ਭਾਰਤ ਦੇ ਰਾਸ਼ਟਰਪਤੀ ਨੇ ਗੁਰੂ ਜੰਮਭੇਸ਼ਵਰ ਸਾਇੰਸ ਅਤੇ ਟੈਕਨੋਲੋਜੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ

ਦਿੱਲੀ, 10 ਮਾਰਚ 2025

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (10 ਮਾਰਚ, 2025) ਹਰਿਆਣਾ ਦੇ ਹਿਸਾਰ ਸਥਿਤ ਗੁਰੂ ਜੰਮਭੇਸ਼ਵਰ  ਸਾਇੰਸ ਅਤੇ ਟੈਕਨੋਲੋਜੀ ਯੂਨੀਵਰਸਿਟੀ ਕਨਵੋਕੇਸ਼ਨ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਬਦਲਦੀਆਂ ਆਲਮੀ ਮੰਗਾਂ ਦੇ ਅਨੁਸਾਰ ਯੁਵਾ ਪੀੜ੍ਹੀ ਨੂੰ ਤਿਆਰ ਕਰਨਾ ਉੱਚ ਸਿੱਖਿਆ ਸੰਸਥਾਨਾਂ ਦੇ ਲਈ ਇੱਕ ਚੁਣੌਤੀਪੂਰਨ ਕਾਰਜ ਹੈ। ਦੇਸ਼ ਦੇ ਸੰਤੁਲਿਤ ਅਤੇ ਟਿਕਾਊ ਵਿਕਾਸ ਲਈ ਇਹ ਵੀ ਜ਼ਰੂਰੀ ਹੈ ਕਿ ਐਜੂਕੇਸ਼ਨ ਅਤੇ ਟੈਕਨੋਲੋਜੀ ਦਾ ਲਾਭ ਪਿੰਡਾਂ ਤੱਕ ਪਹੁੰਚੈ। ਇਸ ਸੰਦਰਭ ਵਿੱਚ ਗੁਰੂ ਜੰਮਭੇਸ਼ਵਰ  ਯੂਨੀਵਰਸਿਟੀ ਜਿਹੇ ਉੱਚ ਸਿੱਖਿਆ ਸੰਸਥਾਨਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਯੂਨੀਵਰਸਿਟੀ ਵਿੱਚ ਛੋਟੇ ਸ਼ਹਿਰਾਂ ਅਤੇ ਗ੍ਰਾਮੀਣ ਖੇਤਰਾਂ ਦੇ ਵਿਦਿਆਰਥੀਆਂ ਦੀ ਸੰਖਿਆ ਵੱਧ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਤਾਕੀਦ ਕੀਤੀ ਕਿ ਉਹ ਆਪਣੇ ਪਿੰਡ ਜਾਂ ਸ਼ਹਿਰ ਦੇ ਲੋਕਾਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ।

ਰਾਸ਼ਟਰਪਤੀ ਨੇ ਕਿਹਾ ਕਿ ਉੱਚ ਸਿੱਖਿਆ ਸੰਸਥਾਨਾਂ ਵਿੱਚ ਕੀਤੀ ਜਾਣ ਵਾਲੀ ਵਿਸ਼ਵ ਪੱਧਰੀ ਰਿਸਰਚ ਭਾਰਤ ਨੂੰ ਆਲਮੀ ਗਿਆਨ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਵੱਖ-ਵੱਖ ਸੋਧਾਂ ਅਤੇ ਖੋਜ ਪ੍ਰੋਜੈਕਟਾਂ ਵਿੱਚ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸ ਵਿੱਚ ਇਨਕਿਊਬੇਸ਼ਨ, ਸਟਾਰਟਅੱਪ, ਪੇਟੈਂਟ ਫਾਈਲਿੰਗ ਅਤੇ ਰਿਸਰਚ ਪ੍ਰੋਜੈਕਟਾਂ ਦੇ ਲਈ ਵਿਸ਼ੇਸ਼ ਵਿਭਾਗ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਹ ਸਾਰੇ ਯਤਨ ਵਿਦਿਆਰਥੀਆਂ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੀ ਭਾਵਨਾ ਵਿਕਸਿਤ ਕਰਨਗੇ ਅਤੇ ਭਾਰਤ ਨੂੰ ਆਲਮੀ ਗਿਆਨ ਮਹਾਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਵਿੱਚ ਮਦਦ ਕਰਨਗੇ।

ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਿੱਖਿਆ ਸਿਰਫ਼ ਗਿਆਨ ਅਤੇ ਕੌਸ਼ਲ ਪ੍ਰਾਪਤ ਕਰਨ ਦਾ ਜ਼ਰੀਆ ਨਾ ਹੋ ਕੇ ਨੈਤਿਕਤਾ, ਕਰੁਣਾ ਅਤੇ ਸਹਿਣਸ਼ੀਲਤਾ ਜਿਹੀਆਂ ਜੀਵਨ ਦੀਆਂ ਕਦਰਾਂ ਕੀਮਤਾਂ ਨੂੰ ਵਿਕਸਿਤ ਕਰਨ ਦਾ ਵੀ ਜ਼ਰੀਆ ਹੈ। ਸਿੱਖਿਆ ਵਿਅਕਤੀ ਨੂੰ ਰੋਜ਼ਗਾਰ ਦੇ ਯੋਗ ਬਣਾਉਣ ਅਤੇ ਨਾਲ-ਨਾਲ ਸਮਾਜਿਕ ਜ਼ਿੰਮੇਦਾਰੀਆਂ ਦੇ ਪ੍ਰਤੀ ਜਾਗਰੂਕ ਵੀ ਬਣਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਉੱਦਮਤਾ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰ ਸਕਦੀ ਹੈ। ਉੱਦਮਸ਼ੀਲ ਮਾਨਸਿਕਤਾ ਉਨ੍ਹਾਂ ਨੂੰ ਮੌਕਿਆਂ ਦੀ ਪਹਿਚਾਣ ਕਰਨ, ਜੋਖਮ ਉਠਾਉਣ ਅਤੇ ਮੌਜੂਦਾ ਸਮੱਸਿਆਵਾਂ ਦੇ ਰਚਨਾਤਮਕ ਸਮਾਧਾਨਾਂ ਦੀ ਖੋਜ ਕਰਨ ਦੇ ਸਮੱਰਥ ਬਣਾਏਗੀ। ਇੱਕ ਉੱਦਮੀ ਦੇ ਰੂਪ ਵਿੱਚ ਉਹ ਆਪਣੇ ਇਨੋਵੇਟਿਵ ਵਿਚਾਰਾਂ ਦੇ ਜ਼ਰੀਏ ਸਮਾਜਿਕ ਸਮੱਸਿਆਵਾਂ ਦਾ ਸਮਾਧਾਨ ਲੱਭ ਸਕਦੇ ਹਨ ਅਤੇ ਸਮਾਜ ਦੇ ਵਿਕਾਸ ਵਿੱਚ ਯੋਗਦਾਨ ਦੇ ਸਕਦੇ ਹਨ। ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਰੋਜ਼ਗਾਰ ਪਾਉਣ ਦੀ ਮਾਨਸਿਕਤਾ ਦੀ ਬਜਾਏ ਅੱਗੇ ਵਧਣ ਦੀ ਮਾਨਸਿਕਤਾ ਅਪਣਾਉਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਮਾਨਸਿਕਤਾ ਦੇ ਨਾਲ ਅੱਗੇ ਵਧਣ ‘ਤੇ ਉਹ ਆਪਣੇ ਗਿਆਨ ਅਤੇ ਕੌਸ਼ਲ ਦਾ ਸਮਾਜ ਦੀ ਭਲਾਈ ਲਈ ਬਿਹਤਰ ਤਰੀਕੇ ਨਾਲ ਉਪਯੋਗ ਕਰ ਸਕਾਂਗੇ ਅਤੇ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਯੋਗਦਾਨ ਦੇ ਸਕਾਂਗੇ।

ਰਾਸ਼ਟਰਪਤੀ ਨੇ ਕਿਹਾ ਕਿ ਗੁਰੂ ਜੰਮਭੇਸ਼ਵਰ  ਜੀ, ਜਿਨ੍ਹਾਂ ਦੇ ਨਾਮ ‘ਤੇ ਇਸ ਯੂਨੀਵਰਸਿਟੀ ਦਾ ਨਾਮ ਰੱਖਿਆ ਗਿਆ ਹੈ, ਇੱਕ ਮਹਾਨ ਸੰਤ ਅਤੇ ਦਾਰਸ਼ਨਿਕ ਸਨ। ਉਹ ਵਿਗਿਆਨਿਕ ਸੋਚ, ਨੈਤਿਕ ਜੀਵਨ ਸ਼ੈਲੀ ਅਤੇ ਵਾਤਾਵਰਣ ਦੀ ਸੰਭਾਲ ਦੇ ਪ੍ਰਬਲ ਸਮਰਥਕ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਕੁਦਰਤ ਦੀ ਰੱਖਿਆ ਕਰਨਾ, ਸਾਰੇ ਜੀਵਾਂ ਦੇ ਪ੍ਰਤੀ ਦਇਆ ਭਾਵ ਰੱਖਣਾ ਅਤੇ ਸੁਰੱਖਿਆ ਪ੍ਰਦਾਨ ਕਰਨਾ ਮਨੁੱਖ ਦੀ ਨੈਤਿਕ ਜ਼ਿੰਮੇਦਾਰੀ ਹੈ। ਅੱਜ ਜਦੋਂ ਅਸੀਂ ਵਾਤਾਵਰਣ ਸਬੰਧੀ ਸਮੱਸਿਆਵਾਂ ਦੇ ਹੱਲ ਲੱਭਣ ਦਾ ਯਤਨ ਕਰ ਰਹੇ ਹਨ, ਤਾਂ ਗੁਰੂ ਜੰਮਭੇਸ਼ਵਰ  ਜੀ ਦੀਆਂ ਸਿੱਖਿਆਵਾਂ ਬਹੁਤ ਪ੍ਰਾਸੰਗਿਕ ਹਨ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਯੂਨੀਵਰਸਿਟੀ ਦੇ ਅਧਿਆਪਕ ਅਤੇ ਵਿਦਿਆਰਥੀ ਗੁਰੂ ਜੰਮਭੇਸ਼ਵਰ  ਜੀ ਦੇ ਦੱਸੇ ਮਾਰਗ ‘ਤੇ ਚੱਲਦੇ ਹੋਏ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਦਿੰਦੇ ਰਹਿਣਗੇ।