1 ਲੱਖ 1 ਹਜ਼ਾਰ 200 ਲੀਟਰ ਲਾਹਣ, 16 ਡਰੰਮ, 12 ਪਤੀਲੇ, 28 ਤਰਪਾਲਾਂ ਅਤੇ 15 ਪੇਟੀਆਂ ਨਾਜਾਇਜ਼ ਸਰਾਬ ਕੀਤੀ ਬਰਾਮਦ:-ਐੱਸ.ਐੱਸ.ਪੀ. ਨਰਿੰਦਰ ਭਾਰਗਵ
ਚੋਣ ਜਾਬਤਾ ਤੋਂ ਬਾਅਦ ਐਨ.ਡੀ.ਪੀ.ਐੱਸ, ਐਕਸਾਈਜ਼, ਆਰਮਜ਼ ਅਤੇ ਨਾਰਕੋਟਿਕ ਐਕਟ ਦੇ ਤਹਿਤ ਪਰਚੇ ਕੀਤੇ ਗਏ ਦਰਜ
ਫਿਰੋਜ਼ਪੁਰ 28 ਜਨਵਰੀ 2022
ਪੁਲਿਸ ਪ੍ਰਸ਼ਾਸਨ ਅਤੇ ਆਬਕਾਰੀ ਤੇ ਕਰ ਵਿਭਾਗ ਫਿਰੋਜ਼ਪੁਰ ਨੇ ਸੰਯੁਕਤ ਅਭਿਆਨ ਰਾਹੀਂ ਭਾਰਤ ਪਾਕਿਸਤਾਨ ਨਾਲ ਲੱਗਦੇ ਬਾਰਡਰ ਦੇ ਸਰਹੱਦੀ ਇਲਾਕੇ ਵਿੱਚ ਅਚਨਚੇਤ ਛਾਪੇਮਾਰੀ ਕਰਕੇ 1 ਲੱਖ 1 ਹਜ਼ਾਰ 200 ਲੀਟਰ ਲਾਹਣ, 16 ਡਰੰਮ, 12 ਪਤੀਲੇ, 28 ਤਰਪਾਲਾਂ ਅਤੇ 15 ਪੇਟੀਆਂ ਨਾਜਾਇਜ਼ ਸਰਾਬ ਬਰਾਮਦ ਕੀਤੀ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਿਰੋਜ਼ਪੁਰ ਸ੍ਰੀ. ਨਰਿੰਦਰ ਭਾਰਗਵ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਜ਼ਿਲ੍ਹਾ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਰਹੱਦੀ ਖੇਤਰ ਦੇ ਨੇੜੇ ਭਾਰੀ ਮਾਤਰਾ ਵਿੱਚ ਲਾਹਣ, ਸ਼ਰਾਬ ਕੱਢੀ ਜਾ ਰਹੀ ਹੈ ਜੋ ਕਿ ਚੋਣਾਂ ਦੌਰਾਨ ਵਰਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਸੰਯੁਕਤ ਟੀਮ ਨਾਲ ਮਿਲਕੇ ਸਰਹੱਦੀ ਖੇਤਰ ਨੇੜੇ ਛਾਪਾਮਾਰੀ ਕਰਕੇ ਉਕਤ ਮਾਤਰਾ ਵਿੱਚ ਲਾਹਣ ਬਰਾਮਦ ਕੀਤੀ ਗਈ।
ਹੋਰ ਪੜ੍ਹੋ :-ਮੁੱਖਮੰਤਰੀ ਦਾ ਫਗਵਾੜਾ ਚ ਚੋਥਾ ਗੇੜਾ ਵਿਧਾਇਕ ਧਾਰੀਵਾਲ ਗਰੁੱਪ ਚ ਫੈਲੀ ਬਸਪਾ ਦੀ ਦਹਿਸ਼ਤ
ਐੱਸ.ਐੱਸ.ਪੀ. ਸ੍ਰੀ. ਨਰਿੰਦਰ ਭਾਰਗਵ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਨਿਰਪੱਖ ਤੇ ਸਾਂਤੀਪੂਰਵਕ ਚੋਣਾਂ ਕਰਵਾਉਣ ਲਈ ਪੂਰਨ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਅਤੇ ਜਿੱਥੇ ਕਿਤੇ ਵੀ ਗੈਰ ਸਮਾਜਿਕ ਗਤੀਵਿਧੀਆਂ ਦੀ ਸੂਚਨਾ ਮਿਲਦੀ ਹੈ ਗਠਿਤ ਕੀਤੀਆਂ ਟੀਮਾਂ ਵੱਲੋਂ ਤੁਰੰਤ ਛਾਪਾਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਜਾਬਤਾ ਤੋਂ ਬਾਅਦ 27 ਜਨਵਰੀ ਤੱਕ ਐਨ.