ਪੰਜਾਬ ਸਰਕਾਰ ਵੱਲੋਂ ਆਖ਼ਰੀ 2 ਦਿਨਾਂ ਦੌਰਾਨ 3556 ਕਰੋੜ ਦੇ ਬਿੱਲ ਪਾਸ ਕਰਕੇ 15 ਸਾਲਾਂ ਪਿੱਛੋਂ ਸਿਫ਼ਰ ਬਕਾਏ ਦਾ ਨਵਾਂ ਰਿਕਾਰਡ

punjab govt logo

ਮੁੱਖ ਮੰਤਰੀ ਨੇ ਸਮੂਹ ਵਿਭਾਗਾਂ ਨੂੰ ਸਮੇਂ ਸਿਰ ਅਦਾਇਗੀ ਯਕੀਨੀ ਬਣਾਉਣ ਲਈ ਬਕਾਇਆ ਬਿੱਲਾਂ ਦੀ ਨਿਯਮਤ ਸਮੀਖਿਆ ਕਰਨ ਦੇ ਦਿੱਤੇ ਹੋਏ ਹਨ ਨਿਰਦੇਸ਼

ਚੰਡੀਗੜ੍ਹ, 1 ਅਪ੍ਰੈਲ:

ਪੰਜਾਬ ਸਰਕਾਰ ਨੇ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਵਰ੍ਹੇ 2020-21 ਦੌਰਾਨ ਖ਼ਜ਼ਾਨੇ ‘ਚ ਸਿਫ਼ਰ ਬਕਾਏ ਨਾਲ ਕਰੀਬ 15 ਸਾਲਾਂ ਪਿੱਛੋਂ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿੱਤ ਵਿਭਾਗ ਦੀਆਂ ਖ਼ਜਾਨਾ ਅਤੇ ਲੇਖਾ ਸ਼ਾਖਾਵਾਂ ਨੇ 31 ਮਾਰਚ ਨੂੰ ਖ਼ਤਮ ਹੋਏ ਪਿਛਲੇ ਵਿੱਤੀ ਵਰ੍ਹੇ ਦੇ ਆਖ਼ਰੀ ਦੋ ਦਿਨਾਂ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਅਦਾਇਗੀਆਂ ਸਬੰਧੀ 3556 ਕਰੋੜ ਰੁਪਏ ਦੇ ਬਿੱਲ ਪਾਸ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ 30 ਮਾਰਚ ਨੂੰ 45,176 ਪ੍ਰਾਪਤ-ਕਰਤਾਵਾਂ ਦੇ 1417.6 ਕਰੋੜ ਰੁਪਏ ਦੇ 10,295 ਬਿੱਲ ਪਾਸ ਕੀਤੇ ਜਦਕਿ ਵਿੱਤੀ ਵਰ੍ਹੇ ਦੇ ਆਖ਼ਰੀ ਦਿਨ 31 ਮਾਰਚ ਨੂੰ 3,01,356 ਪ੍ਰਾਪਤ-ਕਰਤਾਵਾਂ ਦੇ 12,484 ਬਿੱਲ ਪਾਸ ਕਰਕੇ 2138.5 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੂਹ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਬਕਾਇਆ ਬਿੱਲਾਂ ਦੀ ਨਿਯਮਤ ਸਮੀਖਿਆ ਕਰਕੇ ਵਿੱਤੀ ਸਾਲ ਦੇ ਖ਼ਤਮ ਤੋਂ ਪਹਿਲਾਂ-ਪਹਿਲਾਂ ਸਿਫ਼ਰ ਬਕਾਇਆ ਯਕੀਨੀ ਬਣਾਇਆ ਜਾਵੇ।

Spread the love