ਪਹਿਲੇ ਪੜਾਅ ਵਿਚ ਸਾਰੀਆਂ ਪੰਚਾਇਤਾਂ ਅਤੇ ਸਹਿਕਾਰੀ ਸਭਾਵਾਂ ਨੂੰ ਪਹਿਲ ਦੇ ਆਧਾਰ ’ਤੇ 80 ਫੀਸਦੀ ਸਬਸਿਡੀ ਉੱਤੇ ਮਿਲੇਗੀ ਖੇਤੀ ਮਸ਼ੀਨਰੀ
ਚੰਡੀਗੜ੍ਹ, 1 ਅਗਸਤ 2021
ਪੰਜਾਬ ਨੂੰ ਪਰਾਲੀ ਸਾੜਨ ਤੋਂ ਮੁਕਤ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਦਾ ਖੇਤਾਂ ਵਿਚ ਨਿਪਟਾਰਾ ਕਰਨ ਲਈ ਮੌਜੂਦਾ ਸਾਲ ਦੌਰਾਨ 250 ਕਰੋੜ ਰੁਪਏ ਦੀ ਸਬਸਿਡੀ ਉਤੇ ਕਿਸਾਨਾਂ ਨੂੰ 25000 ਖੇਤੀ ਮਸ਼ੀਨਾਂ ਅਤੇ ਖੇਤੀ ਸੰਦ ਮੁਹੱਈਆ ਕਰਵਾਉਣ ਲਈ ਵਿਆਪਕ ਮੁਹਿੰਮ ਵਿੱਢ ਦਿੱਤੀ ਹੈ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸੁਖਦੇਵ ਸਿੰਘ ਸਿੱਧੂ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਅਤੇ ਪੰਚਾਇਤਾਂ ਨੂੰ ਬੇਲਰ ਅਤੇ ਹੋਰ ਖੇਤੀ ਮਸ਼ੀਨਾਂ ਪਹਿਲ ਦੇ ਆਧਾਰ ਉਤੇ ਦੇਣ ਲਈ ਇਨ੍ਹਾਂ ਦੀਆਂ 430 ਅਰਜ਼ੀਆਂ ਪ੍ਰਵਾਨ ਕੀਤੀਆਂ ਜਾ ਚੁੱਕੀਆਂ ਹਨ।ਪਹਿਲੇ ਪੜਾਅ ਵਿਚ 246 ਪੰਚਾਇਤਾਂ ਅਤੇ 185 ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਨੂੰ ਖੇਤੀ ਮਸ਼ੀਨਾਂ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਤਾਂ ਕਿ ਖੇਤੀ ਮਸ਼ਨੀਰੀ ਬੈਂਕਾਂ ਸਥਾਪਤ ਕੀਤੀਆਂ ਜਾਣ ਜਿਨ੍ਹਾਂ ਨੂੰ ਕਸਟਮ ਹਾਇਰ ਸੈਂਟਰਾਂ ਵਜੋਂ ਵਰਤਿਆ ਜਾ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਖੇਤੀ ਮਸ਼ੀਨਾਂ ਉਤੇ 50 ਫੀਸਦੀ ਤੋਂ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਜਿਸ ਵਿੱਚੋਂ ਸਹਿਕਾਰੀ ਸਭਾਵਾਂ, ਪੰਚਾਇਤਾਂ ਅਤੇ ਕਿਸਾਨ ਗਰੁੱਪਾਂ ਨੂੰ 80 ਫੀਸਦੀ ਜਦਕਿ ਕਿਸਾਨਾਂ ਨੂੰ ਵਿਅਕਤੀਗਤ ਤੌਰ ਉਤੇ 50 ਫੀਸਦੀ ਸਬਸਿਡੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤਾਂ, ਸਹਿਕਾਰੀ ਸਭਾਵਾਂ ਅਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫ.ਪੀ.ਓਜ਼) ਨੂੰ ਸਬਸਿਡੀ ਉਤੇ ਮਸ਼ੀਨਰੀ ਲੈਣ ਦਾ ਇਕ ਹੋਰ ਮੌਕਾ ਦੇਣ ਲਈ ਸਿਰਫ ਉਨ੍ਹਾਂ ਵਾਸਤੇ 2-4 ਅਗਸਤ, 2021 ਤੋਂ ਮਸ਼ੀਨਰੀ ਪੋਰਟਲ ਮੁੜ ਖੋਲ੍ਹਿਆ ਜਾ ਰਿਹਾ ਹੈ।
ਸੂਬਾ ਸਰਕਾਰ ਕਿਸਾਨਾਂ ਨੂੰ ਆਲ੍ਹਾ ਦਰਜੇ ਦੀਆਂ ਮਸ਼ੀਨਰੀ ਪ੍ਰਦਾਨ ਕਰ ਰਹੀ ਹੈ ਜਿਨ੍ਹਾਂ ਵਿਚ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਪੈਡੀ ਸਟਰਾਅ, ਸ਼ਰੈਡਰ, ਮਲਚਰ, ਹਾਈਡਰੌਲਿਕ ਰਿਵਰਸੀਬਰ ਮੋਲਰ ਬੋਰਡ ਪਲੌਅ ਅਤੇ ਜ਼ੀਰੋ ਟਿੱਲ ਡਰਿੱਲ ਸ਼ਾਮਲ ਹਨ।
