ਦੇਸ਼ ਵਿਚ 5 ਲੱਖ ਲੋਕਾਂ ਦੇ ਇਲਾਜ ਲਈ 70,000 ਆਈ.ਸੀ.ਯੂ. ਬੈਡ ਉਪਲਬੱਧ : ਡਾ. ਮਨਵਿੰਦਰਜੀਤ ਕੌਰ
ਮੋਹਾਲੀ, 17 ਜੁਲਾਈ ( )- ਗ੍ਰੇਸ਼ਿਅਨ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੀ ਟੀਮ ਨੇ ਮੋਹਾਲੀ, ਚੰਡੀਗੜ ਅਤੇ ਪੰਚਕੂਲਾ ਵਿਚ ਆਈਸੀਯੂ ਦੀ ਸਹੂਲਤ ਅਤੇ ਗੰਭੀਰ ਬੀਮਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਇਕ ਪੱਤਰਕਾਰ ਕਾਨਫਰੰਸ ਵਿਚ ਗੰਭੀਰ ਮਰੀਜ਼ਾਂ ਦੀ ਸੰਭਾਲ, ਕੋਵਿਡ ਕੇਅਰ ਅਤੇ ਵੈਂਟੀਲੇਸ਼ਨ ਸਬੰਧੀ ਬਹੁਤ ਸਾਰੇ ਤੱਥਾਂ ਅਤੇ ਭਰਮ ਭੁਲੇਖਿਆਂ ਬਾਰੇ ਵਿਚਾਰ ਚਰਚਾ ਕੀਤੀ।
ਗ੍ਰੇਸ਼ਿਅਨ ਹਸਪਤਾਲ ਵਿਚ ਫੇਫੜਿਆਂ ਦੇ ਰੋਗਾਂ ਦੇ ਮਾਹਿਰ ਅਤੇ ਕਰੀਟੀਕਲ ਕੇਅਰ ਦੇ ਸੀਨੀਅਰ ਕੰਸਲਟੈਂਟ ਡਾ. ਪ੍ਰੀਤੀ ਸ਼ਰਮਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੀਟੀਕਲ ਅਤੇ ਇੰਟੈਂਸਿਵ ਕੇਅਰ (ਗੰਭੀਰ ਮਰੀਜ਼ ਦੀ ਪੂਰੀ ਸ਼ਿੱਦਤ ਨਾਲ ਸੰਭਾਲ) ਵਿਚ ਮਰੀਜ਼ ਦੀ ਗੰਭੀਰ ਹਾਲਤ ਸਮੇਂ ਉਸ ਦੀ ਜਿੰਦਗੀ ਬਚਾਉਣ ਦਾ ਪ੍ਰਬੰਧ ਸ਼ਾਮਲ ਹੈ, ਜਿਸ ਵਿਚ ਅਕਸਰ ਜੀਵਨ ਰਖਿਅਕ ਪ੍ਰਣਾਲੀ ਦੀ ਜਰੂਰਤ ਪੈਂਦੀ ਹੈ।
ਅਜਿਹੀ ਜੀਵਨ ਹਥਿਆਰ ਪ੍ਰਣਾਲੀ ਦੀ ਸਹੂਲਤ ਇਕ ਚੰਗੇ ਹਸਪਤਾਲ ਵਿਚ ਹੀ ਦਿੱਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਆਈਸੀਯੂ ਵਿਚ 24 ਘੰਟੇ ਮਾਹਿਰ ਡਾਕਟਰ ਹਾਜਰ ਰਹਿੰਦੇ ਹਨ ਅਤੇ ਇੱਥੇ ਵਿਸ਼ੇਸ਼ ਨਰਸਾਂ ਤਾਇਨਾਤ ਹੁੰਦੀਆਂ ਹਨ। ਡਾਕਟਰੀ ਅਮਲੇ ਤੋਂ ਇਲਾਵਾ ਹਰ ਤਰਾਂ ਦੀ ਅਤਿ ਆਧੁਨਿਕ ਤਕਨੋਲੋਜੀ, ਵੈਂਟੀਲੇਟਰ, ਡਾਇਲਸਿਸ ਮਸ਼ੀਨਾਂ, ਈਕੋ, ਹਾਈ ਫਲੋਅ, ਨੇਜ਼ਲ ਕੈਨੂਲਾ, ਕਾਰਡੀਐਕ ਮਾਨੀਟਰ ਸ਼ਾਮਲ ਹੁੰਦੇ ਹਨ।
ਡਾ. ਪ੍ਰੀਤੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਕੋਵਿਡ 19 ਦੀ ਦੂਜੀ ਲਹਿਰ ਦੌਰਾਨ ਗ੍ਰੇਸ਼ਿਅਨ ਹਸਪਤਾਲ ਵਿਚ ਗੰਭੀਰ ਬੀਮਾਰੀਆਂ ਤੋਂ ਪੀੜਤ 600 ਤੋਂ ਵੱਧ ਮਰੀਜਾਂ ਦਾ ਇਲਾਜ ਕੀਤਾ ਗਿਆ, ਜਿਨਾਂ ’ਚ ਚੰਡੀਗੜ ਟਰਾਈਸਿਟੀ ਤੋਂ ਇਲਾਵਾ ਦਿੱਲੀ, ਨੋਇਡਾ, ਫਰੀਦਾਬਾਦ, ਮੇਰਠ, ਜੰਮੂ, ਬਰੇਲੀ, ਦੇਹਰਾਦੂਨ, ਹਰਿਦੁਆਰ ਅਤੇ ਮਥੁਰਾ ਦੇ ਮਰੀਜ਼ ਵੀ ਸ਼ਾਮਲ ਸਨ।
