ਪੈਨਸ਼ਨ ਅਤੇ ਅਧਾਰ ਕਾਰਡਾਂ ਲਈ ਲੱਗਣਗੇ ਕੈਂਪ-ਡਿਪਟੀ ਕਮਿਸ਼ਨਰ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਸਮੇਤ ਸਾਰੇ ਦਫ਼ਤਰਾਂ ਤੱਕ ਜਾਣ ਲਈ ਬਣਨਗੇ ਰੈਂਪ
ਅੰਮ੍ਰਿਤਸਰ, 9 ਮਈ 2022
ਜਿਲ੍ਹੇ ਦੇ ਵਿਸੇਸ਼ ਲੋੜਾਂ ਵਾਲੇ ਵਿਅਕਤੀਆਂ ਨੂੰ ਪੈਰਾਂ ਸਿਰ ਖੜ੍ਹੇ ਕਰਨ ਲਈ ਜਿੱਥੇ ਉਨਾਂ ਨੂੰ ਹੁਨਰਮੰਦ ਬਨਾਉਣ ਲਈ ਵਿਸ਼ੇਸ਼ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ, ਉਥੇ ਇੰਨਾਂ ਨੂੰ ਸਰਕਾਰ ਵੱਲੋਂ ਮਿਲਦੀ ਪੈਨਸ਼ਨ ਤੇ ਹੋਰ ਸਕੀਮਾਂ ਦਾ ਲਾਭ ਦੇਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ‘ਰਾਈਟਸ ਆਫ ਪਰਸਨ ਵਿਦ ਡਿਸਏਬਲਿਟੀ ਐਕਟ ’ ਅਧੀਨ ਕੀਤੀ ਮੀਟਿੰਗ ਅਧੀਨ ਇਹ ਹਦਾਇਤ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਇਹ ਵੀ ਹਦਾਇਤ ਕੀਤੀ ਕਿ ਜਿਲ੍ਹੇ ਦੇ ਅਜਿਹੇ ਨਾਗਰਿਕ ਜਿੰਨਾ ਦੇ ਹੱਥ ਜਾਂ ਅੱਖਾਂ ਨਾ ਹੋਣ ਕਾਰਨ ਅਧਾਰ ਕਾਰਡ ਬਨਾਉਣ ਵਿਚ ਮੁਸ਼ਿਕਲ ਆ ਰਹੀ ਹੈ, ਲਈ ਸੇਵਾ ਕੇਂਦਰਾਂ ਉਤੇ ਵੱਖਰਾ ਸਮਾਂ ਰਾਖਵਾਂ ਰੱਖ ਕੇ ਤਰਜੀਹ ਅਧਾਰ ਉਤੇ ਉਨਾਂ ਦੇ ਅਧਾਰ ਕਾਰਡ ਬਣਾਏ ਜਾਣ। ਸ੍ਰੀ ਸੂਦਨ ਨੇ ਕਿਹਾ ਕਿ ਨਿੱਜੀ ਸਕੂਲਾਂ ਵਿਚ ਪੜ੍ਹਦੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕੀ ਉਨਾਂ ਦੀ ਲੋੜ ਅਨੁਸਾਰ ਸਿੱਖਿਆ ਦੇਣ ਦੇ ਪ੍ਰਬੰਧ ਹਨ, ਦੀ ਜਾਂਚ ਕਰਨ ਲਈ ਸਿੱਖਿਆ ਵਿਭਾਗ ਵਿਸ਼ੇਸ਼ ਦਸਤੇ ਬਣਾਏ ਅਤੇ ਇਹ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇ। ਉਨਾਂ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਸਕੂਲਾਂ ਵਿਚ ਪੜ੍ਹਦੇ ਅਜਿਹੇ ਬੱਚਿਆਂ ਦੀ ਸਿੱਖਿਆ ਤੇ ਖੇਡਾਂ ਵਿਚ ਬਰਾਬਰ ਭਾਈਵਾਲੀ ਯਕੀਨੀ ਬਣਾਵੇ, ਤਾਂ ਜੋ ਇਨਾਂ ਬੱਚਿਆਂ ਨੂੰ ਵੀ ਬਰਾਬਰ ਦੇ ਮੌਕੇ ਦਿੱਤੇ ਜਾ ਸਕਣ। ਉਨਾਂ ਪਹਿਲ ਕੇਂਦਰ ਵੱਲੋਂ ਅਜਿਹੇ ਬੱਚਿਆਂ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਇਸ ਕੇਂਦਰ ਲਈ ਹਰ ਤਰਾਂ ਦੀ ਮਦਦ ਦਾ ਭਰੋਸਾ ਵੀ ਦਿੱਤਾ।
