ਡਿਪਟੀ ਕਮਿਸ਼ਨਰ ਵੱਲੋਂ ਵੈਕਟਰ ਬੋਰਨ ਡਿਸੀਜਿਜ਼ ਦੀ ਰੋਕਥਾਮ ਲਈ ਵਿਆਪਕ ਮੁਹਿੰਮ ਚਲਾਉਣ ਦੇ ਹੁਕਮ

ISHA KALEYA
ਡਿਪਟੀ ਕਮਿਸ਼ਨਰ ਵੱਲੋਂ ਵੈਕਟਰ ਬੋਰਨ ਡਿਸੀਜਿਜ਼ ਦੀ ਰੋਕਥਾਮ ਲਈ ਵਿਆਪਕ ਮੁਹਿੰਮ ਚਲਾਉਣ ਦੇ ਹੁਕਮ
ਸਿਹਤ ਵਿਭਾਗ ਨੂੰ ਸ਼ਹਿਰੀ ਖੇਤਰਾਂ ਵਿੱਚ ਨਾਜ਼ੁਕ ਸਥਾਨਾ ਵਿੱਚ ਹਰ 15 ਦਿਨ ਮਗਰੋ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸੈਪਲਿੰਗ ਦੇ ਆਦੇਸ਼ 
ਉਚਿਤ ਜਾਗਰੂਕਤਾ ਅਤੇ ਲਾਗੂਕਰਨ ਨਾਲ ਹੀ ਹੈਜਾ, ਡੇਂਗੂ -ਮਲੇਰੀਆ ਨੂੰ ਫੈਲਣ ਤੋਂ ਰੋਕਿਆ ਜਾ ਸਕਦੈ : ਈਸ਼ਾ ਕਾਲੀਆ
ਐਸ ਏ ਐਸ ਨਗਰ, 29 ਮਾਰਚ 2022
ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ, ਪੇਂਡੂ ਵਿਕਾਸ ਤੇ ਪੰਚਾਇਤ ਅਤੇ ਸਥਾਨਕ ਸਰਕਾਰਾਂ ਵਿਭਾਗ ਨੂੰ ਜ਼ਿਲ੍ਹੇ ਵਿੱਚ ਵੈਕਟਰ ਬੋਰਨ ਡਿਸੀਜਿਜ਼ (ਮੱਛਰ ਜਾਂ ਕੀਟ ਕਾਰਨ ਫੈਲਣ ਵਾਲੀਆਂ ਬਿਮਾਰੀਆਂ) ਅਤੇ ਗੰਦਲੇ ਪਾਣੀ ਤੋਂ ਫੈਲਣ ਵਾਲੀਆ ਬਿਮਾਰੀਆਂ ਨੂੰ ਰੋਕਣ ਲਈ ਵਿਆਪਕ ਮੁਹਿੰਮ ਵਿੱਢਣ ਦੀਆਂ ਹਦਾਇਤਾਂ ਦਿੱਤੀਆਂ।

ਹੋਰ ਪੜ੍ਹੋ :-ਜ਼ਿਲ੍ਹਾ ਟੀਕਾ ਕਰਨ ਅਫ਼ਸਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਗਾਮੀ ਮਾਨਸੂਨ ਸੀਜ਼ਨ ਤੋਂ ਪਹਿਲਾਂ ਹੀ ਸਬੰਧਤ ਵਿਭਾਗਾਂ ਨੂੰ ਅਜਿਹੇ ਨਾਜ਼ੁਕ ਸਥਾਨਾਂ ਦੀ ਨਿਸ਼ਾਨਦੇਹੀ ਕਰ ਲੈਣੀ ਚਾਹੀਦੀ ਹੈ ਜਿੱਥੇ ਬੀਤੇ ਦਿਨਾਂ ਵਿੱਚ ਹੈਜਾ , ਡਾਈਰੀਆ , ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਦੇ ਕੇਸ ਵੱਡੀ ਮਾਤਰਾ ਵਿੱਚ ਸਾਹਮਣੇ ਆਏ ਸਨ। ਇਸ ਸੰਦਰਭ ਵਿੱਚ ਉਨ੍ਹਾਂ ਨੇ ਡੇਰਾਬੱਸੀ ਜ਼ੀਰਕਪੁਰ ਦੇ ਖੇਤਰਾਂ ਗੁਲਾਬਗੜ੍ਹ ਸੁਖਨਾ ਵਿਹਾਰ, ਪੂੜਾਵਾਲਾ, ਬਲਟਾਣਾ , ਪੀਰਮੁੱਛਲਾ ਆਦਿ ਦਾ ਜ਼ਿਕਰ ਕਰਦਿਆ ਕਿਹਾ ਕਿ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਹਰ 15 ਦਿਨ ਮਗਰੋਂ ਪਾਣੀ ਦੇ ਸੈਂਪਲ ਚੈੱਕ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਸਥਾਨਕ ਨਗਰ ਕੌਸਲ ਵੱਲੋਂ ਆਪਣੇ ਪਾਣੀ ਦੀ ਸਪਲਾਈ ਲਈ ਲਗਾਏ ਗਏ ਟਿਊਂਬਲਾਂ ਤੋਂ ਪਾਣੀ ਦੇ ਸੈਂਪਲ ਵੀ ਚੈੱਕ ਕਰਵਾਏ ਜਾਣ। ਡਿਪਟੀ ਕਮਿਸ਼ਨਰ ਵੱਲੋਂ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਕਿ ਰਿਹਾਇਸੀ ਖੇਤਰਾਂ ਵਿੱਚ ਸਪਲਾਈ ਕੀਤੇ ਜਾਣ ਲਈ ਕਲੋਰੀਨੇਟਿਡ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸਬੰਧਤ ਨਗਰ ਕੌਸਲਾਂ ਇਹ ਯਕੀਨੀ ਬਣਾਉਣਗੀਆਂ ਕਿ ਜਿੱਥੇ ਵੀ ਪਾਣੀ ਦੀ ਲੀਕੇਜ ਦੇ ਕੇਸ ਸਾਹਮਣੇ ਆਉਂਦੇ ਹਨ ਉੱਥੇ ਪਾਣੀ ਦੀਆਂ ਪਾਇਪਾਂ ਬਦਲ ਦਿੱਤੀਆਂ ਗਈਆਂ ਹਨ ਤਾਂ ਜੋ ਇਸ ਪਾਣੀ ਨਾਲ ਸੀਵਰੇਜ ਦਾ ਪਾਣੀ ਮਿਲਣ ਦੀ ਕੋਈ ਸੰਭਾਵਨਾ ਨਾ ਰਹੇ। 
ਡਿਪਟੀ ਕਮਿਸ਼ਨਰ ਵੱਲੋਂ ਬੀ.ਡੀ.ਪੀ.ਓਜ਼ ਨੂੰ ਪੇਂਡੂ ਖੇਤਰਾਂ ਵਿੱਚ ਅਤੇ ਕਾਰਜਸਾਧਕ ਅਫਸਰਾਂ ਨੂੰ ਸ਼ਹਿਰੀ ਖੇਤਰਾਂ ਵਿੱਚ ਮਾਨਸੂਨ ਤੋਂ ਪਹਿਲਾ  ਆਪਣੀ ਲੋੜ ਮੁਤਾਬਿਕ ਹੈਂਡੀ ਫੋਗਿੰਗ ਮਸ਼ੀਨਾ ਦੀ ਖਰੀਦ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਤਾ ਜੋ ਮਾਨਸੂਨ ਸੀਜ਼ਨ ਤੋਂ ਪਹਿਲਾਂ ਰਿਹਾਇਸ਼ੀ ਖੇਤਰਾਂ ਵਿੱਚ ਫੋਗਿੰਗ ਦੀ ਕੋਈ ਦਿੱਕਤ ਨਾ ਆਵੇ। ਉਨ੍ਹਾ ਨਿਰਦੇਸ਼ ਦਿੱਤੇ ਕਿ ਬੀਤੇ ਸਮੇਂ ਵਿੱਚ ਜ਼ੀਰਕਪੁਰ ਦੇ ਜਿਨ੍ਹਾਂ ਖੇਤਰਾਂ ਵਿੱਚ ਹੈਜਾ ਫੈਲਿਆ ਸੀ ਉਨ੍ਹਾਂ ਖੇਤਰਾਂ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸਰਵੇ ਕਰ ਕੇ ਰਿਪੋਰਟ ਪੇਸ਼ ਕੀਤੀ ਜਾਵੇਗੀ ਕਿ ਕਿੱਥੇ ਕੰਪਨੀ ਮਾਲਕਾਂ ਵੱਲੋਂ ਅਣ ਅਧਿਕਾਰਤ ਤੌਰ ਤੇ ਆਪਣੀ ਫੈਕਟਰੀ ਜਾਂ ਹੋਰ ਕਲੋਨੀਆਂ ਵਿੱਚ ਵੱਡੀ ਮਾਤਰਾ ਵਿੱਚ ਲੇਬਰ ਰੱਖੀ ਗਈ ਹੈ। ਅਜਿਹੀ ਸੂਰਤ ਵਿੱਚ ਸਬੰਧਤ ਕੰਪਨੀ ਦਾ ਮਾਲਕ ਆਪਣੀ ਲੇਬਰ ਨੂੰ ਸਾਫ ਪੀਣਾ ਵਾਲਾ ਪਾਣੀ ਅਤੇ ਟਾਈਲਟ ਮੁਹੱਈਆ ਕਰਵਾਉਣ ਲਈ ਪਾਬੰਦ ਹੋਵੇਗਾ । ਅਣਗਿਹਲੀ ਕੀਤੇ ਜਾਣ ਜਾਂ ਫਿਰ ਅਜਿਹੇ ਖੇਤਰ ਵਿੱਚ ਬਿਮਾਰੀ ਫੈਲਣ ਦੀ ਸੂਰਤ ਵਿੱਚ ਕੰਪਨੀ/ਕਾਰਖਾਨੇ ਦਾ ਮਾਲਕ ਜ਼ਿੰਮੇਵਾਰ ਹੋਵੇਗਾ ਅਤੇ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।    
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਇਨ੍ਹਾਂ ਵੈਕਟਰ ਬੋਰਨ ਡਿਸੀਜਿਜ਼ ਨਾਲ ਸਮੇਂ ਸਿਰ ਨਜਿੱਠਣ ਲਈ ਵਿਆਪਕ ਪ੍ਰਬੰਧ ਕਰਨ ਦੀ ਲੋੜ ਹੈ। ਸ਼੍ਰੀਮਤੀ ਕਾਲੀਆ ਨੇ ਸਿਵਲ ਸਰਜਨ ਨੂੰ ਇਹ ਹਦਾਇਤ ਵੀ ਕੀਤੀ ਕਿ ਜਿਨ੍ਹਾਂ ਖੇਤਰਾਂ ਵਿੱਚ ਬੀਤੇ ਸਮੇਂ ਵਿੱਚ ਹੈਜਾ ਫੈਲਣ ਦੇ ਕੇਸ ਸਾਹਮਣੇ ਆਏ ਸਨ ਉਥੇ ਜਾਗਰੂਕਤਾ ਮੁਹਿੰਮ ਚਲਾ ਕੇ ਵਸਨੀਕਾਂ ਨੂੰ ਸਵੱਛਤਾ ਅਪਨਾਉਣ ਲਈ ਸਿਖਿਅਤ ਕੀਤਾ ਜਾਵੇ। 
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਹਿੰਮਾਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ (ਵ) , ਸ੍ਰੀਮਤੀ ਪੂਜਾ ਸਿਆਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ),ਸ੍ਰੀਮਤੀ ਅਦਰਸ਼ਪਾਲ ਕੌਰ ਸਿਵਲ ਸਰਜਨ, ਸ੍ਰੀ ਬਲਜਿੰਦਰ ਸਿੰਘ ਗਰੇਵਾਲ ਡੀ.ਡੀ.ਪੀ.ਓ. ਤੋਂ ਇਲਾਵਾ ਬੀ.ਡੀ.ਪੀ.ਓਜ਼ ਅਤੇ ਈ.ਓਜ਼ ਸ਼ਾਮਿਲ ਸਨ।
Spread the love