ਚੰਡੀਗੜ, 28 ਜੁਲਾਈ
ਭਾਰਤੀ ਪੈਰਾਓਲੰਪਿਕ ਕਮੇਟੀ (ਪੀਸੀਆਈ) ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੋਕੀਓ ਪੈਰਾਓਲੰਪਿਕ 2020 ’ਚ ਹਿੱਸਾ ਲੈਣ ਵਾਲੇ ਸੰਭਾਵੀ ਜੇਤੂ ਖਿਡਾਰੀਆਂ ਲਈ ਨਕਦ ਇਨਾਮਾਂ ਸਮੇਤ ਪੁਰਸਕਾਰਾਂ ਦਾ ਐਲਾਨ ਕਰਨ। ਇਹ ਬੇਨਤੀ ਕੁਝ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਪੈਰਾਓਲੰਪਿਕ ਖਿਡਾਰੀਆਂ ਲਈ ਇਨਾਮਾਂ ਦਾ ਐਲਾਨ ਕਰਨ ਮਗਰੋਂ ਕੀਤੀ ਗਈ ਹੈ, ਜਿਸ ਵਿਚ ਨਕਦ ਇਨਾਮਾਂ ਤੋਂ ਇਲਾਵਾ ਚੁਕਵੀਂ ਨੌਕਰੀ ਅਤੇ ਤਮਗੇ ਵੀ ਸ਼ਾਮਲ ਹਨ।
ਪੈਰਾਓਲੰਪਿਕ ਖੇਡਾਂ ਦਿਵਿਆਂਗ ਖਿਡਾਰੀਆਂ ਲਈ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਇਹ ਸਭ ਤੋਂ ਵੱਡਾ ਆਲਮੀ ਮੰਚ ਹੈ। ਇਹ ਖੇਡਾਂ ਇਸ ਸਾਲ 24 ਅਗਸਤ ਤੋਂ 5 ਸਤੰਬਰ ਤੱਕ ਹੋ ਰਹੀਆਂ ਹਨ।
ਪੀਸੀਆਈ ਦੇ ਮੁੱਖੀ ਸਰਪ੍ਰਸਤ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮੰਤਰੀਆਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ਕਿ ਪੈਰਾਓਲੰਪਿਕ ਖੇਡਾਂ, ਉਲੰਪਿਕ ਖੇਡਾਂ ਵਾਲੇ ਸਥਾਨ ਤੇ ਹੀ, ਉਨਾਂ ਹੀ ਮਿਆਰਾਂ ਅਤੇ ਨੇਮਾਂ ਤਹਿਤ ਕਰਵਾਈਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਪੀਸੀਆਈ ਵੱਲੋਂ ਇਨਾਂ ਖੇਡਾਂ ਵਿਚ 53 ਦਿਵਿਆਂਗ ਖਿਡਾਰੀ ਭੇਜੇ ਜਾ ਰਹੇ ਹਨ, ਜੋ ਵੱਖ ਵੱਖ ਖੇਡਾਂ ਨਾਲ ਸਬੰਧਤ ਹਨ। ਉਨਾਂ ਆਸ ਪ੍ਰਗਟ ਕੀਤੀ ਕਿ ਭਾਰਤੀ ਪੈਰਾਓਲੰਪਿਕ ਖਿਡਾਰੀ ਇਨਾਂ ਖੇਡਾਂ ਵਿਚ ਉਤੱਮ ਕਾਰਗੁਜਾਰੀ ਵਿਖਾਉਣਗੇ।
ਪੀਸੀਆਈ ਨੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਇਨਾਂ ਖੇਡਾਂ ’ਚ ਹਿੱਸਾ ਲੈਣ ਤੇ ਇਨਾ ਜਿੱਤਣ ਵਾਲੇ ਖਿਡਾਰੀਆਂ ਲਈ ਸਟੇਟ ਐਵਾਰਡਾਂ ਦਾ ਐਲਾਨ ਕੀਤਾ ਜਾਵੇ। ਸ਼੍ਰੀ ਖੰਨਾ ਨੇ ਕਿਹਾ ਕਿ ਇਨਾਮਾਂ ਦੇ ਐਲਾਨ ਨਾਲ ਇਨਾਂ ਖਿਡਾਰੀਆਂ ਨੂੰ ਪ੍ਰੇਰਨਾ ਅਤੇ ਹੌਸਲਾ ਹੀ ਨਹੀਂ ਮਿਲੇਗਾ, ਸਗੋਂ ਸਮਾਜ ’ਚ ਉਨਾਂ ਦਾ ਸਤਿਕਾਰ ਵੀ ਵਧੇਗਾ। ਉਨਾਂ ਕਿਹਾ ਕਿ ਬਿਨਾਂ ਕਿਸੇ ਪੱਖਪਾਤ ਦੇ ਵਿਦਿਆਂਗ ਖਿਡਾਰੀਆਂ ਲਈ ਵੀ ਓਲੰਪਿਕ ਖਿਡਾਰੀਆਂ ਦੀਆਂ ਲੀਹਾਂ ਤੇ ਇਨਾਮ ਦੇਣ ਦਾ ਐਲਾਨ ਕੀਤਾ ਜਾਵੇ।