ਡਾਇਰੈਕਟਰ ਨੇ ਦੱਸਿਆ ਕਿ ਕਿਸਾਨਾਂ ਨੂੰ ਲੋੜੀਂਦੀ ਮਸ਼ੀਨਰੀ ਸਪਲਾਈ ਕਰਨ ਲਈ ਖੇਤੀਬਾੜੀ ਵਿਭਾਗ ਝੋਨੇ ਦੇ ਵਢਾਈ ਸੀਜ਼ਨ ਤੋਂ ਪਹਿਲਾਂ ਇਨ੍ਹਾਂ ਖੇਤੀ ਸੰਦਾਂ ਦੀ ਵੰਡ ਦਾ ਕਾਰਜ ਮੁਕੰਮਲ ਕਰ ਲਵੇਗਾ।
ਸ੍ਰੀ ਸਿੱਧੂ ਨੇ ਅੱਗੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਸੂਚਨਾ, ਜਾਗਰੂਕਤਾ ਅਤੇ ਸੰਚਾਰ ਦੀਆਂ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਤਾਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਵਿਭਾਗ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਵਿਰੁੱਧ ਸੁਚੇਤ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਉਤਸ਼ਾਹਤ ਕਰਨ ਲਈ 1015 ਸਿਖਲਾਈ ਅਤੇ ਜਾਗਰੂਕਤਾ ਕੈਂਪ ਲਾਏ ਹਨ। ਇਸ ਜਾਗਰੂਕਤਾ ਮੁਹਿੰਮ ਦਾ ਮੁਢਲਾ ਉਦੇਸ਼ ਕਿਸਾਨਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਪਰਾਲੀ ਨੂੰ ਖੇਤਾਂ ਵਿਚ ਹੀ ਨਿਪਟਾਉਣ ਲਈ ਖੇਤੀ ਸੰਦਾਂ ਦਾ ਖੇਤਾਂ ਵਿਚ ਜਾ ਕੇ ਪ੍ਰਦਰਸ਼ਨ ਕਰਨਾ ਹੈ।
ਖੇਤੀਬਾੜੀ ਡਾਇਰੈਕਟਰ ਨੇ ਕਿਸਾਨਾਂ ਨੂੰ ਸਬਸਿਡੀ ਉਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਨੂੰ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣ ਦੀ ਅਪੀਲ ਕੀਤੀ ਤਾਂ ਕਿ ਪਰਾਲੀ ਸਾੜਨ ਦੇ ਅਮਲ ਦਾ ਖਾਤਮਾ ਕਰਕੇ ਲੋਕਾਂ ਦੀ ਸਿਹਤਮੰਦੀ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਸੂਬੇ ਦੇ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਝੋਨੇ ਹੇਠ 27 ਲੱਖ ਹੈਕਟੇਅਰ ਰਕਬਾ ਹੈ।
ਬੀਤੇ ਸਾਲਾਂ ਵਿਚ ਕਿਸਾਨਾਂ ਨੂੰ ਸਬਸਿਡੀ ਉਤੇ ਮਿਲੀਆਂ 76622 ਖੇਤੀ ਮਸ਼ੀਨਾਂ
ਸਾਲ 2018-19, 2019-20 ਅਤੇ 2020-21 ਦੌਰਾਨ ਪਰਾਲੀ ਦਾ ਖੇਤਾਂ ਵਿਚ ਤੇ ਬਾਹਰ ਨਿਪਟਾਰਾ ਕਰਨ ਲਈ ਕਿਸਾਨਾਂ ਨੂੰ ਬੇਲਰ ਸਮੇਤ 76622 ਖੇਤੀ ਮਸ਼ੀਨਾਂ 50 ਤੋਂ 80 ਫੀਸਦੀ ਸਬਸਿਡੀ ਉਤੇ ਮੁਹੱਈਆ ਕਰਵਾਈਆਂ ਗਈਆਂ। ਇਨ੍ਹਾਂ 76622 ਮਸ਼ੀਨਾਂ ਵਿੱਚੋਂ 49196 ਮਸ਼ੀਨਾਂ ਪੰਚਾਇਤਾਂ/ਸਹਿਕਾਰੀ ਸਭਾਵਾਂ ਦੇ 19834 ਕਸਟਮ ਹਾਇਰਿੰਗ ਸੈਂਟਰਾਂ ਅਤੇ ਕਿਸਾਨਾਂ ਵੱਲੋਂ ਸਥਾਪਤ ਗਰੁੱਪਾਂ/ਸੁਸਾਇਟੀਆਂ ਨੂੰ ਜਦਕਿ ਬਾਕੀ 27426 ਖੇਤੀ ਮਸ਼ੀਨਾਂ ਕਿਸਾਨਾਂ ਨੂੰ ਵਿਅਕਤੀਗਤ ਤੌਰ ਉਤੇ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।