ਫ਼ੌਜ ਦੇ ਦਿੱਗਜਾਂ ਨੇ ਮਿਲਟਰੀ ਲੀਡਰਸ਼ਿਪ ਵਿਚ ਲੋੜੀਂਦੇ ਪੱਖਾਂ ਵਜੋਂ ਤਕਨੀਕੀ ਅਤੇ ਵਿਅਕਤੀਗਤ ਏਕਤਾ ‘ਤੇ ਪਾਇਆ ਚਾਨਣਾ
ਚੰਡੀਗੜ, 20 ਦਸੰਬਰ:
ਕੋਵਿਡ-19 ਕਾਰਨ ਆਨਲਾਈਨ ਕਰਵਾਏ ਜਾ ਰਹੇ ਚੌਥੇ ਮਿਲਟਰੀ ਲਿਟਰੇਚਰ ਫੈਸਟੀਵਲ (ਐਮ.ਐਲ.ਐਫ -2020) ਦੇ ਆਖਰੀ ਦਿਨ “ਮਿਲਟਰੀ ਲੀਡਰਸ਼ਿਪ ਫ਼ਾਰ ਦਾ ਪ੍ਰੈਜ਼ੈਂਟ ਡੇਅ” ਬਾਰੇ ਇਕ ਪੈਨਲ ਵਿਚਾਰ ਚਰਚਾ ਕਰਵਾਈ ਗਈ।
ਪੈਨਲ ਚਰਚਾ ਦਾ ਸੰਚਾਲਨ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਵਲੋਂ ਕੀਤਾ ਗਿਆ। ਇਸ ਚਰਚਾ ਵਿਚ ਲੈਫਟੀਨੈਂਟ ਜਨਰਲ ਬਲਰਾਜ ਸਿੰਘ ਨਗਲ, ਲੈਫਟੀਨੈਂਟ ਜਨਰਲ ਡੀ.ਡੀ.ਐਸ ਸੰਧੂ ਅਤੇ ਏ.ਸੀ.ਐੱਮ ਐਨ.ਏ.ਕੇ ਬ੍ਰਾਊਨ/ਏ.ਐਮ ਕੇ.ਕੇ ਨੋਵਰ ਵੀ ਸ਼ਾਮਲ ਹੋਏ ਅਤੇ ਉਹਨਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ।
ਇਸ ਵਿਚਾਰ ਚਰਚਾ ਦਾ ਸੰਚਾਲਨ ਕਰਦਿਆਂ ਲੈਫਟੀਨੈਂਟ ਜਨਰਲ ਟੀ.ਐਸ਼ ਸ਼ੇਰਗਿੱਲ ਨੇ ਮਹਾਨ ਸੈਨਿਕ ਕਮਾਂਡਰ ਸਿਕੰਦਰ ਮਹਾਨ ਦੀ ਕਹਾਣੀ ਦਾ ਹਵਾਲਾ ਦਿੱਤਾ। ਜਦੋਂ ਸਿਕੰਦਰ ਮਹਾਨ ਦੀਆਂ ਫੌਜਾਂ ਕਿਲੇ ਦੀ ਕੰਧ ਉੱਤੇ ਚੜਨ ਤੋਂ ਡਰ ਰਹੀਆਂ ਸਨ ਤਾਂ ਉਸ ਨੇ ਆਪਣੀ ਨਿੱਜੀ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਅਤੇ ਜਖਮੀ ਹੋਣ ਤੋਂ ਬਾਅਦ ਵੀ ਆਪਣੇ ਹੱਥ ਅੱਗੇ ਵਧਾਏ ਜੋ ਉਸ ਦੀਆਂ ਫੌਜਾਂ ਨੂੰ ਇਹ ਦੱਸਣ ਲਈ ਕਾਫੀ ਸਨ ਕਿ ਸਭ ਕੁਝ ਠੀਕ ਹੈ ਅਤੇ ਉਹ ਅੱਗੇ ਵੱਧ ਸਕਦੇ ਹਨ।
ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਸਵਾਲ ਕੀਤਾ ਕਿ ਮੌਜੂਦਾ ਸਮੇਂ ਜਦੋਂ ਲੜਾਈ ਦੇ ਮੈਦਾਨ ਬੜੇ ਵਿਸ਼ਾਲ ਤੇ ਖਿੱਲਰੇ ਹਨ ਤਾਂ ਕੀ ਇਸ ਤਰਾਂ ਦੀ ਕੋਈ ਕਾਰਵਾਈ ਅਸਲ ਵਿੱਚ ਕੰਮ ਕਰ ਸਕਦੀ ਹੈ। ਕੀ ਇਹ ਇਕੱਲੇ ਕਮਾਂਡਰ ਲਈ ਇਕ ਵੱਡੀ ਫ਼ੌਜ ਨੂੰ ਮੈਦਾਨ ਵਿਚ ਜੋੜ ਕੇ ਰੱਖਣਾ ਸੰਭਵ ਹੋ ਸਕਦਾ ਹੈ। ਕੀ ਉਹ ਆਪਣੀ ਬਹਾਦਰੀ ਨਾਲ ਆਪਣੀ ਫ਼ੌਜ ਵਿਚ ਅੱਗੇ ਵੱਧਣ ਲਈ ਦਿ੍ਰੜਤਾ ਤੇ ਹੌਸਲਾ ਭਰ ਸਕਦੇ ਹਨ?
