ਕਿਹਾ ਕਿ ਪ੍ਰਭਾਵਤ ਵਰਗਾਂ ਨੁੰ ਵਿੱਤੀ ਰਾਹਤ ਦਿੱਤੀ ਜਾਵੇ

ਸੂਬੇ ਵਿਚ ਕੋਰੋਨਾ ਦੇ ਖਤਰਨਾਕ ਹਾਲਾਤਾਂ ਨੁੰ ਵਿਚਾਰਨ ਲਈ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ : ਅਕਾਲੀ ਦਲ

ਵੈਕਸੀਨ ਦੀ ਗੰਭੀਰ ਘਾਟ ਨੂੰ ਵੇਖਦਿਆਂ ਸੂਬਾ ਸਰਕਾਰ ਵੈਕਸੀਨ ਲਈ ਸਿੱਧੇ ਆਰਡਰ ਦੇਵੇ ਅਤੇ ਕੌਮਾਂਤਰੀ ਟੈਂਡਰ ਖੋਲ੍ਹੇ : ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 12 ਮਈ , 2021  : ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ  ਸਿੰਘ ਨੂੰ ਬੇਨਤੀ ਕੀਤੀ ਕਿ ਸੂਬੇ ਵਿਚ ਕੋਰੋਨਾ ਦੇ ਖਤਰਨਾਕ ਹਾਲਾਤਾਂ ਨੂੰ ਵਿਚਾਰਨ ਲਈ ਸਰਬ ਪਾਰਟੀ ਮੀਟਿੰਗ ਸੱਦੀ ਜਾਵੇ ਕਿਉਂਕਿ ਮੌਤਾਂ ਦੀ ਗਿਣਤੀ ਵਿਚ ਚੋਖੇ ਵਾਧੇ  ਮਗਰੋਂ ਹਫੜਾ ਦਫੜੀ ਵਾਲੇ ਹਾਲਾਤ ਬਣੇ ਹੋਏ ਹਨ ਅਤੇ ਨਾਲ ਹੀ ਪਾਰਟੀ ਨੇ ਇਹ ਵੀ ਮੰਗ ਕੀਤੀ ਕਿ ਸਮਾਜ ਦੇ ਵੱਖ ਵੱਖ ਵਰਗਾਂ ਨੂੰ  ਵਿੱਤੀ ਰਾਹਤ ਪ੍ਰਦਾਨ ਕਰਨ ਬਾਰੇ ਚਰਚਾ ਕੀਤੀ ਜਾਵੇ।

ਇਸ ਬਾਰੇ  ਫੈਸਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਇਥੇ ਪਾਰਟੀ ਮੁੱਖ ਦਫਤਰ ਵਿਚ ਕੀਤੀ ਗਈ ਮੀਟਿੰਗ ਵਿਚ ਲਿਆ ਗਿਆ।

ਪਾਰਟੀ ਦੇ ਸੀਨੀਅਰ ਆਗੂਆਂ ਜਿਹਨਾਂ ਨੇ ਮੀਟਿੰਗ ਵਿਚ ਸ਼ਮੂਲੀਅਤ ਕੀਤੀ , ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਕੋਰੋਨਾ ਖਿਲਾਫ ਲੜਾਈ ਵਿਚ ਸਭ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਸਾਰੀਆਂ ਪਾਰਟੀਆਂ ਦੇ ਰਲ ਮਿਲ ਕੇ ਨਾਲ ਚੱਲਣ ਤੇ ਸਰਕਾਰ ਵੱਲੋਂ ਲੋਕਾਂ ਨੁੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਦੇ ਯਤਨਾਂ ਵਿਚ ਸਹਾਇਤਾ ਦੇਣ ਲਈ ਸਰਬ ਪਾਰਟੀ ਮੀਟਿੰਗ ਸੱਦੀ ਜਾਣੀ ਬਹੁਤ ਜ਼ਰੂਰੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਵੱਲੋਂ ਲੰਗਰ ਦੀ ਸੇਵਾ ਤੇ ਪਲਾਜ਼ਮਾ ਦਾਨ ਕਰਨ ਸਮੇਤ  ਕੀਤੀ ਜਾ ਰਹੀ ਮਨੁੱਖਤਾ ਦੀ ਸੇਵਾ ਦੀ ਸਮੀਖਿਆ ਵੀ ਕੀਤੀ ਤੇ ਤਸੱਲੀ ਪ੍ਰਗਟਾਈ ਕਿ ਸਹਾਇਤਾ ਦੀ ਇਹ ਸੇਵਾ 50 ਹਲਕਿਆਂ ਵਿਚ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿਚ ਸਾਰੇ ਹਲਕਿਆਂ ਵਿਚ ਇਹ ਸੇਵਾ ਸ਼ੁਰੂ ਕਰਨ ਦੇ ਉਪਰਾਲੇ ਕੀਤੇ ਜਾਣਗੇ।

