ਸੂਬੇ ਦਾ ਨੰਬਰ ਇਕ ਹਸਪਤਾਲ ਹੋਵੇਗਾ ਹੰਡਿਆਇਆ ਵਿਖੇ ਬਣਨ ਵਾਲਾ ਹਸਪਤਾਲ: ਕੇਵਲ ਸਿੰਘ ਢਿੱਲੋਂ
ਕਿਹਾ, ਹਸਪਤਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਇੱਕ ਇਤਿਹਾਸਕ ਤੋਹਫ਼ਾ
ਹੰਡਿਆਇਆ (ਬਰਨਾਲਾ), 2 ਅਕਤੂਬਰ 2021
ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਅੱਜ 300 ਬਿਸਤਰਿਆਂ ਵਾਲੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਸ੍ਰੀ ਓ ਪੀ ਸੋਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਵੱਲੋਂ ਰੱਖਿਆ ਗਿਆ। ਇਸ ਮੌਕੇ ਉਨਾਂ ਵੱਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ।
ਹੋਰ ਪੜ੍ਹੋ :-ਗਾਂਧੀ ਜਯੰਤੀ ਮੌਕੇ ਪਲਾਸਟਿਕ ਮੁਕਤ ਬਰਨਾਲਾ ਮੁਹਿੰਮ ਦਾ ਆਗਾਜ਼
ਇਸ ਮੌਕੇ ਉਪ ਮੁੱਖ ਮੰਤਰੀ ਓ ਪੀ ਸੋਨੀ ਨੇ ਕਿਹਾ ਕਿ ਇਸ ਹਸਪਤਾਲ ਵਿਚ ਡੇਢ ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ ਤੇ ਇਸ ਹਸਪਤਾਲ ਦੇ ਬਣਨ ਨਾਲ ਲੋਕਾਂ ਨੂੰ ਬਾਹਰਲੇ ਵੱਡੇ ਹਸਪਤਾਲਾਂ ਵਿਚ ਨਹੀਂ ਜਾਣਾ ਪਵੇਗਾ। ਉਨਾਂ ਕਿਹਾ ਕਿ ਇਹ ਹਸਪਤਾਲ ਲਗਭਗ 300 ਬਿਸਤਰਿਆਂ ਵਾਲਾ ਹੋਵੇਗਾ, ਜਿੱਥੇ 18 ਗੰਭੀਰ ਗੰਭੀਰ ਬਿਮਾਰੀਆਂ ਦਾ ਇਲਾਜ ਹੋਵੇਗਾ। ਇਸ ਮੌਕੇ ਉਨਾਂ ਸਿਵਲ ਹਸਪਤਾਲ ਬਰਨਾਲਾ ਲਈ 2 ਕਰੋੜ ਰੁਪਏ ਦਾ ਐਲਾਨ ਕੀਤਾ, ਜਿਸ ਨਾਲ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ।
ਉਨਾਂ ਕਿਹਾ ਕਿ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਵਿਕਾਸ ਦਾ ਦੂਜਾ ਨਾਂ ਹਨ, ਜੋ ਬਰਨਾਲੇ ਦੇ ਵਿਕਾਸ ਅਤੇ ਇਸ ਨੂੰ ਹਰ ਪੱਖੋਂ ਅੱਗੇ ਲਿਜਾਣ ਲਈ ਤਤਪਰ ਰਹਿੰਦੇ ਹਨ। ਉਨਾਂ ਕਿਹਾ ਕਿ ਸ. ਢਿੱਲੋਂ ਵੱਲੋਂ ਬਰਨਾਲਾ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੇ ਚਾਹੇ ਬਰਨਾਲਾ ਨੂੰ ਜ਼ਿਲਾ ਬਣਾਉਣ ਦੀ ਗੱਲ ਹੋਵੇ ਜਾਂ ਵੱਡੇ ਪ੍ਰਾਜੈਕਟ ਲਿਆਉਣ ਦੀ ਉਨਾਂ ਨੇ ਜੋ ਕਿਹਾ, ਉਹ ਹਮੇਸ਼ਾ ਕਰਕੇ ਵਿਖਾਇਆ ਹੈ ਤੇ ਇਹ ਬਹੁਕਰੋੜੀ ਹਸਪਤਾਲ ਉਨਾਂ ਦੀ ਲੋਕਾਂ ਪ੍ਰਤੀ ਦਿ੍ਰੜਤਾ ਤੇ ਲੋਕ ਕਾਰਜਾਂ ਦਾ ਸਬੂਤ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰਾਉਣ ਵਾਲੀ ਸਰਕਾਰ ਹੈ। ਉਨਾਂ ਕਿਹਾ ਕਿ ਬਰਨਾਲਾ ਜ਼ਿਲੇ ਦੇ ਲੋਕਾਂ ਦੀ ਕਈ ਸਾਲਾਂ ਦੀ ਸਿਹਤ ਸਹੂਲਤਾਂ ਦੀ ਵੱਡੀ ਮੁੱਖ ਮੰਗ ਨੂੰ ਅੱਜ ਸ. ਕੇਵਲ ਸਿੰਘ ਢਿੱਲੋਂ ਵਲੋਂ ਪੂਰਾ ਕੀਤਾ ਗਿਆ।
ਇਸ ਮੌਕੇ ਸ. ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਨਾਂ ਵੱਲੋਂ ਲੋਕ ਵਾਅਦਾ ਨਿਭਾਉਦੇ ਹੋਏ ਬਰਨਾਲਾ ਨੂੰ ਪਹਿਲਾਂ ਜ਼ਿਲਾ ਬਣਾਇਆ ਗਿਆ। ਬਰਨਾਲਾ ਲਈ ਬਹੁਕਰੋੜੀ ਸੀਵਰੇਜ ਟਰੀਟਮੈਂਟ ਪਲਾਂਟ ਲਿਆਂਦਾ ਗਿਆ ਤੇ ਹੁਣ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰਖਵਾਇਆ ਗਿਆ ਹੈ। ਉਨਾਂ ਕਿਹਾ ਕਿ ਲਗਭਗ ਸਾਢੇ 6 ਏਕੜ ਰਕਬੇ ਵਿਚ 100 ਕਰੋੜ ਦੀ ਲਾਗਤ ਨਾਲ ਇਹ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣੇਗਾ। ਹਸਪਤਾਲ ਵਾਸਤੇ ਸ਼ੁਰੂਆਤੀ ਪੜਾਅ ਵਿਚ 40 ਕਰੋੜ ਰੁਪਏ ਮਨਜ਼ਰੂ ਕਰਵਾਏ ਗਏ ਹਨ ਤੇ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਇਸ ਹਸਪਤਾਲ ਨੂੰ ਸੂਬੇ ਦਾ ਨੰਬਰ ਇਕ ਹਸਪਤਾਲ ਬਣਾਇਆ ਜਾਵੇਗਾ। ਇਸ ਹਸਪਤਾਲ ਦੇ ਬਨਣ ਨਾਲ ਬਰਨਾਲਾ ਜ਼ਿਲਾ ਸਿਹਤ ਸਹੂਲਤਾਂ ਦੇ ਪੱਖ ਤੋਂ ਸਰਪਲੱਸ ਜ਼ਿਲਾ ਹੋਵੇਗਾ ਅਤੇ ਬਰਨਾਲਾ ਜ਼ਿਲੇ ਵਿੱਚ ਬਾਹਰੀ ਜ਼ਿਲਿਆਂ ਤੋਂ ਆ ਕੇ ਲੋਕ ਇਲਾਜ ਕਰਵਾਉਣਗੇ। ਉਨਾਂ ਕਿਹਾ ਕਿ ਇਹ ਹਸਪਤਾਲ ਸਿਹਤ ਸੇਵਾਵਾਂ ਦੇ ਖੇਤਰ ਵਿਚ ਇਤਿਹਾਸਕ ਤੋਹਫ਼ਾ ਹੈ।
ਇਸ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਓ ਪੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਵਿਚ ਹੋਰ ਸੁਧਾਰ ਲਈ ਸੁਪਰ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਭਰਨ ਲਈ ਛੇਤੀ ਹੀ ਤਨਖਾਹ ਸਕੇਲਾਂ ਵਿਚ ਸੋਧ ਕੀਤੀ ਜਾਵੇਗੀ। ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਦੀ ਸਹੂਲਤ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਮਹਿੰਗੀਆਂ ਦਵਾਈਆਂ ਨਾ ਖਰੀਦਣੀਆਂ ਪੈਣ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ 235 ਕਿਸਮ ਦੀਆਂ ਦਵਾਈਆਂ ਖਰੀਦੀਆਂ ਗਈਆਂ ਹਨ ਤੇ ਮੁਫਤ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ ਜਿਹੜੀਆਂ ਦਵਾਈਆਂ ਦਾ ਸਟਾਕ ਉਪਲਬੱਧ ਨਹੀਂ ਹੈ, ਉਹ ਖਰੀਦਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਇਸ ਮੌਕੇ ਸੀਨੀਅਰ ਆਗੂ ਸ. ਪਵਨ ਗੋਇਲ ਵੱਲੋਂ ਉਪ ਮੁੱਖ ਮੰਤਰੀ, ਸਾਰੇ ਸੀਨੀਅਰ ਆਗੂਆਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਸਿਹਤ ਸੇਵਾਵਾਂ ਡਾ. ਆਦੇਸ਼ ਕੰਗ, ਡਾ. ਜੀ ਬੀ ਸਿੰਘ, ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ, ਡੀ.ਆਈ.ਜੀ. ਸ੍ਰੀ ਗੁਰਪ੍ਰੀਤ ਸਿੰਘ ਤੂਰ, ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ, ਸ. ਕਨਵਰਇੰਦਰ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸ.ਡੀ.ਐਮ. ਸ੍ਰੀ ਵਰਜੀਤ ਵਾਲੀਆਂ, ਸਹਾਇਕ ਕਮਿਸ਼ਨਰ (ਜ) ਸ੍ਰੀ ਦੇਵਦਰਸ਼ਦੀਪ ਸਿੰਘ, ਸਿਵਲ ਸਰਜਨ ਡਾ. ਜਸਵੀਰ ਸਿੰਘ ਔਲਖ, ਚੇਅਰਮੈਨ ਨਗਰ ਸੁਧਾਰ ਟੱਰਸਟ ਬਰਨਾਲਾ ਸ੍ਰੀ ਮੱਖਣ ਸ਼ਰਮਾ, ਸਾਬਕਾ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ, ਬੀਬੀ ਸੁਰਿੰਦਰ ਕੌਰ ਵਾਲੀਆ, ਪ੍ਰਧਾਨ ਨਗਰ ਕੌਂਸਲ ਬਰਨਾਲਾ ਸ੍ਰੀ ਗੁਰਜੀਤ ਸਿੰਘ ਰਾਮਨਵਾਸੀਆ, ਉਪ ਪ੍ਰਧਾਨ ਨਗਰ ਕੌਂਸਲ ਬਰਨਾਲਾ ਸ੍ਰੀ ਨਰਿੰਦਰ ਗਰਗ ਨੀਟਾ, ਪ੍ਰਧਾਨ ਨਗਰ ਪੰਚਾਇਤ ਹੰਡਿਆਇਆ ਸ੍ਰੀ ਅਸ਼ਵਨੀ ਕੁਮਾਰ ਆਸ਼ੂ, ਚੇਅਰਮੈਨ ਜੀਵਨ ਬਾਂਸਲ, ਰਾਜੀਵ ਲੂਬੀ, ਹਰਵਿੰਦਰ ਚਹਿਲ, ਰਾਕੇਸ਼ ਭੋਲਾ, ਵਿਜੈ ਕੁਮਾਰ, ਹੈਪੀ ਢਿੱਲੋਂ, ਦੀਪ ਸੰਘੇੜਾ, ਵਰੁਣ ਗੋਇਲ ਤੇ ਹੋਰ ਪਤਵੰਤੇ ਹਾਜ਼ਰ ਸਨ।