ਫਸਲ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਵਾਹੁਣ ਲਈ ਕਿਰਾਏ ’ਤੇ ਸੁਪਰਸੀਡਰ ਤੇ ਹੈਪੀਸਡਰ ਲੈ ਕੇ ਕਰਦਾ ਹੈ ਵਰਤੋਂ

ਗੁਰਦਾਸਪੁਰ,  27 ਅਕਤੂਬਰ 2021

ਪਿੰਡ ਕਿਸ਼ਨਪੁਰ ਦੇ ਅਗਾਂਹਵਧੂ ਕਿਸਾਨ, ਜਿਸ ਕੋਲ 10 ਏਕੜ ਜ਼ਮੀਨ ਹੈ, ਦਾ ਕਹਿਣਾ ਹੈ ਕਿ ਉਹ ਕੁਝ ਪਰਾਲੀ ਗੁੱਜਰਾਂ ਕੋਲੋਂ ਚੁਕਵਾ ਲੈਂਦਾ ਹੈ ਅਤੇ ਬਾਕੀ ਰਹਿੰਦ-ਖੂੰਹਦ ਸੁਪਰਸੀਡਰ ਅਤੇ ਹੈਪੀਸੀਡਰ ਨਾਲ ਪੈਲੀ ਵਿਚ ਵਹਾ ਕੇ ਅਗਲੀ ਫਸਲ ਬੀਜਦਾ ਹੈ।

और पढ़ें :-ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਵੱਲੋਂ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਤਹਿਸੀਲ ਪੱਧਰ `ਤੇ ਵੀ ਧਰਨਾ ਪ੍ਰਦਰਸ਼ਨ ਜਾਰੀ

ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਸਬਸਿਡੀ ਤੇ ਖੇਤੀ ਦੇ ਸੰਦ ਮੁਹੱਈਆ ਕਰਵਾਉਣ ਤੋਂ ਇਲਾਵਾ ਇਹ ਸੰਦ ਰਜਿਸਟਰਡ ਕਿਸਾਨ ਸੁਸਾਇਟੀ/ਸਹਿਕਾਰੀ ਸਭਾਵਾਂ/ਪੰਚਾਇਤਾਂ ਆਦਿ ਵਲੋਂ ਕਿਰਾਏ ’ਤੇ ਵੀ ਉਪਲੱਬਧ ਹੋਣ ਕਾਰਨ, ਕਿਸਾਨਾਂ ਨੂੰ ਬਹੁਤ ਸਹੂਲਤ ਮਿਲੀ ਹੈ।

ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਹੈ ਅਤੇ ਹੈਪੀਸੀਡਰ ਤੇ ਸੁਪਰਸੀਡਰ ਨਾਲ ਫਸਲ ਦੀ ਰਹਿੰਦ-ਖੂੰਹਦ ਦੀ ਸੰਭਾਲ ਕਰ ਰਿਹਾ ਹੈ। ਕਿਸਾਨ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਵਿਧੀ ਨਾਲ ਉਸ ਦੀ ਜ਼ਮੀਨ ਦੀ ਸਿਹਤ ਵਿਚ ਬਹੁਤ ਸੁਧਾਰ ਆਇਆ ਹੈ ਅਤੇ ਫਸਲ ਦੀ ਝਾੜ ਅਤੇ ਗੁਣਵੱਤਾ ਵਿਚ ਵਾਧਾ ਹੋਇਆ ਹੈ। ਉਸਨੇ ਕਿਸਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨਾ ਨਹੀਂ ਚਾਹੀਦਾ ਹੈ।

ਇਸ ਮੌਕੇ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਵਿਭਾਗ ਵਲੋਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲੇ ਦੇ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਪਿੰਡ ਪੱਧਰ ਤਕ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ ਤੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿਚ ਹੀ ਵਾਹੁਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਰਣਧੀਰ ਠਾਕੁਰ ਖੇਤੀਬਾੜੀ ਅਫਸਰ ਅਤੇ ਪ੍ਰਭਜੋਤ ਸਿੰਘ ਇੰਚਾਰਜ ਆਤਮਾ ਵੀ ਮੋਜੂਦ ਸਨ।