ਮੀਟਿੰਗ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਸੂਬੇ ਵਿਚ ਚਲ ਰਹੇ ਲਾਕ ਡਾਊਨ ਦੇ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋਇਆ ਹੈ ਅਤੇ ਜ਼ੋਰ ਦਿੱਤਾ ਕਿ ਸਮਾਜ ਦੇ ਸਾਰੇ ਵਰਗਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਇਹ ਵੀ ਕਿਹਾ ਕਿ ਟੈਕਸੀ ਅਪਰੇਟਰ, ਰਿਕਸ਼ਾ ਚਾਲਕ, ਛੋਟੇ ਦੁਕਾਨਦਾਰ ਤੇ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ  ਅਤੇ ਪਾਰਟੀ ਨੇ ਸਰਕਾਰ ਨੂੰ ਇਹਨਾਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਵਾਸਤੇ ਕਿਹਾ। ਪਾਰਟੀ ਨੇ ਇਹ ਵੀ ਕਿਹਾ ਕਿ ਸਕਰਾਰ ਬੈਂਕ ਕਰਜ਼ਿਆਂ ਦੀ ਵਸੂਲੀ ਅੱਗੇ ਪਾ ਕੇ  ਤੇ ਅਗਲੇ ਛੇ ਮਹੀਨਿਆਂ ਦੀਆਂ ਕਿਸ਼ਤਾਂ ਮੁਆਫ ਕਰ ਕੇ ਮੱਧ ਵਰਗ ਨੂੰ ਵੀ ਰਾਹਤ ਪ੍ਰਦਾਨ ਕਰੇ। ਪਾਰਟੀ ਨੇ ਇਹ ਵੀ ਕਿਹਾ ਕਿ ਸਰਕਾਰ ਵਪਾਰੀ ਵਰਗ ਦੀਆਂ  ਸ਼ਿਕਾਇਤਾਂ ਛੇਤੀ ਤੋਂ ਛੇਤੀ ਦੂਰ ਕਰੇ।

ਕੋਰੋਨਾ ਦੇ ਇਲਾਜ ਨਾਲ ਜੁੜੀਆਂ ਦਵਾਈਆਂ ਦੀ ਬਲੈਕ ਮਾਰਕੀਟਿੰਗ ਦੀ ਗੱਲ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੰਲ ਹੈ ਕਿ ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜ਼ਾਂ ਤੋਂ ਲੱਖਾਂ ਰੁਪਏ ਝਾੜ ਰਹੇ ਹਨ ਜਦਕਿ ਸਰਕਾਰ ਇਹਨਾਂ ਚਾਰਜਿਜ਼ ਨੂੰ ਨਿਯਮਿਤ ਕਰਨ ਵਾਸਤੇ ਕੁਝ ਨਹੀਂ ਕਰ ਰਹੀ। ਉਹਨਾਂ ਕਿਹਾÇ ਕ ਸਰਕਾਰ ਨੂੰ ਪ੍ਰਾਈਵੇਟ ਹਸਪਤਾਲਾਂ ਵੱਲੋਂ ਵਸੂਲੇ ਜਾ ਰਹੇ ਚਾਰਜਜ਼ਿਜ਼ ਘਟਾਉਣੇ ਤੇ ਤੈਅ ਕਰਨੇ ਚਾਹੀਦੇ ਹਨ ਤੇ ਬਲੈਕ ਮਾਰਕੀਟਿੰਗ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਰੋਨਾ ਮਰੀਜ਼ਾਂ ਨੁੰ ਜੀਵਨ ਰੱਖਿਅਕ ਦਵਾਈਆਂ ਮਾਰਕੀਟ ਕੀਮਤ ਅਨੁਸਾਰ ਮਿਲ ਸਕੇ।

ਸ੍ਰੀ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਕੋਰੋਨਾ ਦਵਾਈਆਂ ਦੀ ਖਰੀਦ ਲਈ ਸਿੱਧੇ ਆਰਡਰ ਦੇਣੇ ਚਾਹੀਦੇ ਹਨ ਅਤੇ ਕੌਮਾਂਤਰੀ ਟੈਂਡਰ ਵੀ ਲਗਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਪੰਜਾਬ ਵਿਚ ਸਿਰਫ ਇਕ ਦਿਨ ਦੀ ਕੋਰੋਨਾ ਵੈਕਸੀਨ ਬਚੀ ਹੈ ਅਤੇ ਦਵਾਈ ਦੀ ਘਾਟ ਕਾਰਨ ਲੋਕਾਂ ਨੇ ਮਾਯੂਸ ਹੋ ਕੇ ਰੋਸ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਹਨ ਤੇ  ਇਸ ਮਾਮਲੇ ਵਿਚ ਲੋਕਾਂ ਦੀ ਮੁਸ਼ਕਿਲ ਤੁਰੰਤ ਦੂਰ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਇਹ ਵੀ ਕਿਹਾ ਕਿ ਮੈਡੀਕਲ ਆਕਸੀਜ਼ਨ ਦੀ ਸਪਲਾਈ ਤੇਜ਼ ਕੀਤੀ ਜਾਵੇ ਅਤੇ ਹਸਪਤਾਲਾਂ ਵਿਚ ਇਸਦੀ ਢੁਕਵੀਂ ਵੰਡ ਕੀਤੀ ਜਾਵੇ।

ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਗੁਲਜ਼ਾਰ ਸਿੰਘ ਰਣੀਕੇ ਅਤੇ ਸੁਰਜੀਤ ਸਿੰਘ ਰੱਖੜਾ ਨੇ ਵੀ ਸ਼ਮੂਲੀਅਤ ਕੀਤੀ।

Spread the love