ਫਾਜ਼ਿਲਕਾ, 16 ਮਾਰਚ 2022
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਸ. ਰੇਸ਼ਮ ਸਿੰਘ ਵੱਲੋ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਪਾਸੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਾਉਣੀ 2022 ਦੌਰਾਨ ਨਰਮੇ ਦੀ ਫਸਲ `ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਅਗਾਉਂ ਤੋਂ ਹੀ ਢੁਕਵੇਂ ਹਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਆਪ ਵੱਲੋ ਨਰਮੇ ਦੀਆਂ ਛਿੱਟੀਆਂ ਸਟੋਰ ਕੀਤੀਆਂ ਗਈਆਂ ਹਨ ਉਹਨਾਂ ਨੂੰ ਚੰਗੀ ਤਰਾ੍ਹ ਝਾੜ ਕੇ ਟੀਂਡੇ ਅਤੇ ਸਿਕਰੀਆਂ ਆਦਿ 25 ਮਾਰਚ ਤੱਕ ਸਾੜ ਕੇ ਨਸ਼ਟ ਕਰ ਦਿੱਤੀਆਂ ਜਾਣ ਜਾਂ ਮਿੱਟੀ ਵਿੱਚ ਡੂੰਘੀਆਂ ਦਬਾ ਦਿੱਤੀਆਂ ਜਾਣ।
ਹੋਰ ਪੜ੍ਹੋ :-ਵਿਸ਼ਵ ਅਮਨ ਦੀ ਸਲਾਮਤੀ ਲਈ ਕਲਮਾਂ, ਬੁਰਸ਼ਾਂ ਸਾਜ਼ਾਂ ਵਾਲਿਆਂ ਦਾ ਮਜਬੂਤ ਕਾਫ਼ਲਾ ਬਣਾਉਣ ਦੀ ਲੋੜ- ਫ਼ਖ਼ਰ ਜ਼ਮਾਂ
ਉਨ੍ਹਾਂ ਕਿਹਾ ਕਿ ਵਿਭਾਗ ਵੱਲੋ ਗਠਿਤ ਸਰਵੇਲੈਸ ਟੀਮਾਂ ਲਗਾਤਾਰ ਜਨਵਰੀ ਮਹੀਨੇ ਤੋ ਪਿੰਡਾਂ ਅਤੇ ਖੇਤਾਂ ਵਿੱਚ ਕਿਸਾਨਾਂ ਵੱਲੋ ਸਟੋਰ ਕੀਤੀਆਂ ਛਿਟੀਆਂ ਦਾ ਸਰਵੇਖਣ ਕਰ ਰਹੀਆਂ ਹਨ ਅਤੇ ਇਹਨਾਂ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ ਐਕਟਿਵ ਸਟੇਜ ਵਿੱਚ ਦੇਖਿਆ ਗਿਆ ਹੈ ਜੋ ਕਿ ਸਾਉਣੀ 2022 ਦੌਰਾਨ ਨਰਮੇ ਦੀ ਫਸਲ ਲਈ ਨੁਕਸਾਨਦੇਹ ਹੋ ਸਕਦਾ ਹੈ। ਵਿਭਾਗ ਵੱਲੋ ਕਿਸਾਨਾਂ ਨੂੰ ਪਿੰਡ ਪੱਧਰੀ ਕੈਪਾਂ ਰਾਹੀ, ਡੋਰ ਟੂ ਡੋਰ ਮੁਹਿੰਮ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਛਿਟੀਆਂ ਨੂੰ ਝਾੜਨ ਦੀਆਂ ਲਾਈਵ ਪ੍ਰਦਰਸ਼ਨੀਆਂ ਵੀ ਲਗਾਈਆ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਚੱਲ ਰਹੀਆਂ ਜੀਨਿੰਗ ਮਿੱਲਾਂ/ਤੇਲ ਫੈਕਟਰੀਆਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਹਨਾਂ ਵਿੱਚ ਕੁਤਰਾ ਕਰਕੇ ਰੱਖੀਆਂ ਛਿਟੀਆਂ (ਰਹਿੰਦ ਖੂਹੰਦ) ਨੂੰ 25 ਮਾਰਚ ਤੱਕ ਨਸ਼ਟ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕਿਸਾਨ ਵੀਰਾ ਨੂੰ ਅਪੀਲ ਹੈ ਕਿ ਆਪਣੇ ਖੇਤਾਂ, ਵੱਟਾਂ ਅਤੇ ਸੜਕਾਂ ਦੇ ਕੰਢਿਆਂ ਤੇ ੳੁੱਗੇ ਨਦੀਨਾਂ ਨੂੰ ਸਮੂਹ ਕਿਸਾਨ ਵੀਰ ਇਕਸਾਰ ਨਸ਼ਟ ਕਰਨ ਤਾਂ ਜੋ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋ ਵੀ ਬਚਾਇਆ ਜਾ ਸਕੇ ।
ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਵੱਲੋ ਜਿਲ੍ਹਾ ਫਾਜਿਲਕਾ ਨੂੰ ਮਿਤੀ 10-04-2022 ਤੋਂ ਮਿਤੀ 25-05-2022 ਤੱਕ ਨਿਰਵਿਘਨ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਤਜਵੀਜ ਉਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਅਤੇ ਜਲ ਸਰੋਤ ਵਿਭਾਗ ਵੱਲੋ ਇਸ ਸਮੇਂ ਦੌਰਾਨ ਪਾਣੀ ਦੀ ਸਪਲਾਈ ਦੇਣ ਦਾ ਵਿਸ਼ਵਾਸ਼ ਦਵਾਇਆ ਗਿਆ ਹੈ ਸੋ ਕਿਸਾਨ ਵੀਰ ਇਸ ਸਮੇ ਦੌਰਾਨ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਕਰਦੇ ਹੋਏ ਨਰਮੇ ਦੀਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਵਿਭਾਗ ਪਾਸੋਂ ਪ੍ਰਮਾਣਿਤ ਕਿਸਮਾਂ ਦੀ ਬਿਜਾਈ ਹੀ ਕਰਨ ਅਤੇ ਬੀਜ ਖਰੀਦ ਕਰਨ ਸਮੇਂ ਦੁਕਾਨਦਾਰ ਤੋ ਪੱਕਾ ਬਿੱਲ ਜਰੂਰ ਲੈਣ।
ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਵੱਲੋ ਅਪੀਲ ਹੈ ਕਿ ਕਿਸਾਨ ਵੀਰ ਵਿਭਾਗ ਦੇ ਸਪੰਰਕ ਵਿੱਚ ਰਹਿਣ ਤਾਂ ਜੋ ਇਸ ਸੀਜ਼ਨ ਦੌਰਾਨ ਵੀ ਨਰਮੇ ਦੀ ਫਸਲ ਨੂੰ ਹਰ ਪ੍ਰਕਾਰ ਦੇ ਕੀੜੇ ਮਕੌੜਿਆਂ ਤੋ ਬਚਾਇਆ ਜਾ ਸਕੇ ਅਤੇ ਫਸਲ ਦਾ ਚੰਗਾ ਝਾੜ ਲਿਆ ਜਾ ਸਕੇ।