ਨਵਾਂਸ਼ਹਿਰ, 6 ਅਗਸਤ 2021 ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਆਪਣੇ ਦੁਆਰਾ ਸੰਕਲਿਤ ‘ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ’ ਕੌਫੀ ਟੇਬਲ ਬੁੱਕ ਅੱਜ ਜ਼ਿਲਾ ਪੁਲਿਸ ਕੰਪਲੈਕਸ ਵਿਖੇ ਡੀ. ਜੀ. ਪੀ ਪੰਜਾਬ ਦਿਨਕਰ ਗੁਪਤਾ ਨੂੰ ਭੇਟ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਸ ਕਿਤਾਬ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਤੋਂ ਸ਼ਹਾਦਤ ਤੱਕ ਦੀ ਪਵਿੱਤਰ ਯਾਤਰਾ ਨੂੰ ਬਾਖੂਬੀ ਪ੍ਰਕਾਸ਼ਮਾਨ ਕੀਤਾ ਗਿਆ ਹੈ। ਡੀ. ਜੀ. ਪੀ ਦਿਨਕਰ ਗੁਪਤਾ ਨੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਦੇ ਸੁਹਿਰਦ ਯਤਨਾਂ ਦੀ ਸ਼ਲਾਘਾ ਕੀਤੀ, ਜਿਨਾਂ ਵੱਲੋਂ ਇਸ ਪਵਿੱਤਰ ਕਾਰਜ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਅਤੇ ਦਰਸ਼ਨ ਅਜੋਕੇ ਸਮਿਆਂ ਵਿਚ ਬੇਹੱਦ ਸਾਰਥਕ ਹਨ, ਜਿਨਾਂ ਨੇ ਸ਼ਾਂਤੀ ਅਤੇ ਸਰਵਵਿਆਪੀ ਭਾਈਚਾਰੇ ਦਾ ਸੰਦੇਸ਼ ਫੈਲਾਇਆ। ਇਸ ਮੌਕੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਉਨਾਂ ਨੇ ਇਹ ਕੌਫੀ ਟੇਬਲ ਬੁੱਕ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਅਤੇ ਉਨਾਂ ਦੀ ਚਰਨ ਛੋਹ ਪ੍ਰਾਪਤ ਅਸਥਾਨਾਂ ਨੂੰ ਰੂਪਮਾਨ ਕਰਨ ਦੇ ਉਦੇਸ਼ ਨਾਲ ਤਿਆਰ ਕੀਤਾ ਹੈ। ਇਸ ਮੌਕੇ ਆਈ. ਜੀ ਲੁਧਿਆਣਾ ਰੇਂਜ ਨੌਨਿਹਾਲ ਸਿੰਘ, ਐਸ. ਐਸ. ਪੀ ਅਲਕਾ ਮੀਨਾ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
ਕੈਪਸ਼ਨ :-ਡੀ. ਜੀ. ਪੀ ਦਿਨਕਰ ਗੁਪਤਾ ਨੂੰ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਰੂਹਾਨੀ ਯਾਤਰਾ’ ਕੌਫੀ ਟੇਬਲ ਬੁੱਕ ਭੇਟ ਕਰਦੇ ਹੋਏ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ। ਨਾਲ ਹਨ ਆਈ. ਜੀ ਨੌਨਿਹਾਲ ਸਿੰਘ ਅਤੇ ਐਸ. ਐਸ. ਪੀ ਅਲਕਾ ਮੀਨਾ।