
ਕੈਬਨਿਟ ਮੰਤਰੀ ਵੱਲੋਂ ‘ਫਰੀਸ਼ਿਪ ਕਾਰਡ’ ਜਾਰੀ ਕਰਨ ਲਈ ਪੋਰਟਲ ਖੁਲਾ ਰੱਖਣ ਦੇ ਨਿਰਦੇਸ਼
ਅਨੁਸੂਚਿਤ ਜਾਤੀ ਤੇ ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਵਾਸਤੇ ਅਪਲਾਈ ਕਰਨ ਲਈ ਵੀ ਪੋਰਟਲ ਸ਼ੁਰੂ
ਚੰਡੀਗੜ, 5 ਨਵੰਬਰ
ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਰਾਜ ਕੁਮਰ ਵੇਰਕਾ ਨੇ ਅੱਜ ਏਥੇ ਦੱਸਿਆ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੇ ਹੇਠ ਹੁਣ ਤੱਕ 1.50 ਲੱਖ ਵਿਦਿਆਰਥੀਆਂ ਨੂੰ ‘ਫਰੀਸ਼ਿਪ ਕਾਰਡ’ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਕੀਮ ਦੇ ਹੇਠ ਅੱਗੇ ਹੋਰ ਵਿਦਿਆਰਥੀਆਂ ਦੇ ਅਪਲਾਈ ਕਰਨ ਵਾਸਤੇ ਪੋਰਟਲ ਖੁਲਾ ਰੱਖਿਆ ਜਾ ਰਿਹਾ ਹੈ।
ਡਾ. ਵੇਰਕਾ ਨੇ ਦੱਸਿਆ ਕਿ ਐਸ.ਸੀ. ਵਿਦਿਆਰਥੀਆਂ ਦੀਆਂ ਦਾਖਲੇ ਸਬੰਧੀ ਮੁਸ਼ਕਲਾਂ ਨੂੰ ਦੂਰ ਕਰਨ ਲਈ ‘ਫਰੀਸ਼ਿਪ ਕਾਰਡ’ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਦੇ ਹੇਠ ਵਿਦਿਆਰਥੀਆਂ ਦੇ ਕਾਰਡ ਬਣਨ ਪਿੱਛੋਂ ਉਹ ਪੋਸਟ ਮੈਟਰਿਕ ਸਕਾਲਰਸ਼ਿਪ ਹੇਠ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਦਾਖਲੇ ਲਈ ਯੋਗ ਹੋ ਜਾਂਦੇ ਹਨ। ਇਸ ਤੋਂ ਪਹਿਲਾਂ ਪੋਸਟ ਮੈਟਰਿਕ ਸਕਾਲਰਸ਼ਿਪ ਦੇ ਹੇਠ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਦਾਖਲੇ ਲਈ ਕਈ ਤਰਾਂ ਦੀਆਂ ਮੁਸ਼ਕਲਾਂ ਪੇਸ਼ ਆਉਦੀਆਂ ਸਨ। ਡਾ. ਵੇਰਕਾ ਅਨੁਸਾਰ ਇਸ ਵਿਲੱਖਣ ਸਕੀਮ ਦੇ ਨਾਲ ਵਿਦਿਆਰਥੀਆਂ ਨੂੰ ਦਰਪੇਸ਼ ਔਕੜਾਂ ਦਾ ਕਾਫੀ ਹੱਦ ਤੱਕ ਨਿਪਟਾਰਾ ਹੋ ਗਿਆ ਹੈ।
ਹੋਰ ਪੜ੍ਹੋ :-ਜਨਵਰੀ 2022 ਦੇ ਆਧਾਰ ਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਪਣੀ ਵੋਟ ਜਰੂਰ ਬਣਾਵੇ-ਐਸ. ਡੀ. ਐਮ