ਲੈਫਟੀਨੈਂਟ ਜਨਰਲ ਬਲਰਾਜ ਸਿੰਘ ਨਗਲ ਨੇ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਮਿਲਟਰੀ ਲੀਡਰਸ਼ਿਪ ਸੈਨਿਕਾਂ, ਉਨਾਂ ਦੇ ਕਾਰਜਾਂ, ਚਰਿੱਤਰ ਅਤੇ ਗੁਣਾਂ ਨਾਲ ਸਬੰਧਤ ਹੈ।
ਉਨਾਂ ਕਿਹਾ ਕਿ ਇਕ ਚੰਗਾ ਸੈਨਿਕ ਲੀਡਰ ਬਣਨ ਲਈ ਪੇਸ਼ੇਵਰ ਗਿਆਨ, ਫੈਸਲਾ ਲੈਣ, ਅਖੰਡਤਾ, ਨੈਤਿਕ ਦਲੇਰੀ, ਸ਼ਰੀਰਕ ਦਲੇਰੀ, ਦੇਸ, ਫ਼ੌਜ ਅਤੇ ਆਪਣੇ ਆਪ ਪ੍ਰਤੀ ਵਫਾਦਾਰੀ, ਚਰਿੱਤਰ, ਦਿ੍ਰਸ਼ਟੀ, ਨਿਰਣਾ ਲੈਣ ਅਤੇ ਸੰਚਾਰ ਹੁਨਰ ਵਰਗੇ ਗੁਣ ਜਰੂਰੀ ਹਨ।
ਇਸ ਮੌਕੇ ਬੋਲਦਿਆਂ ਏਅਰ ਮਾਰਸ਼ਲ ਕਿਸ਼ਨ ਨੋਵਰ ਨੇ ਉਹਨਾਂ ਨਿੱਜੀ ਗੁਣਾਂ ਅਤੇ ਬੌਧਿਕਤਾ ਬਾਰੇ ਵਿਚਾਰ ਪੇਸ਼ ਕੀਤੇ ਜੋ ਇਕ ਫੌਜੀ ਨੇਤਾ ਵਿਚ ਹੋਣੇ ਚਾਹੀਦੇ ਹਨ। ਉਹਨਾਂ ਇਤਿਹਾਸਕ ਮਹਿਲਾ ਫੌਜੀ ਨੇਤਾਵਾਂ ਜਿਵੇਂ ਝਾਂਸੀ ਦੀ ਰਾਣੀ ਅਤੇ ਜੋਨ ਆਫ ਆਰਕ ਦਾ ਵੀ ਜ਼ਿਕਰ ਕੀਤਾ ਜਿਹਨਾਂ ਵਿੱਚ ਤੀਖਣ ਬੁੱਧੀ ਅਤੇ ਸੁਹਿਰਦਤਾ ਜਿਹੇ ਗੁਣ ਮੌਜੂਦ ਸਨ। ਏਅਰ ਮਾਰਸ਼ਲ ਨੋਹਵਰ ਨੇ ਅੱਗੇ ਦੱਸਿਆ ਕਿ ਤੁਹਾਨੂੰ ਆਪਣੇ ਅਤੇ ਤੁਹਾਡੇ ਦੁਸ਼ਮਣਾਂ ਦੀ ਹਥਿਆਰ ਪ੍ਰਣਾਲੀ ਬਾਰੇ ਪੂਰਾ ਗਿਆਨ ਹੋਣਾ ਹੀ ਇਕ ਫੌਜੀ ਨੇਤਾ ਲਈ ਬਹੁਤ ਮਹੱਤਵ ਰੱਖਦਾ ਹੈ। ਉਸ ਵਿਚ ਹੋਰ ਗੁਣ ਵੀ ਹੋਣੇ ਚਾਹੀਦੇ ਹਨ ਜਿਵੇਂ ਕਿ ਇਮਾਨਦਾਰੀ, ਇਕਸਾਰਤਾ, ਵਿਸ਼ਵਾਸ ਦੀ ਹਿੰਮਤ, ਭਾਵਨਾਤਮਕ ਪੱਖ ਦੀ ਜਾਚ, ਲੀਹ ਤੋਂ ਹਟਕੇ ਸੋਚਣ ਦੀ ਸਮਰੱਥਾ ਤਾਂ ਜੋ ਕਿਸੇ ਵੀ ਕਿਸਮ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ-ਬਰ ਤਿਆਰ ਰਿਹਾ ਜਾ ਸਕੇ।
