ਡਗਾਣਾ ਰੋਡ ’ਤੇ ਹੋਈ ਲੁੱਟ ਦੀ ਘਟਨਾ 72 ਘੰਟਿਆਂ ’ਚ ਹੱਲ : ਨਵਜੋਤ ਸਿੰਘ ਮਾਹਲ

POLICE SOLVE LOOT AT LABORATORY WITHIN 72 HOURS-NAVJOT SINGH MAHAL

ਲੁੱਟੀ ਗਈ 1.02 ਲੱਖ ਰੁਪਏ ’ਚੋਂ 94,950 ਰੁਪਏ ਬਰਾਮਦ, ਲੈਬੋਰਟਰੀ ’ਚ ਕੰਮ ਕਰਦੀ ਲੜਕੀ ਤੇ ਦੋ ਹੋਰ ਗ੍ਰਿਫਤਾਰ
ਹੁਸ਼ਿਆਰਪੁਰ, 21 ਸਤੰਬਰ:
ਬੀਤੇ ਦਿਨੀਂ ਸ਼ਰਮਾ ਲੈਬੋਰਟਰੀ, ਡਗਾਣਾ ਰੋਡ ’ਤੇ ਹੋਈ ਇਕ ਲੱਖ ਦੋ ਹਜ਼ਾਰ ਰੁਪਏ ਦੀ ਲੁੱਟ ਨੂੰ ਜ਼ਿਲ੍ਹਾ ਪੁਲਿਸ ਨੇ 72 ਘੰਟਿਆਂ ਦੇ ਅੰਦਰ ਹੱਲ ਕਰਦਿਆਂ ਤਿੰਨ ਮੁਲਜ਼ਮਾਂ ਸਮੇਤ ਇਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਉਪਰੰਤ ਵੱਖ-ਵੱਖ ਪੱਖਾਂ ਤੋਂ ਜਾਂਚ ਨੂੰ ਅੱਗੇ ਤੋਰਦਿਆਂ ਪੁਲਿਸ ਨੇ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਉਰਫ ਕਾਕਾ ਵਾਸੀ ਬੈਕ ਸਾਈਡ ਸ਼ਿਵ ਮੰਦਰ, ਗੜ੍ਹਸ਼ੰਕਰ ਹਾਲ ਵਾਸੀ ਮੁਹੱਲਾ ਸ਼ਾਂਤੀ ਨਗਰ ਅਤੇ ਲੈਬੋਰਟਰੀ ਵਿੱਚ ਕੰਮ ਕਰਦੀ ਲੜਕੀ ਪ੍ਰੀਤੀ, ਵਾਸੀ ਨਿਊ ਮਾਡਲ ਟਾਊਨ ਨੂੰ ਗ੍ਰਿਫਤਾਰ ਕਰਦਿਆਂ ਉਨ੍ਹਾਂ ਪਾਸੋਂ 94,950 ਰੁਪਏ ਅਤੇ ਘਟਨਾ ਲਈ ਵਰਤਿਆ ਮੋਟਰ ਸਾਈਕਲ ਵੀ ਬਰਾਮਦ ਕੀਤਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਘਟਨਾ ਉਪਰੰਤ ਐਸ.ਪੀ. (ਤਫਤੀਸ਼) ਰਵਿੰਦਰ ਸਿੰਘ ਸੰਧੂ, ਡੀ.ਐਸ.ਪੀ. ਜਗਦੀਸ਼ ਅਤਰੀ ਅਤੇ ਥਾਣਾ ਮਾਡਲ ਟਾਊਨ ਮੁਖੀ ਮਨਮੋਹਨ ਕੁਮਾਰ ਨੇ ਵਾਰਦਾਤ ਦੇ ਸਾਰੇ ਪੱਖਾਂ ਨੂੰ ਬਾਰੀਕੀ ਨਾਲ ਘੋਖਦਿਆਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਲੈਬੋਰਟਰੀ ਮਾਲਕ ਦੇਵਰਸ ਕਿਤੇ ਗਏ ਹੋਏ ਸਨ ਅਤੇ ਉਥੇ ਕੰਮ ਕਰਦੀ ਲੜਕੀ ਪ੍ਰੀਤੀ ਨੇ ਆਪਣੇ ਦੋਸਤ ਹਰਜਿੰਦਰ ਸਿੰਘ ਉਰਫ ਕਾਕਾ ਨੂੰ ਫੋਨ ਕਰਕੇ ਸੱਦਿਆ ਸੀ। ਕਾਕਾ ਆਪਣੇ ਇਕ ਹੋਰ ਸਾਥੀ ਰਣਜੀਤ ਸਿੰਘ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੰਦਿਆਂ 102000 ਰੁਪਏ ਲੁੱਟ ਕੇ ਫਰਾਰ ਹੋ ਗਿਆ ਸੀ।
ਨਵਜੋਤ ਸਿੰਘ ਮਾਲ ਨੇ ਦੱਸਿਆ ਕਿ ਜਾਂਚ ਦੌਰਾਨ ਇੰਕਸਾਫ ਹੋਣ ’ਤੇ ਪੁਲਿਸ ਹਰਜਿੰਦਰ ਉਰਫ਼ ਕਾਕਾ ਨੂੰ ਗੁਪਤ ਸੂਚਨਾ ਦੇ ਆਧਾਰ ’ਤੇ ਸਥਾਨਕ ਬੱਸ ਸਟੈਂਡ ਤੋਂ ਸਮੇਤ ਮੋਟਰ ਸਾਈਕਲ ਗ੍ਰਿਫਤਾਰ ਕਰ ਲਿਆ ਜਿਸ ਨੇ ਮੰਨਿਆ ਕਿ ਵਾਰਦਾਤ ਨੂੰ ਪ੍ਰੀਤੀ ਅਤੇ ਰਣਜੀਤ ਸਿੰਘ ਦੀ ਮਿਲੀਭੁਗਤ ਨਾਲ ਅੰਜਾਮ ਦਿੱਤਾ ਗਿਆ। ਐਸ.ਐਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਲੁੱਟੀ ਹੋਈ ਰਕਮ ’ਚ ਹਰਜਿੰਦਰ ਕਾਕਾ ਤੋਂ 65,000 ਰੁਪਏ ਅਤੇ ਰਣਜੀਤ ਸਿੰਘ ਤੋਂ 29,950 ਰੁਪਏ ਬਰਾਮਦ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿੱਚ ਵਰਦਿਆ ਮੋਟਰਸਾਈਕਲ ਹਰਜਿੰਦਰ ਸਿੰਘ ਨੇ ਆਪਣੇ ਦੋਸਤ ਹਰਜੋਧ ਸਿੰਘ ਤੋਂ ਮੰਗ ਕੇ ਲਿਆਂਦਾ ਸੀ।
ਇਸ ਸਬੰਧੀ ਥਾਣਾ ਮਾਡਲ ਟਾਊਨ ਵਿੱਚ ਆਈ.ਪੀ.ਸੀ. ਦੀ ਧਾਰਾ 379-ਬੀ ਤਹਿਤ ਐਫ.ਆਈ.ਆਰ. ਨੰਬਰ 222 ਮਿਤੀ 16 ਸਤੰਬਰ 2020 ਦਰਜ ਹੈ।

Spread the love