ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੀ ਟੀਮ ਵੱਲੋਂ ਵੱਖ-ਵੱਖ ਸਥਾਨਾਂ ’ਤੇ ਸਰਵੇ ਤੇ ਜਾਗਰੂਕਤਾ ਮੁਹਿੰਮ ਛੇੜੀ
ਰਾਹੋਂ, 24 ਸਤੰਬਰ 2021
ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਡੇਂਗੂ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ।
ਇਸੇ ਕੜੀ ਤਹਿਤ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੀ ਟੀਮ ਵੱਲੋਂ ਬਲਾਕ ਦੇ ਵੱਖ-ਵੱਖ ਸਥਾਨਾਂ ਉੱਤੇ ਅੱਜ ਦਿਨ ਸ਼ੁੱਕਰਵਾਰ ਨੂੰ ਡਰਾਈ ਦਿਵਸ ਮੌਕੇ ਡੇਂਗੂ ਦੀ ਰੋਕਥਾਮ ਲਈ ਡੇਂਗੂ ਵਿਰੋਧੀ ਸਰਵੇ ਕਰਨ ਦੇ ਨਾਲ-ਨਾਲ ਜਾਗਰੂਕਤਾ ਮੁਹਿੰਮ ਛੇੜੀ ਗਈ।
ਇਸ ਸਬੰਧ ਵਿਚ ਸੀਨੀਅਰ ਮੈਡੀਕਲ ਅਫਸਰ ਡਾ. ਊਸ਼ਾ ਕਿਰਨ ਨੇ ਦੱਸਿਆ ਕਿ ਰਾਜਪੂਤਾਂ ਮੁਹੱਲਾ ਰਾਹੋਂ ਅਤੇ ਫਲੌਰ ਰੋਡ ਰਾਹੋਂ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ਵਿਚ ਡੇਂਗੂ ਵਿਰੋਧੀ ਸਰਵੇਖਣ ਕੀਤਾ ਗਿਆ, ਜਿਸ ਦੌਰਾਨ ਟੀਮ ਵੱਲੋਂ ਘਰਾਂ ਵਿਚ ਜਾ ਕੇ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਡਾ ਊਸ਼ਾ ਕਿਰਨ ਨੇ ਡੇਂਗੂ ਤੋਂ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੱਛਰਾਂ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪ੍ਰਹੇਜ਼ ਜ਼ਿਆਦਾ ਬਿਹਤਰ ਹੈ। ਡੇਂਗੂ ਬੁਖ਼ਾਰ ਦਾ ਸੀਜ਼ਨ ਚੱਲ ਰਿਹਾ ਹੈ। ਡੇਂਗੂ ਬੁਖ਼ਾਰ ਮਾਦਾ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਇਸ ਨੂੰ ‘ਟਾਈਗਰ ਮੱਛਰ’ ਵੀ ਕਹਿੰਦੇ ਹਨ। ਇਸ ਦੇ ਸਰੀਰ ਉੱਤੇ ਟਾਈਗਰ ਵਰਗੀਆਂ ਕਾਲੀਆਂ ਚਿੱਟੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਹ ਮੱਛਰ ਕੂਲਰਾਂ, ਕੰਨਟੇਨਰਾਂ, ਫਰਿਜ਼ ਦੇ ਪਿੱਛੇ ਲੱਗੀਆਂ ਟਰੇਆਂ, ਗਮਲਿਆਂ, ਘਰਾਂ ਦੀਆਂ ਛੱਤਾਂ ਉੱਪਰ ਪਏ ਟਾਇਰ, ਕਬਾੜ ਆਦਿ ‘ਚ ਖੜ੍ਹੇ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ।ਇਕ ਹਫ਼ਤੇ ‘ਚ ਇਕ ਆਂਡੇ ਤੋਂ ਪੂਰਾ ਜਵਾਨ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਕ ਚੱਮਚ ਪਾਣੀ ‘ਚ ਵੀ ਇਹ ਮੱਛਰ ਪੈਦਾ ਹੋ ਜਾਂਦਾ ਹੈ। ਇਹ ਮੱਛਰ ਜ਼ਿਆਦਾਤਰ ਸਵੇਰ ਤੇ ਸ਼ਾਮ ਨੂੰ ਕੱਟਦਾ ਹੈ।
ਹੋਰ ਪੜ੍ਹੋ :-ਸਥਾਨਕ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਦੇ ਦਿੱਲੀ ਵਿਖੇ ਕਾਰਜਸ਼ੀਲ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ
ਉਨ੍ਹਾਂ ਮੀਡੀਆ ਜ਼ਰੀਏ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸਾਨੂੰ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਵਿਚ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਹਫਤੇ ਵਿਚ ਇਕ ਵਾਰ ਕੂਲਰਾਂ, ਫਰਿਜ਼ ਦੀ ਟਰੇਅ ਦੀ ਸਫਾਈ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਬੁਖਾਰ ਵਾਲੇ ਮਰੀਜ਼ ਨੂੰ ਨੇੜੇ ਦੀ ਸਿਹਤ ਸੰਸਥਾ ਜਾਂ ਹਸਪਤਾਲ ਨਾਲ ਮੁਫਤ ਜਾਂਚ ਲਈ ਸੰਪਰਕ ਕਰਨਾ ਚਾਹੀਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿਚ ਡੇਂਗੂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਦੱਸੀਆਂ ਸਾਵਧਾਨੀਆਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਨਾਲੀਆਂ ਵਿੱਚ ਕਾਲੇ ਤੇਲ ਦਾ ਛਿੜਕਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਪੂਰਾ ਸਰੀਰ ਢੱਕਿਆ ਹੋਵੇ ਤਾਂ ਜੋ ਮੱਛਰ ਨਾ ਕੱਟ ਸਕੇ। ਰਾਤ ਨੂੰ ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਰੋਕੂ ਕਰੀਮਾਂ ਤੇ ਯੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ. ਗੁਰਪਿੰਦਰ ਕੌਰ ਮੈਡੀਕਲ ਅਫਸਰ ਅਤੇ ਬਲਾਕ ਐਜੂਕੇਟਰ ਮਨਿੰਦਰ ਸਿੰਘ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਲਥ ਵਰਕਰ ਪਰਮਜੀਤ ਸਿੰਘ, ਗੁਲਸ਼ਨ ਕੁਮਾਰ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।