ਅਜੋਕੇ ਸਮੇਂ ਦੇ ਪੱਖ ਤੋਂ ਏਅਰ ਮਾਰਸ਼ਲ ਨੋਵਰ ਨੇ ਆਰਟੀਫੀਸ਼ਲ ਇੰਟੈਲੀਜੈਂਸ ਵਰਤਦਿਆਂ ਡਰੋਨ ਵਰਗੇ ਆਧੁਨਿਕ ਯੰਤਰਾਂ ਦੀ ਵਰਤੋਂ ਦੀ ਮਹੱਤਤਾ ਤੇ ਜ਼ੋਰ ਦਿੱਤਾ। 1990-91 ਵਿਚ ਪਹਿਲੀ ਖਾੜੀ ਯੁੱਧ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਉਸ ਜੰਗ ਵਿੱਚ ਭਲੀ ਭਾਂਤ ਜ਼ਾਹਰ ਹੁੰਦੀ ਹੈ ਕਿਉਂ ਜੋ ਇਰਾਕੀ ਸੈਨਿਕਾਂ ਨੇ ਇਕ ਰੋਬੋਟ ਅੱਗੇ ਆਤਮ-ਸਮਰਪਣ ਕੀਤਾ ਸੀ । ਜੋ ਕਿ ਆਪਣੇ ਆਪ ਵਿੱਚ ਇੱਕ ਨਵੇਕਲੀ ਘਟਨਾ ਸੀ। ਉਹਨਾਂ ਅੱਜ ਦੇ ਸੈਨਿਕਾਂ ਵਿਚ ਪੋਸਟ ਟਰਾਮਾਟਿਕ ਸਟ੍ਰੈਸ ਡਿਸਆਰਡਰ (ਪੀ.ਟੀ.ਐਸ.ਡੀ) ਬਾਰੇ ਵੀ ਗੱਲ ਕੀਤੀ।
ਲੈਫਟੀਨੈਂਟ ਜਨਰਲ ਡੀ.ਡੀ.ਐਸ. ਸੰਧੂ ਨੇ ਪਿਛਲੀਆਂ ਲੜਾਈਆਂ ਬਾਰੇ ਅਤੇ ਭਵਿੱਖ ਦੇ ਦਿ੍ਰਸਾਂ ’ਤੇ ਧਿਆਨ ਕੇਂਦਰਿਤ ਨਾ ਕਰਨ ਵਾਲੀ ਮਿਲਟਰੀ ਲੀਡਰਸ਼ਿਪ ’ਤੇ ਚਿੰਤਾ ਪ੍ਰਗਟਾਈ। ਉਨਾਂ ਕਿਹਾ ਕਿ ਅਜੋਕਾ ਦੌਰ ਤਕਨੀਕ ਦਾ ਹੈ ਇਸ ਲਈ ਆਧੁਨਿਕ ਸਮੇਂ ਜੇਕਰ ਦੁਨੀਆਂ ਵਿੱਚ ਆਪਣੀ ਹੋਂਦ ਬਣਾਈ ਰੱਖਣੀ ਹੈ ਤਾਂ ਬਦਲਦੀ ਤਕਨਾਲੋਜੀ ਦਾ ਹਾਣੀ ਬਨਣਾ ਲਾਜ਼ਮੀ ਹੈ।
ਭਾਰਤੀ ਸੈਨਿਕਾਂ ਬਾਰੇ ਬੋਲਦਿਆਂ ਉਨਾਂ ਅੱਗੇ ਕਿਹਾ ਕਿ ਅੱਜ-ਕੱਲ ਭਾਰਤੀ ਸੈਨਿਕ ਚੰਗੇ ਪੜੇ-ਲਿਖੇ ਹਨ ਅਤੇ ਉਹ ਦਹਾਕੇ ਪੁਰਾਣੇ ਫੌਜੀਆਂ ਨਾਲੋਂ ਵੱਖਰੇ ਹਨ। ਉਹਨਾਂ ਜੋਰ ਦਿੱਤਾ ਕਿ ਆਤਮ-ਵਿਸ਼ਵਾਸ ਨੂੰ ਮਜਬੂਤ ਕਰਨ ਲਈ ਫੌਜੀਆਂ ਤੱਕ ਸੈਨਿਕ ਲੀਡਰਸ਼ਿਪ ਨੂੰ ਪਹੁੰਚ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਵਫਾਦਾਰੀ, ਨੈਤਿਕ ਹੌਂਸਲਾ, ਮੌਕੇ ਮੁਤਾਬਕ ਅਪਣੇ ਆਪ ਨੂੰ ਢਾਲਣਾ ਆਦਿ ਗੁਣ ਸੈਨਿਕਾਂ ਵਿੱਚ ਹੋਣੇ ਲੋੜੀਂਦੇ ਹਨ। ਉਨਾਂ ਨੇ ਕਿਹਾ ਕਿ ਇਹ ਗੁਣ ਸਿਰਫ ਇਕ ਪ੍ਰਭਾਵਸ਼ਾਲੀ ਸੈਨਿਕ ਲੀਡਰਸ਼ਿਪ ਨਾਲ ਹੀ ਪੈਦਾ ਹੁੰਦੇ ਹਨ।