ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਹੁਣ ਘਰ ਘਰ ਬੇਰੁਜ਼ਾਗਰ ਪੈਦਾ ਕਰਨ ਲੱਗੀ : ਹਰਪਾਲ ਸਿੰਘ ਚੀਮਾ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਆਉਟਸੋਰਸਿੰਗ ਵਾਲੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਉਤੇ ਆਮ ਆਦਮੀ ਪਾਰਟੀ ਵੱਲੋਂ ਸਖਤ ਨਿੰਦਾ
ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਐਕਟ 2016 ਨੂੰ ਲਾਗੂ ਕਰਨ ਲਈ ਕਾਂਗਰਸ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਕੈਪਟਨ ਵੱਲੋਂ ਵੰਡੇ ਗਏ ਨੌਕਰੀ ਵਾਲੇ ਕਾਰਡਾਂ ਉੱਤੇ ਦਿੱਤੀ ਜਾਵੇਗੀ ਨੌਕਰੀ
ਚੰਡੀਗੜ੍ਹ, 2 ਅਪ੍ਰੈਲ 2021
ਆਮ ਆਦਮੀ ਪਾਰਟੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਆਉਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਕੱਢਣ ਦੀ ਸਖਤ ਨਿੰਦਿਆਂ ਕਰਦਿਆਂ ਕਿਹਾ ਕਿ ਘਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣ ਨੌਜਵਾਨਾਂ ਦਾ ਰੁਜ਼ਗਾਰ ਖੋਹਣ ਲੱਗੇ ਹੋਏ ਹਨ। ਪਾਰਟੀ ਹੈੱਡਕੁਆਟਰ ਉਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸਨ, ਹੁਣ ਸੱਤਾ ਦੇ ਨਸ਼ੇ ਵਿੱਚ ਸਭ ਕੁਝ ਉਸਦੇ ਉਲਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਸ਼ਾਂਤ ਕਿਸ਼ੋਰ ਨੇ ਮਿਲਕੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਘਰ ਘਰ ਨੌਜਵਾਨਾਂ ਨੂੰ ਰੁਜ਼ਗਾਰ ਦੇਣਗੇ, ਇਹ ਵੀ ਕਿਹਾ ਸੀ ਜੇਕਰ ਨੌਕਰੀ ਨਾ ਮਿਲੀ ਤਾਂ 2500 ਰੁਪਏ ਬੇਰੁਜ਼ਾਗਰੀ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਉਸਦੇ ਉਲਟ ਪੰਜਾਬ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਆਉਟਸੋਰਸਿੰਗ ਨੀਤੀ ਦੇ ਤਹਿਤ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵਿੱਚ ਵੱਖ-ਵੱਖ ਅਸਾਮੀਆਂ ਉਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਘਰ-ਘਰ ਰੁਜ਼ਗਾਰ ਦਾ ਵਾਅਦਾ ਹੁਣ ਘਰ-ਘਰ ਬੇਰੁਜ਼ਾਗਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨੌਕਰੀਓ ਕੱਢੇ ਗਏ ਮੁਲਾਜ਼ਮਾਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਆਮ ਆਦਮੀ ਪਾਰਟੀ ਡੱਟਕੇ ਸਾਥ ਦੇਵੇਗੀ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੱਲੋਂ ਜਾਂਦੇ ਸਮੇਂ ਸਾਲ 2016 ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਬਣਾਇਆ ਐਕਟ ਉਤੇ ਹਾਈਕੋਰਟ ਵੱਲੋਂ ਹੁਣ ਤੱਕ ਸਟੇਅ ਲੱਗੀ ਹੋਈ ਹੈ, ਕੈਪਟਨ ਸਰਕਾਰ ਨੇ ਉਸ ਸਟੇਅ ਨੂੰ ਖਤਮ ਕਰਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੇ ਐਕਟ ਨੂੰ ਲਾਗੂ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਨੌਜਵਾਨ ਨੌਕਰੀਆਂ ਦੀ ਮੰਗ ਨੂੰ ਲੈ ਕੇ ਟਾਵਰਾਂ ਉਤੇ ਚੜ੍ਹਕੇ, ਸੜਕਾਂ ਉਤੇ ਸੰਘਰਸ਼ ਕਰ ਰਹੇ ਹਨ। ਪਰ ਕੈਪਟਨ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਅੱਤਿਆਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਕੈਪਟਨ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦਾ ਬਦਲਾ ਜ਼ਰੂਰ ਲੈਣਗੇ।
ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕਰੀਬ 12 ਲੱਖ ਨੌਜਵਾਨਾਂ ਤੋਂ ਨੌਕਰੀ ਵਾਲੇ ਕਾਰਡ ਭਰਵਾਏ ਸਨ, ਪਰ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਜੋ ਨੌਕਰੀ ਲਈ ਕੈਪਟਨ ਨੇ ਕਾਰਡ ਵੰਡੇ ਸਨ ਉਨ੍ਹਾਂ ਕਾਰਡਾਂ ਉਤੇ ਨੌਕਰੀ ਦਿੱਤੀ ਜਾਵੇਗੀ।

Spread the love