰਘ ਕੋਠੇ ਨਿਰੰਜਨ ਸਿੰਘ ਵਾਲੇ ਨੂੰ ਪਰਾਲੀ ਪ੍ਰਬੰਧਨ, ਸ੍ਰੀਮਤੀ ਸ਼ਿੰਦਰਪਾਲ ਕੌਰ ਧੌਲਾ, ਵੀਰਪਾਲ ਕੌਰ ਖੁੱਡੀ ਕਲਾਂ, ਰੁਪਿੰਦਰ ਕੌਰ ਬਰਨਾਲਾ ਅਤੇ ਗੁਰਪ੍ਰੀਤ ਕੌਰ ਬਰਨਾਲਾ ਵੈਲਯੂ ਅਡੀਸ਼ਨ, ਬਲਕਰਨ ਸਿੰਘ ਧੂਰਕੋਟ, ਅਵਤਾਰ ਸਿੰਘ ਧੌਲਾ ਨੂੰ ਮਧੂ ਮੱਖੀ ਪਾਲਣ, ਦੀਪਕ ਕੁਮਾਰ ਬਰਨਾਲਾ, ਹਰਦੀਪ ਸਿੰ, ਬਜੀਦ ਕੇ ਖੁਰਦ ਨੂੰ ਖੁੰਬਾ ਦੀ ਕਾਸ਼ਤ ਲਈ ਸਨਮਾਨਿਕ ਕੀਤਾ ਗਿਆ। ਇਸ ਕਿਸਾਨ ਮੇਲੇ ਵਿੱਚ ਬਰਨਾਲਾ ਅਤੇ ਆਸ- ਪਾਸ ਦੇ ਜਿਲ੍ਹਿਆਂ ਤੋਂ 700 ਤੋਂ ਵੱਧ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੇ ਭਾਗ ਲਿਆ। ਮੇਲੇ ਵਿੱਚ ਆਏ ਹੋਏ ਕਿਸਾਨਾਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ (ਬਰਨਾਲਾ) ਵਿਖੇ ਸਥਾਪਿਤ ਪ੍ਰਦਰਸ਼ਨੀ ਇਕਾਈਆਂ ਦਾ ਵੀ ਦੌਰਾ ਕੀਤਾ ਗਿਆ।

Spread the love