ਡੀ.ਪੀ.ਐੱਸ ਐਕਟ, ਐਕਸਾਈਜ਼ ਐਕਟ, ਆਰਮਜ਼ ਐਕਟ, ਨਾਰਕੋਟਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਏ ਮੁਕੱਦਮੇ ਦਰਜ ਕਰਕੇ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨ.ਡੀ.ਪੀ.ਸੀ. ਐਕਟ ਦੇ ਤਹਿਤ 26 ਪਰਚੇ ਦਰਜ ਕਰਕੇ 33 ਆਰੋਪੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਅਤੇ 5 ਕਿੱਲੋ 661 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਅਫੀਮ 1 ਕਿੱਲੋ 500 ਗ੍ਰਾਮ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਨਾਰਕੋਟਿਕ ਐਕਟ ਦੇ ਤਹਿਤ 1 ਗ੍ਰਾਮ ਨਸ਼ੀਲਾ ਪਾਊਡਰ, 7550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਐਕਸਾਇਜ਼ ਐਕਟ ਦੇ ਤਹਿਤ 60 ਪਰਚੇ ਦਰਜ ਕੀਤੇ ਗਏ ਹਨ ਅਤੇ 56 ਵਿਅਕਤੀਆਂ ਦੀ ਗ੍ਰਿਫਤਾਰੀ ਕਰਕੇ 707.90 ਲੀਟਰ ਨਾਜਾਇਜ਼ ਸਰਾਬ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 89 ਹਜ਼ਾਰ 870 ਲੀਟਰ ਲਾਹਣ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰਮਜ਼ ਐਕਟ ਦੇ ਤਹਿਤ 7 ਪਰਚੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚ 7 ਆਰੋਪੀ ਨਾਜਾਇਜ਼ ਅਸਲੇ ਸਮੇਤ ਫੜੇ ਗਏ ਹਨ।ਇਸ ਤੋਂ ਇਲਾਵਾ 1 ਮੈਗਜ਼ੀਨ, 42 ਕਾਰਤੂਸ ਆਦਿ ਬਰਾਮਦ ਕੀਤੇ ਗਏ ਹਨ।
ਐੱਸ.ਐੱਸ.ਪੀ. ਨੇ ਦੱਸਿਆ ਕਿ ਸਰਹੱਦੀ ਖੇਤਰਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਅਤੇ ਗੈਰ ਸਮਾਜਿਕ ਗਤੀਵਿਧੀਆਂ ਤੇ ਕਾਬੂ ਪਾਉਣ ਲਈ ਵਿਲੇਜ਼ ਡਿਫੈਂਸ ਕਮੇਟੀਆਂ ਦਾ ਵੀ ਗਠਨ ਕੀਤਾ ਗਿਆ ਹੈ ਅਤੇ ਸਰਹੱਦੀ ਖੇਤਰ ਦੇ ਰਹਿਣ ਵਾਲਿਆਂ ਨਾਲ ਬੈਠਕ ਕਰਕੇ ਕਿਸੇ ਵੀ ਤਰ੍ਹਾਂ ਦੀ ਗੈਰ ਸਮਾਜਿਕ ਗਤੀਵਿਧੀ ਸਬੰਧੀ ਪੁਲਿਸ ਨੂੰ ਤੁਰੰਤ ਸੂਚਨਾ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ ਸਮਾਜਿਕ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।