ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਐਸ.ਏ.ਐਸ.ਨਗਰ ਵਿਖੇ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਦੇ ਹੋਏ ਸਥਿਤੀ ਦਾ ਲਿਆ ਜਾਇਜ਼ਾ
ਐਸ.ਏ.ਐਸ ਨਗਰ 19 ਫਰਵਰੀ 2022
ਵਿਧਾਨ ਸਭਾ ਹਲਕਾ ਐਸ.ਏ.ਐਸ ਨਗਰ ਲਈ ਭਲਕੇ ਪੈ ਰਹੀਆਂ ਵੋਟਾਂ ਦੇ ਮੱਦੇ-ਨਜ਼ਰ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਐਸ.ਏ.ਐਸ ਨਗਰ ਜ਼ਿਲੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਦੇ 907 ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਆਪਣੇ ਹਲਕੇ ਦੇ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਹਲਕਾ 052- ਖਰੜ ‘ਚ ਪੈਂਦੇ 316 ਪੋਲਿੰਗ ਬੂਥਾਂ ਲਈ ਪੋਲੀਟੈਕਨੀਕਲ ਕਾਲਜ ਖੂਨੀਮਾਜਰਾ ਤੋਂ , ਵਿਧਾਨ ਸਭਾ ਹਲਕਾ-053 ਐਸ.ਏ.ਐਸ ਨਗਰ ਚ ਪੈਂਦੇ 271 ਪੋਲਿੰਗ ਬੂਥਾਂ ਲਈ ਸਪੋਰਟਸ ਕੰਪਲੈਕਸ ਸੈਕਟਰ 78 ਐਸ.ਏ.ਐਸ. ਨਗਰ ਤੋਂ ਅਤੇ ਵਿਧਾਨ ਸਭਾ ਹਲਕਾ- 112 ਡੇਰਾਬੱਸੀ ਚ ਪੈਂਦੇ 320 ਪੋਲਿੰਗ ਬੂਥਾਂ ਲਈ ਸਰਕਾਰੀ ਕਾਲਜ ਡੇਰਾਬੱਸੀ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ਹੈ। ਇਸ ਮੌਕੇ ਸਮੂਹ ਚੋਣ ਅਬਜ਼ਰਵਰ ਹਾਜ਼ਰ ਸਨ ਅਤੇ ਉਨ੍ਹਾਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਦੀ ਪ੍ਰਕਿਰਿਆ ‘ਤੇ ਤਸੱਲੀ ਪ੍ਰਗਟਾਈ |
ਇਸ ਮੌਕੇ ਡਿਪਟੀ ਕਮਿਸ਼ਨਰ ਕਮ ਜ਼ਿਲਾਂ ਚੋਣ ਅਫਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਪੋਲਿੰਗ ਪਾਰਟੀਆਂ ਦੀ ਰਵਾਨਗੀ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਇਹ ਪੋਲਿੰਗ ਪਾਰਟੀਆਂ ਪੋਲਿੰਗ ਖਤਮ ਹੋਣ ਉਪਰੰਤ ਆਪਣੇ ਰਵਾਨਗੀ ਸਥਾਨਾਂ ‘ਤੇ ਹੀ ਸਬੰਧਤ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਰਿਪੋਰਟ ਕਰਨਗੀਆਂ ਅਤੇ ਇਨਾਂ ਈ.ਵੀ.ਐਮ-ਵੀ.ਵੀ.ਪੈਟ ਮਸ਼ੀਨਾਂ ਨੂੰ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀ.ਪੀ.ਐਸ) ਫ਼ਿੱਟ ਕੀਤੇ ਵਾਹਨਾਂ ਰਾਹੀਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਜਮਾਂ ਕਰਵਾਇਆ ਜਾਵੇਗਾ। ਉਨਾਂ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਚੋਣ ਡਿਉਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ।
ਉਨਾਂ ਦੱਸਿਆ ਕਿ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਦੇ ਸਾਰੇ ਪ੍ਰਬੰਧ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਏ ਗਏ ਹਨ, ਤਾਂ ਜੋ ਨਿਰਪੱਖ ਅਤੇ ਆਜ਼ਾਦਾਨਾ ਢੰਗ ਨਾਲ ਵੋਟਾਂ ਦੇ ਕੰਮ ਨੂੰ ਸਿਰੇ ਚੜਾਇਆ ਜਾਵੇ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਸ਼ਾਂਤਮਈ ਢੰਗ ਨਾਲ ਵੋਟਾਂ ਪੁਆਉਣ ਲਈ ਪੂਰੀ ਤਰਾਂ ਤਿਆਰ ਹੈ। ਉਨਾਂ ਕਿਹਾ ਕਿ ਵੋਟਾਂ ਪੈਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਨਾਂ ਕਿਹਾ ਕਿ ਵੋਟਰ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਭੁਗਤਾਨ ਕਰਨ ਅਤੇ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੀ ਪੁਲਿਸ ਫੋਰਸ ਦੇ ਨਾਲ ਨਾਲ ਸੀਏਪੀਐੱਫ ਦੀ ਪੈਰਾ ਮਿਲਟਰੀ ਫੋਰਸ ਅਤੇ ਹੋਰ ਸੁਰੱਖਿਆ ਬਲ ਤੈਨਾਤ ਕੀਤੇ ਗਏ ਹਨ।