![ISHFAQ ISHFAQ](https://newsmakhani.com/wp-content/uploads/2021/05/ISHFAQ-1.jpg)
ਗੁਰਦਾਸਪੁਰ, 28 ਅਪ੍ਰੈਲ 2022
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫਾਕ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਫਸਲ ਦੀ ਬੀਜਣ ਤੋਂ ਪਹਿਲਾਂ ਖੇਤਾਂ ਵਿਚਲੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ।
ਹੋਰ ਪੜ੍ਹੋ :-ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਸਰਕਾਰ ਦੀ ਬੱਸ ਸੇਵਾ ਛੇਤੀ ਹੋਵੇਗੀ ਸ਼ੁਰੂ: ਲਾਲਜੀਤ ਸਿੰਘ ਭੁੱਲਰ
ਡਿਪਟੀ ਕਮਿਸਨਰ ਨੇ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰਦਿਆਂ ਦੱਸਿਆ ਕਿ ਇਸ ਨਾਲ ਫਸਲ ਦਾ ਕੱਦ ਜ਼ਿਆਦਾ ਵੱਧਦਾ ਨਹੀਂ ਹੈ, ਜਿਸ ਨਾਲ ਮੀਂਹ ਹਨੇਰੀ ਵਿਚ ਫਸਲ ਦਾ ਡਿੱਗਣ ਦਾ ਡਰ ਨਹੀਂ ਰਹਿੰਦਾ ਤੇ ਨਾ ਹੀ ਬਹੁਤੀ ਪਰਾਲੀ ਦੀ ਖੱਪਾਈ ਰਹਿੰਦੀ ਹੈ। ਉਨਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਲੇਬਰ, ਡੀਜ਼ਲ ਤੇ ਯੂਰੀਏ ਦੀ ਬਚਤ ਕੀਤੀ ਜਾ ਸਕਦੀ ਹੈ। ਉਨਾਂ ਅਪੀਲ ਕੀਤੀ ਕਿ ਉਹ ਝੋਨੇ ਦੀ ਸਿੱਧੀ ਬਿਜਾਈ ਜਰੂਰ ਕਰਨ ਅਤੇ ਹੋਰ ਫਸਲਾਂ ਦੇ ਸਹਾਇਕ ਧੰਦੇ ਵੀ ਅਪਣਾਉਣ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ, ਜ਼ਮੀਨ ਦੀ ਉਪਜਾਊਂ ਸ਼ਕਤੀ ਬਰਕਰਾਰ ਰੱਖਣ ਅਤੇ ਮਿੱਤਰ ਕੀੜਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਨਾੜ ਨੂੰ ਅੱਗ ਨਾ ਲਾਉਣ। ਉਨਾਂ ਕਿਹਾ ਕਿ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੀ ਬਜਾਇ ਪਸ਼ੂਆਂ ਦੇ ਚਾਰੇ ਲਈ ਦੀ ਤੂੜੀ ਬਣਾਈ ਜਾ ਸਕਦੀ ਹੈ ਜਾਂ ਇਸ ਨੂੰ ਵੇਚ ਕੇ ਆਪਣੀ ਆਮਦਨ ਵੀ ਵਧਾਈ ਜਾ ਸਕਦੀ । ਉਨਾਂ ਅੱਗੇ ਕਿਹਾ ਕਿ ਕਿਸਾਨ ਖੇਤੀ ਦੇ ਨਵੇਂ ਸੰਦਾਂ ਹੈਪੀਸੀਡਰ, ਰੋਟਾਵੇਟਰ ਤੇ ਮਲਚਰ ਆਦਿ ਦੀ ਵਰਤੋਂ ਕਰਨ ਅਤੇ ਫਸਲ ਦੀ ਰਹਿੰਦ-ਖੂੰਹਦ ਨੂੰ ਪੈਲੀ ਵਿਚ ਵਾਹ ਕੇ ਹੀ ਅਗਲੀ ਫਸਲ ਬੀਜਣ। ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰਨ।
ਇਸ ਮੌਕੇ ਸੁਖਜਿੰਦਰ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲੇ ਵਿਚ 471531 ਮੀਟਰਕ ਟਨ (27 ਅਪ੍ਰੈਲ ਤਕ) ਕਣਕ ਦੀ ਆਮਦ ਹੋਈ ਸੀ , ਜਿਸ ਵਿਚੋਂ 466634 ਖਰੀਦ ਕਰ ਲਈ ਗਈ ਹੈ। ਪਨਗਰੇਨ ਵਲੋਂ 118118, ਮਾਰਕਫੈੱਡ ਵਲੋਂ 119440, ਪਨਸਪ ਵਲੋਂ 94402, ਵੇਅਰਹਾਊਸ ਵਲੋਂ 86837, ਐਫ.ਸੀ.ਆਈ ਵਲੋਂ 38283 ਤੇ ਟਰੇਡਰਜ਼ ਵਲੋਂ 9554 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ਵਿਚ ਕਣਕ ਦੀ ਲਿਫਟਿੰਗ ਤੇਜ਼ੀ ਨਾਲ ਜਾਰੀ ਹੈ ਅਤੇ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਨਿਸ਼ਚਿਤ ਸਮੇਂ ਅੰਦਰ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ 93 ਫੀਸਦ ਭਾਵ 799.37 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।