ਡਾ. ਪ੍ਰੀਤੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਸਾਡੇ ਦੇਸ਼ ਵਿਚ 10 ਹਜ਼ਾਰ ਲੋਕਾਂ ਪਿੱਛੇ 7 ਡਾਕਟਰ ਹਨ, ਜੋ ਕਿ ਆਲਮੀ ਔਸਤ ਤੋਂ ਅੱਧੇ ਹਨ। ਉਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਮੁਤਾਬਿਕ ਭਾਰਤ ਵਿਚ 50,000 ਕਰੀਟੀਕਲ ਕੇਅਰ ਡਾਕਟਰਾਂ ਦੀ ਜੁਰੂਰਤ ਹੈ, ਜਦਕਿ ਸਾਡੇ ਦੇਸ਼ ਵਿਚ ਸਿਰਫ 8350 ਅਜਿਹੇ ਸਿਖਲਾਈ ਯਾਫਤਾ ਡਾਕਟਰ ਹਨ।
ਗ੍ਰੇਸ਼ਿਅਨ ਹਸਪਤਾਲ ਮੋਹਾਲੀ ਦੇ ਕਰੀਟੀਕਲ ਕੇਅਰ ਦੇ ਮੁੱਖੀ ਅਤੇ ਸੀਨੀਅਰ ਕੰਸਲਟੈਂਟ ਡਾ. ਮਨਿੰਦਰਜੀਤ ਕੌਰ ਨੇ ਕਿਹਾ ਕਿ ਲੱਗਭੱਗ ਸਾਰੇ ਵੱਡੇ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਇੰਟੈਂਸਿਵ ਕੇਅਰ ਯੂਨਿਟ ਕਾਇਮ ਕੀਤੇ ਹੋਏ ਹਨ। ਜੋ ਧਿਆਨ ਨਾਲ ਵੇਖਿਆ ਜਾਵੇ ਤਾਂ 10-20 ਬਿਸਤਰਿਆਂ ਵਾਲੇ ਇਹ ਕਰੀਟੀਕਲ ਕੇਅਰ ਯੂਨਿਟ ਅਕਸਰ ਮਰੀਜ਼ਾਂ ਨਾਲ ਭਰੇ ਰਹਿੰਦੇ ਹਨ।
ਸੜਕ ਹਾਦਸਿਆਂ ਜਾਂ ਹੋਰ ਦੁਰਘਟਨਾਵਾਂ ਦਾ ਸ਼ਿਕਾਰ ਮਰੀਜ਼ਾਂ ਨੂੰ ਇਨਾਂ ਯੂਨਿਟਾਂ ਵਿਚ ਦਾਖਿਲ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਦੇਸ਼ ਭਰ ’ਚ ਸਿਰਫ 70 ਹਜ਼ਾਰ ਆਈਸੀਯੂ ਬੈਡ ਉਪਲਬੱਧ ਹਨ। ਆਬਾਦੀ ਦੇ ਇਲਾਜ ਨਾਲ ਇੱਥੇ 5 ਲੱਖ ਆਈ ਸੀ ਯੂ ਬੈਡਾਂ ਦੀ ਜਰੂਰਤ ਹੈ।
ਫੇਫੜਿਆਂ ਅਤੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਹਿਤੇਸ਼ ਗੌੜ ਨੇ ਕਿਹਾ ਕਿ ਭਾਰਤ ਵਿਚ ਅਜੇ ਵੀ ਹਸਪਤਾਲਾਂ ਵਿਚ ਬਿਸਤਰਿਆਂ ਦੀ ਥੁੜ ਹੈ। ਸਾਡੇ ਦੇਸ਼ ਵਿਚ 10,000 ਲੋਕਾਂ ਪਿੱਛੇ ਸਿਰਫ 10 ਹਸਪਤਾਲ ਬੈਡ ਉਪਲਬੱਧ ਹਨ, ਜਦਕਿ ਵਿਸ਼ਵ ਔਸਤ 10000 ਲੋਕਾਂ ਪਿੱਛੇ 30 ਬੈਡ ਹੈ। ਉਨਾਂ ਦੱਸਿਆ ਕਿ ਇਸ ਕਮੀ ਨੂੰ ਪੂਰਾ ਕਰਨ ਲਈ ਸਾਰੇ ਹਸਪਤਾਲਾਂ ਵਿਚ ਉਪਲਬੱਧ ਬਿਸਤਰਿਆਂ ਵਿਚ ਘੱਟੋ ਘੱਟ 10 ਫੀਸਦੀ ਆਈਸੀਯੂ ਬੈਡ ਹੋਣੇ ਚਾਹੀਦੇ ਹਨ।