ਬਰਨਾਲਾ ਸਕੂਲਾਂ ਨੇ ਕੀਤੀ ਅਨੋਖੀ ਪਹਿਲ, ਸਕੂਲਾਂ ਚ ਮਾਪਿਆਂ ਨੂੰ ਦਵਾਇਆ ਗਿਆ ਅਹਿਦ, ਡਿਪਟੀ ਕਮਿਸ਼ਨਰ
ਮਾਪਿਆਂ ਨੇ ਬੱਚਿਆਂ ਨੂੰ ਸਕੂਲ ਰੋਜ਼ਾਨਾ ਭੇਜਣ ਦਾ ਲਿਆ ਅਹਿਦ
ਉਪ ਮੰਡਲ ਮੈਜਿਸਟਰੇਟ ਸਮੇਤ ਸੀਨੀਅਰ ਅਫ਼ਸਰਾਂ ਨੇ ਕੀਤਾ ਸਕੂਲਾਂ ਦਾ ਦੌਰਾ
ਬਰਨਾਲਾ, 24 ਦਸੰਬਰ 2022
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਕੂਲਾਂ ਵਿਚ ਮੈਗਾ ਮਾਪੇ-ਅਧਿਆਪਕ ਮਿਲਣੀ ਦਾ ਸਿਰਜਿਆ ਗਿਆ ਉਪਰਾਲਾ ਮਾਪਿਆਂ ਨੂੰ ਬੱਚਿਆਂ ਦੀ ਪੜ੍ਹਾਈ ਪ੍ਰਤੀ ਸੁਚੇਤ ਕਰ ਰਿਹਾ ਹੈ । ਇਸ ਤਹਿਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟਰੇਟ ਬਰਨਾਲਾ ਅਤੇ ਤਪਾ ਸ੍ਰੀ ਗੋਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਅਤੇ ਮਾਪਿਆਂ ਨੂੰ ਮਿਲੇ।
ਹੋਰ ਪੜ੍ਹੋ – ਮਾਪਿਆਂ ਤੇ ਅਧਿਆਪਕਾਂ ਵਿਚਕਾਰ ਦੀ ਦੂਰੀ ਘੱਟ ਕਰਨ ਦਾ ਸਾਰਥਕ ਉਪਰਾਲਾ ਮਾਪੇ-ਅਧਿਆਪਕ ਮਿਲਣੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਤੇ ਅਧਿਆਪਕਾਂ ਵਿਚਕਾਰ ਦੀ ਦੂਰੀ ਨੂੰ ਘੱਟ ਕਰਨ ਦਾ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਸਦਕਾ ਬਚਿਆਂ ਦੇ ਸਕੂਲ ਤੇ ਘਰ ਦੇ ਵਿਵਹਾਰ, ਪੜ੍ਹਾਈ, ਹੁਨਰ ਪ੍ਰਤੀ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਨਾਲ ਦੋਨੋ ਧਿਰਾਂ ਦੀ ਗਲਬਾਤ ਸਾਂਝੀ ਹੁੰਦੀ ਹੈ। ਅਜਿਹੀਆਂ ਮਿਲਣੀਆਂ ਬਚਿਆਂ ਦੇ ਭਵਿੱਖ ਬਾਰੇ ਜਾਣੂੰ ਕਰਵਾਉਂਦੀਆਂ ਹਨ ਕਿ ਬੱਚਾ ਕਿ ਸੋਚਦਾ ਹੈ, ਬਚਾ ਘਰ ਜਾਂ ਸਕੂਲ ਵਿਚ ਕਿਵੇ ਰਹਿੰਦਾ ਹੈ, ਕਿ ਖਾਂਦਾ-ਪੀਂਦਾ ਹੈ, ਕਿਹੜੀ ਸੰਗਤ ਵਿਚ ਰਹਿੰਦਾ ਹੈ, ਬਚੇ ਵਿਚ ਕਿਸ ਖੇਤਰ ਵੱਲ ਜਾਣ ਦਾ ਹੁਨਰ ਹੈ।