ਬਟਾਲਾ, 25 ਮਈ,2021 ਪੰਜਾਬ ਸਰਕਾਰ ਨੇ ਹਸਪਤਾਲਾਂ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਏ ਮਰੀਜ਼ਾਂ ਦੀਆਂ ਆਕਸੀਜਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘਰ ਵਿੱਚ ਵਰਤੋਂ ਲਈ ਆਕਸੀਜਨ ਕੰਸਨਟ੍ਰੇਟਰਜ਼ ਵੰਡਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਉਨਾਂ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰਜ਼ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ ਜਿਨਾਂ ਨੂੰ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਕੁਝ ਦਿਨਾਂ ਲਈ ਘੱਟ ਆਕਸੀਜਨ ਸਬੰਧੀ ਸਹਾਇਤਾ ਦੀ ਲੋੜ ਹੈ।
ਸ. ਚੀਮਾ ਨੇ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਘਰੇਲੂ ਇਕਾਂਤਵਾਸ ਅਧੀਨ ਮਰੀਜਾਂ ’ਤੇ ਲਾਗੂ ਨਹੀਂ ਹੁੰਦੇ ਕਿਉਂਕਿ ਅਜਿਹੇ ਮਰੀਜ਼, ਜਿਨਾਂ ਨੂੰ ਆਕਸੀਜਨ ਸਹਾਇਤਾ ਦੀ ਲੋੜ ਹੋਵੇ, ਨੂੰ ਵਿਆਪਕ ਦੇਖਭਾਲ ਲਈ ਹਸਪਤਾਲ ਲਿਆਂਦਾ ਜਾਣਾ ਚਾਹੀਦਾ ਹੈ। ਕੋਵਿਡ ਤੋਂ ਸਿਹਤਯਾਬ ਹੋਏ ਮਰੀਜਾਂ ਨੂੰ ਡਾਕਟਰ/ਹਸਪਤਾਲ ਦੀ ਸਲਾਹ ’ਤੇ ਹੀ ਘਰ ਵਿਚ ਆਕਸੀਜਨ ਦੀ ਵਰਤੋਂ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਅਜਿਹੇ ਮਰੀਜਾਂ ਦੀ ਨਿਗਰਾਨੀ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਇਲਾਜ ਕਰਨ ਵਾਲੇ ਡਾਕਟਰ / ਹਸਪਤਾਲ ਦੀ ਹੋਵੇਗੀ।
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਅਜਿਹੇ ਮਰੀਜਾਂ ਨੂੰ ਮਰੀਜ ਜਾਂ ਉਸ ਦੀ ਦੇਖਰੇਖ ਕਰਨ ਵਾਲੇ ਵਿਅਕਤੀ ਤੋਂ ਸਵੈ-ਘੋਸਣਾ ਲੈਣ ਤੋਂ ਬਾਅਦ 5 ਲੀਟਰ ਪ੍ਰਤੀ ਮਿੰਟ ਦੀ ਸਮਰੱਥਾ ਵਾਲਾ ਆਕਸੀਜਨ ਕੰਸਨਟ੍ਰੇਟਰ ਜਾਰੀ ਕੀਤਾ ਜਾਵੇਗਾ। ਆਕਸੀਜਨ ਕੰਸਨਟ੍ਰੇਟਰ ਵੱਧ ਤੋਂ ਵੱਧ 4 ਹਫਤਿਆਂ ਲਈ ਜਾਰੀ ਕੀਤਾ ਜਾਏਗਾ ਅਤੇ ਇਸ ਲਈ ਵਾਪਸੀਯੋਗ ਸਕਿਉਰਿਟੀ ਡਿਪਾਜਿਟ ਲਿਆ ਜਾਵੇਗਾ। ਆਕਸੀਜਨ ਬੈਂਕਾਂ ਦੀ ਨਿਗਰਾਨੀ ਅਤੇ ਕੰਮਕਾਜ ਲਈ, ਸਾਰੇ ਡਿਪਟੀ ਕਮਿਸਨਰ ਇਕ ਨੋਡਲ ਅਧਿਕਾਰੀ ਨਿਯੁਕਤ ਕਰਨਗੇ ਜੋ ਹਰ ਰੋਜ ਸਬੰਧਤ ਡਿਪਟੀ ਕਮਿਸਨਰ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੂੰ ਰਿਪੋਰਟ ਕਰਨਗੇ।
ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਹਸਪਤਾਲਾਂ ਵਿੱਚ ਆਕਸੀਜਨ ਦੀ ਢੁਕਵੀਂ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ। ਇਸ ਮੰਤਵ ਲਈ ਜ਼ਿਨਾਂ ਮਰੀਜਾਂ ਨੂੰ ਹਸਪਤਾਲਾਂ ਵਿੱਚ ਘੱਟ ਆਕਸੀਜਨ ਦੀ ਲੋੜ ਹੈ, ਦੀ ਮੰਗ ਨੂੰ ਪੂਰਾ ਕਰਨ ਲਈ ਆਕਸੀਜਨ ਕੰਸਨਟਰੇਟਰਾਂ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।ਉਨਾਂ ਸਾਰਿਆਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰਾਂ ਦੇ ਲੱਛਣ ਦਿਖਾਈ ਦੇਣ ’ਤੇ ਜਲਦ ਤੋਂ ਜਲਦ ਟੈਸਟ ਕਰਵਾਉਣ ਦੀ ਅਪੀਲ ਕੀਤੀ।