ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਛੁੱਟੀਆਂ ਦਾ ਐਲਾਨ

Punjab School education minister Mr. Vijay Inder Singla

ਇਮਤਿਹਾਨ ਨਿਰਧਾਰਿਤ ਡੇਟਸ਼ੀਟ ਅਨੁਸਾਰ ਹੀ ਹੋਣਗੇ: ਵਿਜੈ ਇੰਦਰ ਸਿੰਗਲਾ

ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਅਤੇ ਨਿਜੀ ਸਕੂਲਾਂ ਤੇ ਲਾਗੂ ਹੋਣਗੀਆਂ ਹਦਾਇਤਾਂ

ਚੰਡੀਗੜ੍ਹ, 12 ਮਾਰਚ:

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ ਹੋਣ ਵਾਲੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਲਈ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ 13 ਮਾਰਚ ਤੋਂ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਕੋਵਿਡ ਦੀ ਸਥਿਤੀ ਨੂੰ ਰਿਵਿਊ ਕਰਨ ਲਈ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗਾਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਬਾਰੇ ਮਿਲੇ ਸੁਝਾਵਾਂ ਦੇ ਮੱਦੇਨਜ਼ਰ ਛੁੱਟੀਆਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਸਕੂਲਾਂ ਵਿੱਚ ਅਧਿਆਪਕ ਪਹਿਲਾਂ ਦੀ ਤਰ੍ਹਾਂ ਆਉਂਦੇ ਰਹਿਣਗੇ। ਵਿਦਿਆਰਥੀਆਂ ਵੱਲੋਂ ਸਾਰੀਆਂ ਜਮਾਤਾਂ ਦੇ ਇਮਤਿਹਾਨ ਕੋਵਿਡ-19 ਸਬੰਧੀ ਵੱਖ-ਵੱਖ ਸਮੇਂ ‘ਤੇ ਜਾਰੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੁਆਰਾ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਅਨੁਸਾਰ ਆਫਲਾਈਨ ਲਏ ਜਾਣਗੇ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਸਕੂਲਾਂ ਵਿੱਚ ਜਿਆਦਾ ਭੀੜ ਨਾ ਹੋਵੇ। ਜਿੱਥੇ ਕਿਤੇ ਅਧਿਆਪਕ ਜਾਂ ਵਿਦਿਆਰਥੀ ਕੋਰੋਨਾ ਪ੍ਰਭਾਵਿਤ ਪਾਏ ਜਾਂਦੇ ਹਨ ਤਾਂ ਸਬੰਧਿਤ ਸਕੂਲ ਵੱਲੋਂ ਸਿਹਤ ਵਿਭਾਗ ਵੱਲੋਂ ਕੋਵਿਡ-19 ਸਬੰਧੀ ਸਮੇਂ-ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਸਕੂਲਾਂ ਨੂੰ ਸਮੇਂ-ਸਮੇਂ ‘ਤੇ ਵਿਭਾਗ ਵੱਲੋਂ ਜਾਰੀ ਪੱਤਰਾਂ ਵਿੱਚ ਦਰਜ ਦਿਸ਼ਾ ਨਿਰਦੇਸ਼ਾਂ ਅਤੇ ਭਾਰਤ ਸਰਕਾਰ/ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਹਦਾਇਤਾਂ ਦਾ ਵੀ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ।
ਜਿਕਰਯੋਗ ਹੈ ਕਿ ਪੰਜਵੀ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 16 ਮਾਰਚ ਤੋਂ, 8ਵੀਂ ਅਤੇ 12ਵੀਂ ਦੀਆਂ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ ਅਤੇ ਦਸਵੀਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ 9 ਅਪ੍ਰੈਲ ਤੋਂ ਸ਼ੁਰੂ ਹੋਣੀਆਂ ਹਨ। ਨਾਨ ਬੋਰਡ ਜਮਾਤਾਂ ਵਿੱਚ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੇ ਪੇਪਰ 15 ਮਾਰਚ ਤੋਂ, ਅਤੇ ਪਹਿਲੀ ਤੋਂ ਚੌਥੀ ਜਮਾਤਾਂ ਦੀ ਪ੍ਰੀਖਿਆ 17 ਮਾਰਚ ਤੋਂ ਸ਼ਰੂ ਹੋਣ ਜਾ ਰਹੀਆਂ ਹਨ।

Spread the love