ਉਪ ਮੰਡਲ ਮੈਜਿਸਟਰੇਟ ਸ਼੍ਰੀ ਗੋਪਾਲ ਸਿੰਘ ਨੇ ਸਰਕਾਰੀ ਹਾਈ ਸਕੂਲ ਜੁਮਲਾ ਮਾਲਕਾਨ, ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ, ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਲੜਕੀਆਂ, ਸਰਕਾਰੀ ਹਾਈ ਸਕੂਲ ਨਾਈਵਾਲਾ, ਸਰਕਾਰੀ ਹਾਈ ਸਕੂਲ ਕੈਰੇ ਅਤੇ ਹੋਰ ਸਕੂਲਾਂ ਦਾ ਦੌਰਾ ਕੀਤਾ।
ਉਹਨਾਂ ਮਾਪਿਆਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਦੇ ਯੁਗ ਵਿਚ ਬਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ । ਇਸ ਤੋਂ ਇਲਾਵਾ ਮਾਪਿਆਂ ਤੇ ਅਧਿਆਪਕਾਂ ਨੂੰ ਬਚਿਆਂ ਦੇ ਹੁਨਰ ਦੇ ਹਿਸਾਬ ਨਾਲ ਮਿਹਨਤ ਕਰਵਾਉਣੀ ਚਾਹੀਦੀ ਹੈ ਤਾਂ ਜੋ ਬਚਾ ਆਪਣੇ ਹੁਨਰ ਦੇ ਹਿਸਾਬ ਨਾਲ ਆਪਣੇ ਖੇਤਰ ਨੂੰ ਚੁਣੇ ਤੇ ਸੁਨਿਹਰੇ ਭਵਿੱਖ ਦੀ ਸਿਰਜਣਾ ਕਰ ਸਕੇ। ਇਸ ਤੋਂ ਇਲਾਵਾ ਪੀ. ਜੀ. ਓ ਸ੍ਰੀ ਸੁਖਪਾਲ ਸਿੰਘ, ਬੀ. ਡੀ. ਪੀ. ਓ ਪਰਵੇਸ਼ ਕੁਮਾਰ, ਜਗਤਾਰ ਸਿੰਘ ਅਤੇ ਸੁਖਦੀਪ ਸਿੰਘ ਅਤੇ ਨਾਇਬ ਤਹਿਸੀਲਦਾਰਾਂ ਅਤੇ ਹੋਰ ਅਫ਼ਸਰਾਂ ਵੱਲੋਂ ਵੀ ਵੱਖ ਵੱਖ ਪਿੰਡਾਂ ਚ ਜਾ ਕੇ ਮਾਪਿਆਂ ਨਾਲ ਗੱਲ ਬਾਤ ਕੀਤੀ ਗਈ।
ਬਰਨਾਲਾ ਵਿਖੇ ਕੀਤੀ ਗਈ ਨਿਵੇਕਲੀ ਪਹਿਲ
ਬਰਨਾਲਾ ਦੇ ਸਕੂਲਾਂ ਨੇ ਇਕ ਨਿਵੇਕਲੀ ਪਹਿਲ ਕੀਤੀ ਜਿਸ ਵਿਚ ਮਾਪਿਆਂ ਨੂੰ ਸਹੁੰ ਚੁਕਾਈ ਗਈ। ਮਾਪਿਆਂ ਨੇ ਸਹੁੰ ਚੁੱਕੀ ਕਿ ਉਹ ਆਪਣੇ ਬੱਚਿਆਂ ਨੂੰ ਰੋਜ਼ਾਨਾ ਸਕੂਲ ਭੇਜਣਗੇ ਤਾਂ ਜੋ ਬੱਚਿਆਂ ਦੀ ਹਾਜ਼ਰੀ 100 ਫੀਸਦੀ ਯਕੀਨੀ ਬਣਾਈ ਜਾ ਸਕੇ।ਇਸ ਅਹਿਦ ਤਹਿਤ ਸਕੂਲਾਂ ਵਿਚ ਬੋਰਡ ਲਗਾਏ ਗਏ ਜਿਥੇ ਮਾਪਿਆਂ ਨੇ ਹੇਠਾਂ ਦਸਤਖਤ ਕੀਤੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀਮਤੀ ਰੇਨੂ ਬਾਲਾ ਨੇ ਕਿਹਾ ਕਿ ਉਮੀਦ ਹੈ ਇਸ ਨਾਲ ਵੱਧ ਤੋਂ ਵੱਧ ਮਾਂ ਬਾਪ ਆਪਣੇ ਬੱਚਿਆਂ ਨੂੰ ਸਕੂਲ ਰੋਜ਼ਾਨਾ ਭੇਜਣਗੇ।