ਹੋਰ ਪੜ੍ਹੋ :-ਆਈਟੀਆਈ ਬਰਨਾਲਾ ਦੀਆਂ ਸਿਖਿਆਰਥਣਾਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਮੱਲਾਂ ਮਾਰੀਆਂ
ਸ੍ਰੀ ਸੂਦਨ ਨੇ ਚੋਗਾਵਾਂ ਬਲਾਕ ਦੇ ਕੁੱਝ ਪਿੰਡਾਂ ਵਿਚ ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀ ਦਰ ਆਮ ਜਿਲ੍ਹੇ ਨਾਲੋਂ ਵੱਧ ਹੋਣ ਉਤੇ ਚਿੰਤਾ ਜ਼ਾਹਿਰ ਕਰਦੇ ਸਿਹਤ ਵਿਭਾਗ ਨੂੰ ਇਸ ਇਲਾਕੇ ਦਾ ਸਰਵੈ ਕਰਵਾਉਣ ਦੀ ਹਦਾਇਤ ਕਰਦੇ ਕਿਹਾ ਕਿ ਇਸ ਇਲਾਕੇ ਵਿਚ ਮਾਹਿਰ ਡਾਕਟਰਾਂ ਦੀ ਅਗਵਾਈ ਹੇਠ ਸਰਵੈ ਕਰਾ ਕੇ ਇਹ ਪਤਾ ਲਗਾਇਆ ਜਾਵੇ ਕਿ ਇਸ ਪਿੱਛੇ ਕੀ ਕਾਰਨ ਹਨ, ਤਾਂ ਜੋ ਇਸ ਦਾ ਪੱਕਾ ਹੱਲ ਕੀਤਾ ਜਾ ਸਕੇ। ਸ੍ਰੀ ਸੂਦਨ ਨੇ ਕਿਹਾ ਕਿ ਜਿਲ੍ਹਾ ਪ੍ਰਬੰਧਕੀ ਕੰਪੈਲਕਸ ਸਮੇਤ ਸਾਰੇ ਸਰਕਾਰੀ ਦਫਤਰਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੇ ਆ-ਜਾ ਸਕਣ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਜੋ ਇਨਾਂ ਨੂੰ ਆਪਣੇ ਕੰਮਕਾਰਾਂ ਲਈ ਦਫਤਰਾਂ ਵਿਚ ਆਉਣ ਲਈ ਕੋਈ ਕਠਨਾਈ ਨਾ ਆਵੇ। ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਸ੍ਰੀ ਅਸੀਸਇੰਦਰ ਸਿੰਘ, ਜਿਲ੍ਹਾ ਅਟਾਰਨੀ ਸ੍ਰੀ ਪਰਮਲ ਕੁਮਾਰ, ਜਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਕੁਮਾਰ ਤੇ ਸ੍ਰੀ ਧਰਮਿੰਦਰ ਸਿੰਘ, ਸੈਕਟਰੀ ਰੈਡ ਕਰਾਸ ਸ੍ਰੀ ਤਜਿੰਦਰ ਸਿੰਘ ਰਾਜਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਵਿਸ਼ੇਸ ਲੋੜਾਂ ਵਾਲੇ ਵਿਅਕਤੀਆਂ ਲਈ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ।