ਥਾਪਰ ਤਕਨੀਕ ਦੀ ਵਰਤੋਂ ਕਰਕੇ ਗੰਦੇ ਪਾਣੀ ਦਾ ਕੀਤਾ ਨਿਪਟਾਰਾ, ਪਿੰਡ ਦੀ ਬਦਲੀ ਨੁਹਾਰ
ਬਟਾਲਾ, 10 ਅਗਸਤ 2021 ਪੈਰੋਸ਼ਾਹ ਪਿੰਡ ਵਾਸੀਆਂ ਵੱਲੋਂ ਗੰਦੇ ਪਾਣੀ ਦੇ ਛੱਪੜ ਦਾ ਸੁਚੱਜਾ ਪ੍ਰਬੰਧ ਕਰਕੇ ਇੱਕ ਲਾਹੇਵੰਦ ਸਰੋਤ ਵਿੱਚ ਤਬਦੀਲ ਕੀਤਾ ਗਿਆ ਹੈ। ਇਹ ਪਿੰਡ ਬਟਾਲਾ ਨਜ਼ਦੀਕ ਸ੍ਰੀ ਹਰਿਗੋਬਿੰਦਪੁਰ ਬਲਾਕ ਵਿਚ ਪੈਂਦਾ ਹੈ। ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ। ਔਖੇ ਸਮੇਂ ਵਿਚ ਇਹ ਪਾਣੀ ਪਿੰਡਵਾਸੀਆਂ ਦੀਆਂ ਹੋਰਨਾਂ ਲੋੜਾਂ ਲਈ ਵੀ ਵਰਤਿਆਂ ਜਾਂਦਾ ਹੈ। ਇਸ ਪਿੰਡ ਵਿੱਚ 147 ਘਰ ਹਨ ਅਤੇ ਆਬਾਦੀ ਲਗਭਗ 817 ਹੈ। ਪਹਿਲਾਂ ਇਸ ਛੱਪੜ ਵਿੱਚ ਪਿੰਡ ਦਾ ਗੰਦਾ ਪਾਣੀ ਇਕੱਠਾ ਹੁੰਦਾ ਸੀ ਜਿਸ ਨਾਲ ਗੰਭੀਰ ਬਿਮਾਰੀਆਂ ਦਾ ਵੱਡਾ ਖਤਰਾ ਬਣਿਆ ਰਹਿੰਦਾ ਸੀ। ਇਸ ਵਿੱਚੋਂ ਹਰ ਸਮੇਂ ਭੈੜੀ ਬਦਬੂ ਆਉਂਦੀ ਸੀ ਅਤੇ ਇਹ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਬਣ ਗਿਆ ਸੀ ਜਿਸ ਦੇ ਨਤੀਜੇ ਵਜੋਂ ਅਕਸਰ ਡੇਂਗੂ, ਮਲੇਰੀਆ ਆਦਿ ਵਰਗੀਆਂ ਬਿਮਾਰੀਆਂ ਫੈਲਦੀਆਂ ਰਹਿੰਦੀਆਂ ਸਨ।
2 ਸਾਲ ਪਹਿਲਾਂ ਤੱਕ ਪਿੰਡ ਦੀਆਂ ਸੜਕਾਂ ਦੀ ਹਾਲਤ ਬਹੁਤ ਤਰਸਯੋਗ ਸੀ ਕਿਉਂ ਜੋ ਖੁੱਲੇ ਨਾਲਿਆਂ ਵਿੱਚੋਂ ਗੰਦਾ ਪਾਣੀ ਅਕਸਰ ਸੜਕਾਂ ‘ਤੇ ਵਹਿੰਦਾ ਰਹਿੰਦਾ ਸੀ ਜੋ ਕਿ ਇੱਕ ਵੱਡੀ ਪ੍ਰੇਸਾਨੀ ਬਣਦਾ ਜਾ ਰਿਹਾ ਸੀ। ਪੈਰੋਸਾਹ ਪਿੰਡ ਦੇ ਵਸਨੀਕਾਂ ਨੇ ਪਿੰਡ ਦੀ ਭਲਾਈ ਲਈ ਗੰਦੇ ਪਾਣੀ ਦੇ ਸਹੀ ਨਿਪਟਾਰੇ ਦੀ ਜ ਪਿੰਡ ਵਾਸੀ ਤਰਲ ਰਹਿੰਦ -ਖੂੰਹਦ ਦਾ ਪ੍ਰਭਾਵੀ ਢੰਗ ਨਾਲ ਪ੍ਰਬੰਧਨ ਕਰਨ ਲਈ ਕਾਰਜ ਸ਼ੁਰੂ ਕਰ ਦਿੱਤੇ।
ਸਤੰਬਰ 2019 ਵਿੱਚ ਮਗਨਰੇਗਾ ਅਤੇ ਪੰਚਾਇਤ ਫੰਡਾਂ ਦੇ ਸਹਿਯੋਗ ਸਦਕਾ 27.89 ਲੱਖ ਰੁਪਏ ਦੀ ਲਾਗਤ ਨਾਲ ਤਰਲ ਰਹਿੰਦ-ਖੂੰਹਦ ਪ੍ਰਬੰਧਨ ਪ੍ਰਾਜੈਕਟ ਸਥਾਪਤ ਕੀਤਾ ਗਿਆ। ਸਮੁੱਚੇ ਛੱਪੜ ਦੇ ਨਵੀਨੀਕਰਨ ਉਪਰੰਤ ਇਸ ਨੂੰ ਇੱਕ ਖੂਬਸੂਰਤ ਸਥਾਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਨਾਲ ਨਾ ਸਿਰਫ਼ ਗੰਦੇ ਪਾਣੀ ਦਾ ਨਿਪਟਾਰਾ ਕੀਤਾ ਗਿਆ, ਬਲਕਿ ਛੱਪੜ ਵਿੱਚ ਪਾਣੀ ਦੇ ਭੰਡਾਰਨ ਦੀ ਸਮਰੱਥਾ ਵੀ ਵੱਧ ਕੇ 65 ਲੱਖ ਲੀਟਰ ਹੋ ਗਈ।
ਛੱਪੜ ਦਾ ਕੁੱਲ ਰਕਬਾ 7 ਕਨਾਲ ਹੈ ਅਤੇ ਥਾਪਰ ਤਕਨੀਕ ਦੀ ਵਰਤੋਂ ਕਰਦੇ ਹੋਏ ਟੈਂਕਾਂ ਰਾਹੀਂ ਗੰਦੇ ਪਾਣੀ ਨੂੰ ਵਰਤੋਂਯੋਗ ਬਣਾ ਕੇ ਛੱਪੜ ਵਿਚ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਸ ਪਾਣੀ ਨਾਲ ਇੱਕ ਮਹੀਨੇ ਵਿੱਚ 18 ਏਕੜ ਜਮੀਨ ਦੀ ਸਿੰਚਾਈ ਕੀਤੀ ਜਾ ਰਹੀ ਹੈ। ਪਹਿਲਾਂ ਇਸ ਸਿੰਚਾਈ ਲਈ 2 ਵੱਖਰੇ ਟਿਊਬਵੈੱਲਾਂ ਦੀ ਲੋੜ ਪੈਂਦੀ ਸੀ।
ਛੱਪੜ ਦੇ ਆਲੇ ਦੁਆਲੇ ਨੂੰ ਸਾਫ-ਸੁਥਰਾ ਅਤੇ ਹਰਿਆ-ਭਰਿਆ ਬਣਾਇਆ ਗਿਆ ਹੈ। ਵੱਖ-ਵੱਖ ਥਾਵਾਂ ’ਤੇ ਬੈਂਚ ਲਗਾਏ ਗਏ ਹਨ ਅਤੇ ਵਸਨੀਕ ਆਪਣਾ ਵਿਹਲਾ ਸਮਾਂ ਇੱਥੇ ਗੁਜ਼ਾਰਦੇ ਹਨ। ਇਸ ਪ੍ਰਾਜੈਕਟ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਮਗਨਰੇਗਾ ਅਤੇ ਪੰਚਾਇਤ ਫੰਡਾਂ ਦੀ ਸਹਾਇਤਾ ਲਈ ਜਾਂਦੀ ਹੈ।
ਪਿੰਡ ਵਿੱਚ ਤਰਲ ਰਹਿੰਦ -ਖੂੰਹਦ ਪ੍ਰਬੰਧਨ ਪ੍ਰਾਜੈਕਟ ਦੇ ਨਿਰਮਾਣ ਅਤੇ ਸਹੀ ਕੰਮਕਾਜ ਤੋਂ ਬਾਅਦ ਹੁਣ ਪਿੰਡ ਵਾਸੀ ਕਾਫੀ ਖੁਸ਼ ਹਨ। ਛੱਪੜ ਨਜ਼ਦੀਕ ਹਰਿਆਵਲ ਹੋਣ ਕਾਰਣ ਬੱਚੇ ਇੱਥੇ ਖੇਡਾਂ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਵਿਚ ਰੁੱਝੇ ਰਹਿੰਦੇ ਹਨ।
ਪਿੰਡ ਪੈਰੋਸ਼ਾਹ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਬਿਕਰਮਜੀਤ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਸਰਵਣ ਸਿੰਘ ਅਤੇ ਅੰਗਰੇਜ਼ ਸਿੰਘ ਛੱਪੜ ਦੇ ਪਾਣੀ ਨਾਲ ਆਪਣੇ ਖੇਤਾਂ ਦੀ ਸਿੰਚਾਈ ਕਰ ਰਹੇ ਹਨ। ਉਨਾਂ ਕਿਹਾ ਕਿ ਹੋਰਨਾਂ ਪਿੰਡਾਂ ਨੂੰ ਵੀ ਅਜਿਹਾ ਪ੍ਰੋਜੈਕਟ ਸਥਾਪਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਪਿੰਡ ਵਾਸੀ ਸੁਖਰਾਜ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਇਲਾਕੇ ਦੇ ਬਹੁਤ ਲੋਕ ਹੁਣ ਉਨਾਂ ਦੇ ਪਿੰਡ ਵਿੱਚ ਇਸ ਤਕਨੀਕ ਨੂੰ ਦੇਖਣ ਆਉਂਦੇ ਹਨ।